17 ਕਾਲਜਾਂ ਤੋਂ ਆਈਆਂ ਟੀਮਾਂ ’ਚ ਅੰਤਰ ਕਾਲਜ ਮੁਕਾਬਲੇ ਕਰਵਾਏ
ਅੰਮ੍ਰਿਤਸਰ, 3 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਦੇ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ਼ ਵਿਭਾਗ ਵਲੋਂ ਕਾਲਜ ’ਚ ‘ਟੈਕ-ਫੈਸਟ 2018’ ਦਾ ਆਯੋਜਨ ਕੀਤਾ ਗਿਆ।ਸਮਾਗਮ ਦੌਰਾਨ ਜਿੱਥੇ ਕੰਪਿਊਟਰ ਵਿੱਦਿਆ ’ਚ ਹੋ ਰਹੀਆਂ ਨਵੀਆਂ ਖੋਜ਼ਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ, ਉਥੇ ਪੰਜਾਬ ਦੇ 17 ਕਾਲਜਾਂ ਤੋਂ ਆਈਆਂ ਟੀਮਾਂ ’ਚ ਅੰਤਰ ਕਾਲਜ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਸੱਭਿਆਚਾਰਕ ਮੰਚ ਨੇ ਵੀ ਖੂਬ ਰੰਗ ਬੰਨਿਆ।
ਇਸ ਮੌਕੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਿੱਥੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਉੱਥੇ ਡਾ. ਹਰਦੀਪ ਸਿੰਘ ਹੈਡ ਕੰਪਿਊਟਰ ਸਾਇੰਸ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਜਤਿੰਦਰ ਸਿੰਘ ਬੱਲ, ਵਾਇਸ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ, ਪ੍ਰੋ. ਨਵਨੀਨ ਬਾਵਾ, ਓ.ਐਸ.ਡੀ, ਖਾਲਸਾ ਕਾਲਜ ਬਤੌਰ ਗੈਸਟ ਆਫ਼ ਆਨਰ ਵਜੋਂ ਪਧਾਰੇ।
ਪ੍ਰਿੰ: ਡਾ. ਮਹਿਲ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਸ਼ੇ ’ਚ ਨਵੀਆਂ ਤਕਨੀਕਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ’ਚ ਸਹਾਈ ਸਿੱਧ ਹੁੰਦੇ ਹਨ। ਇਸ ਤੋਂ ਪਹਿਲਾਂ ਪ੍ਰੋਗਰਾਮ ਦਾ ਅਗਾਜ਼ ਡਾ. ਹਰਦੀਪ ਸਿੰਘ, ਡਾ. ਜਤਿੰਦਰ ਸਿੰਘ ਬੱਲ ਅਤੇ ਪ੍ਰਿੰ: ਡਾ. ਮਹਿਲ ਸਿੰਘ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਅਤੇ ਉਨ੍ਹਾਂ ਨੇ ਅਜਿਹੇ ਪ੍ਰੋਗਰਾਮ ਕਰਵਾਉਣ ’ਤੇ ਵਿਭਾਗ ਦੀ ਸ਼ਲਾਘਾ ਵੀ ਕੀਤੀ।ਡਾ. ਹਰਦੀਪ ਸਿੰਘ ਨੇ ਸਮਾਰੋਹ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜੋਕੇ ਸਮੇਂ ’ਚ ਲੋੜੀਂਦੇ ਤਕਨੀਕੀ ਗੁਣਾਂ ਨਾਲ ਭਰਪੂਰ ਵਿਦਿਆਰਥੀਆਂ ਵਾਸਤੇ ਆਈ.ਟੀ ਕੰਪਨੀਆਂ ’ਚ ਬਥੇਰੇ ਰੋਜ਼ਗਾਰ ਹਨ।ਇਨ੍ਹਾਂ ਵਿਦਿਆਰਥੀਆਂ ਨੂੰ ਸਮੇਂ ਸਿਰ ਸਹੀ ਸੇਧ ਦੀ ਜਰੂਰਤ ਹੈ।
ਸਮਾਰੋਹ ’ਚ ਸੂਬੇ ਦੇ 17 ਕਾਲਜਾਂ ਨੇ ਜਿਸ ’ਚ ਡੀ. ਏ. ਵੀ. ਕਾਲਜ, ਅੰਮ੍ਰਿਤਸਰ, ਲਾਇਲਪੁਰ ਖਾਲਸਾ ਕਾਲਜ, ਜਲੰਧਰ, ਟ੍ਰਿਨਿਟੀ ਕਾਲਜ, ਜਲੰਧਰ, ਸ੍ਰੀ ਗੁਰੂ ਅੰਗਦ ਦੇਵ ਕਾਲਜ,ਖਡੂਰ ਸਾਹਿਬ, ਜੀ. ਜੀ. ਐਸ.ਖਾਲਸਾ ਕਾਲਜ, ਸਰਹਾਲੀ, ਗਲੋਬਲ ਇੰਸਟੀਟਿਊਟ, ਅੰਮ੍ਰਿਤਸਰ ਆਦਿ ਵੱਖ-ਵੱਖ ਕਾਲਜਾਂ ਨੇ ਹਿੱਸਾ ਲਿਆ।
ਕੰਪਿਊਟਰ ਸਾਇੰਸ ਵਿਭਾਗ ਦੇ ਮੁੱਖੀ ਪ੍ਰੋ. ਹਰਭਜਨ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਮੇਲੇ ਦਾ ਮਕਸਦ ਜੀਵਨ ਦੇ ਵੱਖ ਵੱਖ ਖੇਤਰਾਂ ’ਚ ਕੰਪਿਊਟਰ ਦੀ ਵਰਤੋਂ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਹੈ ਅਤੇ ਉਨ੍ਹਾਂ ’ਚ ਮੁਕਾਬਲੇ ਦੀ ਭਾਵਨਾ ਨੂੰ ਜਾਗ੍ਰਤ ਕਰਨਾ ਹੈ।ਉਨ੍ਹਾਂ ਕਿਹਾ ਕਿ ਇਹ ਸਮਾਗਮ ਵਿਭਾਗ ਦੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਇਸ ਮੌਕੇ ਬਹੁਤ ਸਾਰੇ ਸਟਾਲ ਵੀ ਲਗਾਏ ਗਏ।
ਸਮਾਗਮ ਦੇ ਅੰਤ ’ਚ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਓਵਰਆਲ ਟਰਾਫ਼ੀ ਲਈ 2 ਕਾਲਜਾਂ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ’ਚ ਟਾਈ ਹੋਇਆ। ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ ਦੂਸਰਾ ਅਤੇ ਖਾਲਸਾ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਨੇ ਤੀਸਰਾ ਸਥਾਨ ਹਾਸਲ ਕੀਤਾ।ਇਸ ਮੌਕੇ ਡਾ. ਮਹਿਲ ਸਿੰਘ ਨੇ ਜੇਤੂ ਕਾਲਜਾਂ ਨੂੰ ਵਧਾਈ ਦਿੱਤੀ। ਡਾ. ਮਨੀ ਅਰੋੜਾ ਕੋ-ਕਨਵੀਨਰ ਟੈਕ-ਇਰਾ ਕੰਪਿਊਟਰ ਸੋਸਾਇਟੀ ਕੰਪਿਊਟਰ ਵਿਭਾਗ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਪ੍ਰੋ. ਰਾਜਕਰਨ ਸਿੰਘ ਅਤੇ ਪ੍ਰੋ. ਰਵੀ ਪਟਨੀ ਨੇ ਬਤੌਰ ਡਿਪਟੀ ਕੋ-ਕਨਵੀਨਰ ਭੂਮਿਕਾ ਨਿਭਾਈ।ਪ੍ਰੋ. ਸੁਖਪੁਨੀਤ ਕੌਰ ਅਤੇ ਪ੍ਰੋ. ਅਨੂਰੀਤ ਕੌਰ ਨੇ ਸਟੇਜ਼ ਦਾ ਸੰਚਾਲਨ ਕੀਤਾ। ਇਸ ਮੌਕੇ ਪ੍ਰੋ. ਕੰਵਲਜੀਤ ਕੌਰ, ਪ੍ਰੋ. ਸੁਖਵਿੰਦਰ ਕੌਰ, ਪ੍ਰੋ. ਜਗਬੀਰ ਸਿੰਘ, ਪ੍ਰੋ. ਪੂਨਮਜੀਤ ਕੌਰ, ਪ੍ਰੋ. ਗਗਨਪ੍ਰੀਤ ਕੌਰ ਅਤੇ ਹੋਰ ਸਟਾਫ਼ ਮੈਂਬਰ ਵੀ ਮੌਜੂਦ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …