ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਆਖਿਆ ਹੈ ਕਿ ਜੋ ਆਰ.ਐਸ.ਐਸ ਦੇ ਪ੍ਰਕਾਸ਼ਕਾਂ ਵੱਲੋਂ ਸਿੱਖ ਇਤਿਹਾਸ ਨੂੰ ਵਿਗਾੜਣ ਦਾ ਯਤਨ ਕੀਤਾ ਹੈ, ਇਹ ਨਾ-ਬਰਦਾਸ਼ਤਯੋਗ ਹੈ।ਸਿੱਖ ਇੱਕ ਵੱਖਰੀ ਕੌਮ ਹੈ।ਗੁਰੂ ਸਾਹਿਬਾਨਾਂ ਨੇ ਸਮੁੱਚੀ ਲੋਕਾਈ, ਦੱਬੇ ਕੁਚਲੇ ਲੋਕਾਂ ਦਾ ਸਹਾਰਾ ਬਣਦਿਆਂ ਉਹਨਾਂ ਨੂੰ ਖਾਲਸੇ ਦਾ ਰੂਪ ਦਿੱਤਾ।ਆਰ.ਐਸ.ਐਸ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਜ ਆਵੇ ਨਹੀ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ।ਉਹਨਾਂ ਨੇ ਇਹ ਵੀ ਕਿਹਾ ਕਿ ਜੋ ਵੀ ਕਿਤਾਬਾਂ ਛਾਪੀਆਂ ਗਈਆਂ ਹਨ ਉਹਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਸ਼ੋ੍ਰਮਣੀ ਗੁ: ਪ੍ਰ: ਕਮੇਟੀ, ਦਿੱਲੀ ਗੁ: ਪ੍ਰ: ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਇਹਨਾਂ ਕਿਤਾਬਾਂ ਦੇ ਪ੍ਰਕਾਸ਼ਕਾਂ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।ਉਹਨਾਂ ਨੇ ਸਮੁੱਚੇ ਖਾਲਸਾ ਪੰਥ ਨੂੰ ਵੀ ਅਪੀਲ ਕੀਤੀ ਹੈ ਕਿ ਆਪਸੀ ਮਤਭੇਦਾਂ ਨੂੰ ਭੁਲਾ ਕੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੁੰਦਿਆਂ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਅਤੇ ਇਹੋ ਜਿਹੇ ਸ਼ਰਾਰਤੀ ਅਨਸਰਾਂ ਨੂੰ ਮੂੰਹ ਤੋੜ ਜਵਾਬ ਦੇਈਏ, ਜਿਸ ਨਾਲ ਕੋਈ ਵੀ ਸ਼ਰਾਰਤੀ ਅਨਸਰ ਸਾਡੇ ਗੁਰੂ ਸਾਹਿਬਾਨ, ਸਾਡੇ ਸਿੱਖ ਇਤਿਹਾਸ, ਗੁਰਬਾਣੀ ਪ੍ਰਤੀ ਨਾ ਬੋਲ ਸਕੇ, ਨਾ ਲਿਖ ਸਕੇ।