Friday, October 18, 2024

ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਭੰਗ ਕਰਨ ਵਾਲੇ ਭਾਗਵਤ ਖਿਲਾਫ਼ ਕਾਰਵਾਈ ਹੋਵੇ- ਜਥੇ: ਅਵਤਾਰ ਸਿੰਘ

Avtar Singh SGPC

ਅੰਮ੍ਰਿਤਸਰ 12 ਅਗਸਤ (ਗੁਰਪ੍ਰੀਤ ਸਿੰਘ) –  ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਵੱਲੋਂ ਬੀਤੇ ਦਿਨੀ ਹਿੰਦੋਸਤਾਨ ‘ਚ ਵੱਸਦੇ ਸਾਰੇ ਹਿੰਦੂ ਹਨ ਵਾਲਾ ਬਿਆਨ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਭੰਗ ਕਰਨ ਵਾਲਾ ਕਰਾਰ ਦਿੰਦਿਆਂ ਇਸ ਦੀ ਨਿੰਦਾ ਕੀਤੀ ਹੈ।
ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਾਰੀ ਬਿਆਨ ‘ਚ ਉਨ੍ਹਾਂ ਕਿਹਾ ਕਿ ਭਾਰਤ ਬਹੁ-ਭਾਸ਼ਾਈ, ਬਹੁ-ਧਰਮੀ ਦੇਸ਼ ਹੈ ਤੇ ਇਸ ਵਿੱਚ ਹਿੰਦੂ, ਮੁਸਲਮਾਨ, ਸਿੱਖ, ਈਸਾਈ ਤੇ ਹੋਰ ਧਰਮ ਦੇ ਲੋਕ ਵਸਦੇ ਹਨ, ਜਿਨ੍ਹਾਂ ਦੇ ਆਪੋ ਆਪਣੇ ਰੀਤੀ-ਰਿਵਾਜ਼, ਵੱਖਰੇ-ਵੱਖਰੇ ਧਰਮ ਤੇ ਭਾਸ਼ਾਵਾਂ ਹਨ। ਭਾਰਤ ਦੇ ਸੰਵਿਧਾਨ ਅਨੁਸਾਰ ਹਰੇਕ ਧਰਮ ਦੇ ਲੋਕਾਂ ਨੂੰ ਆਪਣੇ-ਆਪਣੇ ਧਰਮ ‘ਚ ਪ੍ਰਪੱਕ ਤੇ ਆਪਣੇ-ਆਪਣੇ ਰੀਤੀ ਰਿਵਾਜਾਂ ਅਨੁਸਾਰ ਰਹਿਣ-ਸਹਿਣ ਦਾ ਪੂਰਾ-ਪੂਰਾ ਹੱਕ ਹੈ। ਉਨ੍ਹਾਂ ਕਿਹਾ ਕਿ ਮੋਹਨ ਭਾਗਵਤ ਦੀ ਇਹ ਦਲੀਲ ਕਿ ਅਮਰੀਕਾ ਵਿੱਚ ਅਮਰੀਕੀ, ਇੰਗਲੈਂਡ ਵਿੱਚ ਰਹਿਣ ਵਾਲੇ ਅੰਗਰੇਜ, ਜਰਮਨੀ ‘ਚ ਰਹਿਣ ਵਾਲੇ ਜਰਮਨ ਹਨ ਆਦਿ ਕਿੰਨੀ ਹਾਸੋਹੀਣੀ ਹੈ ਕਿਉਂਕਿ ਅਮਰੀਕਾ ਵਿੱਚ ਈਸਾਈ ਗੋਰਿਆਂ ਤੋਂ ਇਲਾਵਾ, ਮੁਸਲਮਾਨ, ਸਿੱਖ ਤੇ ਹਿੰਦੂ ਭਾਈਚਾਰਾ ਵੱਡੀ ਗਿਣਤੀ ‘ਚ ਰਹਿ ਰਿਹਾ ਹੈ ਇਸੇ ਤਰ੍ਹਾਂ ਦੂਸਰੇ ਦੇਸ਼ਾਂ ‘ਚ ਵੀ ਹੈ ਪ੍ਰੰਤੂ ਕਿਸੇ ਨੇ ਕਦੇ ਭਾਗਵਤ ਵਰਗੀ ਸੌੜੀ ਸੋਚ ਦਾ ਪ੍ਰਗਟਾਵਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਵਿੱਚ ਰਹਿਣ ਵਾਲੇ ਲੋਕ ਉਥੋਂ ਦੇ ਵਸਨੀਕ ਤੇ ਦੇਸ਼ ਦੀ ਰਾਸ਼ਟਰੀਅਤਾ ਦੇ ਨਾਂਅ ਨਾਲ ਜਾਣੇ ਜਾ ਸਕਦੇ ਹਨ, ਪਰ ਇਕ ਧਰਮੀ ਨਹੀਂ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਭਾਗਵਤ ਨੇ ਕਈ ਵਾਰ ਵਿਵਾਦਤ ਬਿਆਨ ਦਿੱਤੇ ਹਨ ਪਤਾ ਨਹੀਂ ਉਨ੍ਹਾਂ ਦਾ ਇਨ੍ਹਾਂ ਬਿਆਨਾਂ ਪਿਛੇ ਕੀ ਮਕਸਦ ਹੈ ਜਾਂ ਉਹ ਅਜਿਹੇ ਬਿਆਨ ਦਾਗ ਕੇ ਆਪਣੇ ਆਪ ‘ਚ ਕੀ ਸਾਬਤ ਕਰਨਾ ਚਾਹੁੰਦੇ ਹਨ। ਘੱਟ ਗਿਣਤੀਆਂ ਜਾਂ ਦੂਜੇ ਧਰਮਾਂ ਦਾ ਨਿਰਾਦਰ ਕਰ ਕੇ ਦੇਸ਼ ਦੀ ਕੋਈ ਧਾਰਾ ਤਰੱਕੀ ਖੁਸ਼ਹਾਲੀ ਦਾ ਸੁਪਨਾ ਨਹੀਂ ਸੰਜੋਅ ਸਕਦੀ। ਉਨ੍ਹਾਂ ਭਾਰਤ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਭਾਰਤ ਬਹੁ-ਧਰਮੀ ਦੇਸ਼ ਹੈ ਤੇ ਭਾਗਵਤ ਦੇ ਇਸ ਫਿਰਕੂ ਬਿਆਨ ਨਾਲ ਦੇਸ਼ ‘ਚ ਵਸਦੇ ਬਾਕੀ ਧਰਮਾਂ ਦੇ ਲੋਕਾਂ ਨੂੰ ਭਾਰੀ ਠੇਸ ਪੁੱਜੀ ਹੈ ਅਜਿਹੇ ਬਿਆਨ ਰਾਸ਼ਟਰ ਦੇ ਹਿੱਤ ਵਿੱਚ ਨਹੀਂ ਹਨ। ਇਸ ਲਈ ਸਾਂਤ ਵਸਦੇ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਭੰਗ ਕਰਨ ਦੇ ਮਨਸੂਬੇ ਬਨਾਉਣ ਵਾਲੇ ਭਾਗਵਤ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply