Saturday, September 7, 2024

ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੀ ਕੋਠੀ ਦਾ ਘਿਰਾਓ ਕਰਨ ਜਾਂਦੇ 200 ਈ ਟੀ ਟੀ ਅਧਿਆਪਕ ਗ੍ਰਿਫ਼ਤਾਰ, ਬਾਅਦ ਦੁਪਿਹਰ ਕੀਤੇ ਰਿਹਾ

PPN811411

ਫਾਜਿਲਕਾ , 31 ਜੁਲਾਈ  (ਵਿਨੀਤ ਅਰੋੜਾ) – ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ‘ਤੇ ਅੱਜ ਪੂਰੇ ਪੰਜਾਬ ਦੀ ਤਰ੍ਹਾਂ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਵੀ ਕੈਬਨਿਟ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਦੇ ਸ਼ਾਂਤਮਈ ਤਰੀਕੇ ਨਾਲ 9 ਤੋਂ 5 ਵਜੇ ਤਕ ਭੁੱਖ ਹੜਤਾਲ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ, ਜਿਸ ਤਹਿਤ ਜਿਲ੍ਹਾ ਪ੍ਰਸ਼ਾਸਨ ਨੇ ਰਾਤ ਤੋਂ ਹੀ ਅਧਿਆਪਕਾਂ ਦੀ ਧਰਪਕੜ ਸ਼ੁਰੂ ਕਰ ਦਿੱਤੀ। ਜਦੋਂ ਅੱਜ ਸਵੇਰੇ ਭਾਰੀ ਗਿਣਤੀ ‘ਚ ਈ.ਟੀ.ਟੀ. ਅਧਿਆਪਕ ਸਥਾਨਕ ਵਿਧਾਇਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਚੌ. ਸੁਰਜੀਤ ਕੁਮਾਰ ਜਿਆਣੀ ਦੇ ਪਿੰਡ ਕਟੈਹੜਾ ਵਿਖੇ ਆਪਣਾ ਰੋਸ ਧਰਨਾ ਤੇ ਭੁੱਖ ਹੜਤਾਲ ਕਰਨ ਲਈ ਜਾ ਰਹੇ ਸਨ ਤਾਂ ਪਿੰਡ ਘੱਲੂ ਨੇੜੇ ਅਧਿਆਪਕਾਂ ਨੂੰ ਰੋਕ ਲਿਆ ਗਿਆ। ਇਸ ਤੋਂ ਬਾਅਦ ਜਦੋਂ ਅਧਿਆਪਕਾਂ ਇਸ ਦਾ ਵਿਰੋਧ ਕੀਤਾ ਤੇ ਨੈਸ਼ਨਲ ਹਾਈਵੇ ਜਾਮ ਕੀਤਾ ਤਾਂ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਪਿੰਡ ਕਟੈਹੜਾ ਵਿਖੇ ਸ਼ਾਂਤਮਈ ਤਰੀਕੇ ਨਾਲ ਆਪਣਾ ਪ੍ਰਦਰਸ਼ਨ ਕਰਨ ਲਈ ਜਾਣ ਦਿੱਤਾ। ਪਰ ਜਦੋਂ ਅਧਿਆਪਕ ਪਿੰਡ ਕਟੈਹੜਾ ਪੁੱਜੇ ਤਾਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਤੇ ਬੈਰੀਕੇਟ ਲੱਗਾ ਕੇ ਅਧਿਆਪਕਾਂ ਨੂੰ ਪਿੰਡ ਤੋਂ ਬਾਹਰ ਰੋਕ ਲਿਆ ਗਿਆ। ਅਧਿਆਪਕਾਂ ਨੇ ਪੁਲਿਸ ਖ਼ਿਲਾਫ਼ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਗਾਉਂਦਿਆਂ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਜਿਸ ਤੋਂ ਬਾਅਦ ਡੀ.ਐਸ.ਪੀ ਫ਼ਾਜ਼ਿਲਕਾ ਨੇ 200 ਦੇ ਕਰੀਬ ਅਧਿਆਪਕਾਂ ਨੂੰ ਧਾਰਾ 144 ਦੀ ਉਲੰਘਣਾ ਦੇ ਅਧੀਨ ਗ੍ਰਿਫ਼ਤਾਰ ਕਰਨ ਦਾ ਆਦੇਸ਼ ਦਿੱਤਾ। ਪੁਲਿਸ ਨੇ ਉਕਤ ਅਧਿਆਪਕਾਂ ‘ਚੋਂ ਕਰੀਬ 100 ਅਧਿਆਪਕਾਂ ਨੂੰ ਥਾਣਾ ਖੁਈਆਂ ਸਰਵਰ ਤੇ ਬਾਕੀ ਦੇ 100 ਅਧਿਆਪਕਾਂ ਨੂੰ ਥਾਣਾ ਬਹਾਵ ਵਾਲਾ ਵਿਖੇ ਬੰਦ ਕਰ ਦਿੱਤਾ। ਗ੍ਰਿਫ਼ਤਾਰ ਕੀਤੇ ਗਏ ਅਧਿਆਪਕਾਂ ਨੇ ਕਿਹਾ ਕਿ ਅਸੀਂ ਥਾਣਿਆਂ ‘ਚ ਬੰਦ ਹੋ ਕੇ ਵੀ ਆਪਣੀ ਭੁੱਖ ਹੜਤਾਲ ਨੂੰ ਉਦੋਂ ਤਕ ਜਾਰੀ ਰੱਖਾਂਗੇ ਜਦੋਂ ਤਕ ਉਨ੍ਹਾਂ ਦੀ ਇਕਲੌਤੀ ਮੰਗ ਜ਼ਿਲ੍ਹਾ ਪ੍ਰੀਸ਼ਦ ਅਧੀਨ ਅਧਿਆਪਕਾਂ ਨੂੰ ਵਿਭਾਗ ‘ਚ ਵਾਪਸ ਲੈਣ ਦੀ ਮੰਗ ਮੰਨ ਨਹੀਂ ਲਈ ਜਾਂਦੀ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply