ਵਿਗਿਆਨ ਅਤੇ ਤਕਨਾਲੋਜੀ ਦਾ ਬ੍ਰਹਿਮੰਡੀ ਪਸਾਰਾਂ ਵਾਲਾ ਦਾਰਸ਼ਨਿਕ ਅਨੁਭਵ ਸਿਰਜਣ ਦੀ ਲੋੜ – ਪ੍ਰੋ. ਜਗਦੀਸ਼ ਸਿੰਘ
ਅੰਮ੍ਰਿਤਸਰ ੨੬ ਜੁਲਾਈ (ਪ੍ਰੀਤਮ ਸਿੰਘ) -– ਅਜੋਕੇ ਸਮੇਂ ਵਿਚ ਨੈਨੋ ਤਕਨਾਲੋਜੀ ਅਤੇ ਹੋਰ ਵਿਗਿਆਨਕ ਖੋਜਾਂ ਦੇ ਆਉਣ ਨਾਲ ਜਿਥੇ ਮਨੁੱਖੀ ਜ਼ਿੰਦਗੀ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਨਿਜ਼ਾਤ ਪਾ ਚੁੱਕੀ ਹੈ ਅਤੇ ਭਵਿੱਖਤ ਸਮੇਂ ਵਿਚ ਵੀ ਇਨ੍ਹਾਂ ਖੋਜਾਂ ਵਿਚ ਮਾਨਵੀ ਜੀਵਨ ਨੂੰ ਹੋਰ ਸੁਖਾਲਾ ਬਣਾਉਣ ਲਈ ਸੰਭਾਵਨਾਵਾਂ ਮੌਜੂਦ ਹਨ। ਉਥੇ ਆਧੁਨਿਕ ਮਨੁੱਖ ਇਨ੍ਹਾਂ ਸਾਧਨਾਂ ਨੂੰ ਮਨੁੱਖਤਾ ਦੀ ਭਲਾਈ ਹਿਤ ਪ੍ਰਯੋਗ ਕਰਦਾ-ਕਰਦਾ ਆਪਣੇ ਮਾਨਸਿਕ ਝੁਕਾਵਾਂ ਕਾਰਨ ਖੁਦ ਹੀ ਇਨ੍ਹਾਂ ਸਾਧਨਾਂ ਦੀ ਗੁਲਾਮੀ ਵਿਚ ਗ੍ਰਸ ਹੋ ਕੇ ਇਕੱਲਤਾ ਦਾ ਸ਼ਿਕਾਰ ਹੋ ਰਿਹਾ ਹੈ।
ਇਹ ਵਿਚਾਰ ਕੈਨੇਡਾ ਦੀ ਵਿਲਫਰਡ ਲੌਰੀਅਲ ਯੂਨੀਵਰਸਿਟੀ, ਵਾਟਰਲੂ ਦੇ ਕੈਮਿਸਟਰੀ ਵਿਭਾਗ ਦੇ ਡਾ. ਮਨਦੀਪ ਸਿੰਘ ਬਖਸ਼ੀ ਨੇ ਨਾਦ ਪ੍ਰਗਾਸੁ ਵੱਲੋਂ “ਨੈਨੋਸਾਇੰਸ : ਫਿਲਾਸਫੀ, ਨੈਤਿਕਤਾ ਤੇ ਸਮਾਜ” ਵਿਸ਼ੇ ‘ਤੇ ਕਰਵਾਏ ਇਕ ਵਿਸ਼ੇਸ਼ ਲੈਕਚਰ ਮੌਕੇ ਪੇਸ਼ ਕੀਤੇ। ਇਹ ਲੈਕਚਰ ਭਾਈ ਵੀਰ ਸਿੰਘ ਗੁਰਮਤਿ ਵਿਦਿਆਲਾ ਦੇ ਭਾਈ ਨੰਦ ਲਾਲ ਗੋਯਾ ਸੈਮੀਨਾਰ ਹਾਲ ਵਿਚ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਅਤੇ ਕੈਮਿਸਟਰੀ ਵਿਭਾਗ ਦੇ ਪ੍ਰੋਫੈਸਰ, ਡਾ. ਟੀ.ਐਸ. ਬੇਨੀਪਾਲ ਨੇ ਕੀਤੀ ਜਦੋਂਕਿ ਬਾਇਓਕੈਮਿਸਟਰੀ ਦੇ ਪ੍ਰੋਫੈਸਰ ਅਤੇ ਫੈਕਲਟੀ ਆਫ ਲਾਈਫ ਸਾਇੰਸਜ਼ ਦੇ ਸਾਬਕਾ ਡੀਨ, ਡਾ. ਸੁਖਦੇਵ ਸਿੰਘ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਨੈਨੋਤਕਨਾਲੋਜੀ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਡਾ. ਬਖਸ਼ੀ ਨੇ ਕਿਹਾ ਕਿ ਨੈਨੋਤਕਨਾਲੋਜੀ ਨੇ ਸਿਹਤ ਅਤੇ ਇੰਜੀਨਿਅਰਿੰਗ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਹੈ ਅਤੇ ਭਵਿੱਖ ਵਿਚ ਇਸ ਦੀ ਮਦਦ ਨਾਲ ਗੰਭੀਰ ਬੀਮਾਰੀਆਂ ਦਾ ਇਲਾਜ ਸਫਲਤਾ ਪੂਰਵਕ ਸੰਭਵ ਹੋ ਸਕਦਾ ਹੈ।
ਉਨ੍ਹਾਂ ਤਕਨਾਲੋਜੀ ਦੀ ਦੁਰਵਰਤੋਂ ਕਾਰਨ ਮਨੁੱਖੀ ਸਿਹਤ, ਸਮਾਜ, ਮਨੋਵਿਗਿਆਨ ਅਤੇ ਕਦਰਾਂ-ਕੀਮਤਾਂ ‘ਤੇ ਪੈ ਰਹੇ ਬੁਰੇ ਪ੍ਰਭਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਵਜੋਂ ਮਨੁੱਖ ਇਕੱਲਤਾ, ਡਿਪਰੈਸ਼ਨ ਅਤੇ ਇਕਸੁਰਤਾ ਦੀ ਘਾਟ ਦਾ ਸ਼ਿਕਾਰ ਹੋ ਰਿਹਾ ਹੈ। ਇਨ੍ਹਾਂ ਦਾ ਕਾਰਨ ਮਨੁੱਖ ਦਾ ਕੁਦਰਤ ਨਾਲੋਂ ਟੁੱਟ ਕੇ ਉਸਦੇ ਸਰੀਰ, ਮਨ ਅਤੇ ਆਤਮਾ ਦਾ ਅਸੰਤੁਲਿਤ ਹੋਣਾ ਹੈ ਅਤੇ ਇਨ੍ਹਾਂ ਤੋਂ ਨਿਜ਼ਾਤ ਪਾਉਣ ਲਈ ਮਨੁੱਖ ਨੂੰ ਆਪਣੀਆਂ ਗਿਆਨ ਸਰੰਚਨਾਵਾਂ ਨੂੰ ਅਧਿਆਤਮਿਕਤਾ ਦੇ ਆਸਰੇ ਕਾਇਮ ਕਰਨ ਦੀ ਲੋੜ ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਡਾ. ਜਸਵਿੰਦਰ ਸਿੰਘ ਨੇ ਤਕਨਾਲੋਜੀ ਦੇ ਨੈਤਿਕ ਪਰਿਪੇਖ ਵਿਚ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੱਛਮ ਜ਼ਿੰਦਗੀ ਦੇ ਹਰ ਇਕ ਵਰਤਾਰੇ ਨੂੰ ਆਪਣੇ ਪੂਰਵ ਨਿਰਧਾਰਤ ਸੁਭਾਅ ਜਾਂ ਨੈਤਿਕਤਾ ਰਾਹੀਂ ਵਿਅਕਤ ਕਰਦਾ ਹੈ, ਜਿਸ ਵਿਚ ਉਹ ਵਾਈਟ ਰੇਸ ਦੀ ਸ੍ਰੇਸ਼ਠਤਾ ਨੂੰ ਸਥਾਪਿਤ ਕਰਦਾ ਹੈ। ਤਕਨਾਲੋਜੀ ਰਾਹੀਂ ਵੀ ਉਹ ਪੱਛਮੀ ਨੈਤਿਕਤਾ ਨੂੰ ਹੀ ਦੂਜੇ ਰਾਸ਼ਟਰਾਂ ਉਪਰ ਥੋਪਦਾ ਆ ਰਿਹਾ ਹੈ, ਜਿਸ ਨੂੰ ਪੂਰਬੀ ਪਹੁੰਚਵਿਧੀ ਦੇ ਪੱਖ ਤੋਂ ਪੜਚੋਲਣ ਦੀ ਲੋੜ ਹੈ।
ਨਾਦ ਪ੍ਰਗਾਸੁ ਤੋਂ ਪ੍ਰੋ. ਜਗਦੀਸ਼ ਸਿੰਘ ਨੇ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਦੇ ਕਾਰਜਕ੍ਰਮ ਦਾ ਬ੍ਰਹਿਮੰਡੀ ਪਸਾਰਾਂ ਵਾਲ ਦਾਰਸ਼ਨਿਕ ਅਨੁਭਵ ਸਿਰਜਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਕਿਸੇ ਵੀ ਸ਼ੁੱਧ ਵਿਚਾਰ ਦੀ ਅਲੋਚਨਾ ਅਤੇ ਵਿਹਾਰ ਨੂੰ ਪ੍ਰਸਤੁਤ ਕਰਨ ਲੱਗਿਆਂ ਬਹੁਤ ਵਾਰ ਉਸ ਦੀ ਮੂਲ ਭਾਵਨਾ ਤੋਂ ਉਲਟ ਪ੍ਰਸਥਿਤੀਆਂ ਸਿਰਜ ਲਈਆਂ ਜਾਂਦੀਆਂ ਹਨ। ਵਿਗਿਆਨ ਅਤੇ ਤਕਨਾਲੋਜੀ ਨੂੰ ਅਭਿਆਸ ਵਿਚ ਲਿਆਉਂਦੇ ਸਮੇਂ ਵਿਗਿਆਨੀਆਂ ਨੂੰ ਜੋ ਮੁਸ਼ਕਿਲਾਂ ਦਰਪੇਸ਼ ਹੁੰਦੀਆਂ ਹਨ, ਉਨ੍ਹਾਂ ਤੋਂ ਬਚਣ ਲਈ ਕਿਸੇ ਰਹੱਸਾਤਮਕ ਅਨੁਭਵ ਦਾ ਆਸਰਾ ਲੈਣਾ ਚਾਹੀਦਾ ਹੈ।
ਮੰਚ ਸੰਚਾਲਨ ਦਮਨਜੀਤ ਸਿੰਘ ਨੇ ਕੀਤਾ ਅਤੇ ਪ੍ਰੋ. ਸੁਖਵਿੰਦਰ ਸਿੰਘ ਨੇ ਜੀ ਆਇਆਂ ਆਖਿਆ। ਇਸ ਮੌਕੇ ਡਾ. ਗੁਰਬਚਨ ਸਿੰਘ ਬਚਨ, ਪ੍ਰਿੰਸੀਪਲ ਸੂਬਾ ਸਿੰਘ, ਪ੍ਰੋ. ਗੁਰਬਖਸ਼ ਸਿੰਘ, ਅਮਰੀਕਾ ਤੋਂ ਹਰਮਨਦੀਪ ਸਿੰਘ ਤੇ ਸਾਥੀ, ਪ੍ਰੋ. ਪ੍ਰਦੀਪ ਸਿੰਘ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਡਾ. ਹਰਪ੍ਰੀਤ ਸਿੰਘ ਤੋਂ ਇਲਾਵਾ ਗੁਰੁ ਨਾਨਕ ਦੇਵ ਯੂਨਵਿਰਸਿਟੀ, ਖਾਲਸਾ ਕਾਲਜ ਤੇ ਹੋਰ ਸਿਖਿਆ ਸੰਸਥਾਵਾਂ ਤੋਂ ਖੋਜਾਰਥੀ ਤੇ ਵਿਦਿਆਰਥੀ ਹਾਜ਼ਰ ਸਨ।