ਨਵੀਂ ਦਿੱਲੀ, 31 ਜੁਲਾਈ (ਅੰਮ੍ਰਿਤ ਮੰਨਣ) ਬੀਤੇ ਦਿਨੀ ਸਹਾਰਨਪੁਰ ਦੇ ਦੰਗਿਆਂ ਦੌਰਾਨ ਹੋਏ ਮਾਲੀ ਨੁਕਸਾਨ ਦੀ ਸ਼ਿਕਾਇਤ ਨੂੰ ਲੈ ਕੇ ਇਕ ਵਫ਼ਦ ਅੱਜ ਯੂ.ਪੀ. ਦੇ ਸਾਬਕਾ ਮੁੱਖਮੰਤਰੀ ਮੁਲਾਇਮ ਸਿੰਘ ਯਾਦਵ ਨੂੰ ਮਿਲਣ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਮਿਲਿਆ। ਵਫ਼ਦ ਦੀ ਅਗਵਾਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਹਾਰਨਪੁਰ ਦੇ ਪ੍ਰਧਾਨ ਬਲਬੀਰ ਸਿੰਘ ਧੀਰ ਨੇ ਕਰਦੇ ਹੋਏ ਦਿੱਲੀ ਕਮੇਟੀ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ। ਇਸ ਬੈਠਕ ਦੌਰਾਨ ਜੀ.ਕੇ. ਨੇ ਸਹਾਰਨਪੁਰ ਦੇ ਸਮੁਹ ਵਸਨਿਕਾ ਨੂੰ ਆਪਸੀ ਭਾਈਚਾਰਾ ਅਤੇ ਏਕਤਾ ਬਨਾਏ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਸਮਾਜ ਵੱਖ-ਵੱਖ ਧਰਮ ਅਤੇ ਜਾਤਾਂ ਦਾ ਹੋਣ ਦੇ ਬਾਵਜੂਦ ਆਪਣੀ ਵਿਲਖੱਣਤਾ ਕਰਕੇ ਪਛਾਣਿਆ ਜਾਂਦਾ ਹੈ, ਇਸ ਲਈ ਪਿਆਰ ਤੇ ਸਾਂਝ ਨੂੰ ਬਰਕਰਾਰ ਰੱਖਦੇ ਹੋਏ ਅਸਮਾਜਿਕ ਤੱਤਾਂ ਤੋਂ ਸਾਵਧਾਨ ਰਹਿਆ ਜਾਵੇ। ਇਸ ਵਫ਼ਦ ‘ਚ ਗੁਰਪ੍ਰੀਤ ਸਿੰਘ ਬੱਘਾ, ਜਸਵੰਤ ਸਿੰਘ ਬਤਰਾ, ਸੰਦੀਪ ਠੁਕਰਾਲ ਤੇ ਈਸ਼ਵਰ ਜੀ ਮੌਜੂਦ ਸਨ। ਜੀ.ਕੇ. ਵੱਲੋਂ ਇਸ ਮੌਕੇ ਸੰਦੀਪ ਠੁਕਰਾਲ ਅਤੇ ਈਸ਼ਵਰ ਜੀ ਨੂੰ ਸਿਰੋਪਾਓ ਦੇ ਕੇ ਔਖੇ ਵੇਲ੍ਹੇ ਸਿੱਖ ਕੌਮ ਦਾ ਸਾਥ ਦੇਣ ਲਈ ਸਨਮਾਨਿਤ ਵੀ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਲਬੀਰ ਸਿੰਘ ਧੀਰ ਨੇ ਦਾਅਵਾ ਕੀਤਾ ਕਿ ਜਿਸ ਪਲਾਟ ਨੂੰ ਮੁਸਲਿਮ ਭਾਈਚਾਰੇ ਵੱਲੋਂ ਵਿਵਾਦਿਤ ਦੱਸਿਆ ਜਾ ਰਿਹਾ ਹੈ ਦਰਅਸਲ ਉਹ ਗੁਰਦੁਆਰਾ ਸਾਹਿਬ ਦੀ ਨਿੱਜ ਸੰਪਤੀ ਦਾ ਹਿੱਸਾ ਹੈ ਤੇ ਕੁਝ ਸਿਆਸੀ ਲੋਕਾਂ ਵੱਲੋਂ ਆਪਣੀ ਸੋੜੀ ਸਿਆਸਤ ਵਾਸਤੇ ਇਸ ਪਲਾਟ ਤੇ ਪਹਿਲੇ ਮਸਜ਼ਿਦ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਮੁਲਾਇਮ ਸਿੰਘ ਯਾਦਵ ਨਾਲ ਹੋਈ ਗੱਲਬਾਤ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਫ਼ਦ ਵੱਲੋਂ ਯੂ.ਪੀ. ਸਰਕਾਰ ਨੂੰ ਸਿੱਖ ਭਾਈਚਾਰੇ ਦੇ ਲੋਕਾਂ ਦੀ ਜਾਇਦਾਦਾਂ ਤੇ ਹੋਈ ਲੁੱਟ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਹੀ ਪੁਲਿਸ ਸੁਰੱਖਿਆ ਦੇ ਘੇਰੇ ਵਿਚ ਉਕਤ ਪਲਾਟ ਤੇ ਮੁੜ ਉਸਾਰੀ ਕਰਵਾਉਣ ਦੀ ਵੀ ਬੇਣਤੀ ਕੀਤੀ ਗਈ ਹੈ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਹਰਦੇਵ ਸਿੰਘ ਧਨੋਆ, ਪਰਮਜੀਤ ਸਿੰਘ ਚੰਢੋਕ, ਗੁਰਮੀਤ ਸਿੰਘ ਮੀਤਾ ਤੇ ਅਕਾਲੀ ਆਗੂ ਗੁਰਮੀਤ ਸਿੰਘ ਬੌਬੀ ਅਤੇ ਹਰਵਿੰਦਰ ਸਿੰਘ ਰਾਜਾ ਮੌਜੂਦ ਸਨ।
Check Also
ਡਾ. ਓਬਰਾਏ ਦੇ ਯਤਨਾਂ ਸਦਕਾ 38 ਦਿਨਾਂ ਬਾਅਦ ਭਾਰਤ ਪੁੱਜਾ ਰਮਨ ਕੁਮਾਰ ਦਾ ਮ੍ਰਿਤਕ ਸਰੀਰ
ਅੰਮ੍ਰਿਤਸਰ, 29 ਨਵੰਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …