ਸਵੇਰੇ-ਸ਼ਾਮ ਮਾਹਿਰ ਕੋਚ ਦੇ ਰਹੇ ਹਨ ਖੇਡਾਂ ਦੀ ਸਿਖਲਾਈ
ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਖੇਡ ਵਿਭਾਗ ਵੱਲੋਂ ਜਿਲ੍ਹੇ ਦੇ ਨੌਜਵਾਨਾਂ ਨੂੰ ਤੰਦਰੁਸਤ ਜੀਵਨ ਦੀ ਜਾਚ ਸਿਖਾਉਣ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਜਿਲ੍ਹੇ ਭਰ ਵਿਚ ਸ਼ਹਿਰ ਤੇ ਕਸਬਿਆਂ ਵਿਚ 20 ਕੋਚਿੰਗ ਸੈਂਟਰ ਸ਼ੁਰੂ ਕੀਤੇ ਗਏ ਹਨ।ਇਨਾਂ ਕੈਂਪਾਂ ਵਿਚ ਨੌਜਵਾਨਾਂ ਨੂੰ ਸਾਫਟਬਾਲ, ਤੈਰਾਕੀ, ਬਾਕਸਿੰਗ, ਕਬੱਡੀ, ਸਾਈਕਲਿੰਗ, ਫੁੱਟਬਾਲ, ਜਿਮਨਾਸਟਿਕ, ਕੁਸ਼ਤੀ, ਹੈਂਡਬਾਲ, ਟੇਬਲ ਟੈਨਿਸ, ਅਥਲੈਟਿਕਸ, ਬਾਸਕਿਟਬਾਲ, ਹਾਕੀ, ਜੂਡੋ ਦੀ ਸਿਖਲਾਈ ਦਿੱਤੀ ਜਾ ਰਹੀ ਹੈ।
ਇਹ ਜਾਣਕਾਰੀ ਦਿੰਦੇ ਜਿਲ੍ਹਾ ਖੇਡ ਅਧਿਕਾਰੀ ਗੁਰਲਾਲ ਸਿੰਘ ਰਿਆੜ ਨੇ ਦੱਸਿਆ ਕਿ ਗੋ. ਸਰਕਾਰੀ ਸੀ. ਸਕੈ. ਸਕੂਲ ਕਰਮਪੁਰਾ ਵਿਚ ਸਵੇਰੇ ਅਤੇ ਖਾਲਸਾ ਸੀ. ਸਕੈ. ਸਕੂਲ ਅੰਮ੍ਰਿਤਸਰ ਵਿਚ ਸ਼ਾਮ ਨੂੰ ਸਾਫਟਬਾਲ ਦੀ ਕੋਚਿੰਗ ਦਿੱਤੀ ਜਾ ਰਹੀ ਹੈ।ਇਸੇ ਤਰਾਂ ਤੈਰਾਕੀ ਦੀ ਕੋਚਿੰਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ, ਬਾਕਸਿੰਗ ਦੀ ਕੋਚਿੰਗ ਸੀ. ਸਕੈ. ਸਕੂਲ ਛੇਹਰਟਾ ਤੇ ਭਿੰਡੀ ਸੈਦਾਂ, ਕਬੱਡੀ ਦੀ ਕੋਚਿੰਗ ਸਰਕਾਰੀ ਹਾਈ ਸਕੂਲ ਕਾਲੇ, ਸਰਕਾਰੀ ਸੈਕੰਡਰੀ ਸਕੂਲ ਰਈਆ, ਸਰਕਾਰੀ ਸੀਨੀ ਸਕੈਡੰਰੀ ਸਕੂਲ ਮਾਲ ਰੋਡ, ਸਾਇਕਲਿੰਗ ਦੀ ਕੋਚਿੰਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ, ਫੁੱਟਬਾਲ ਦੀ ਖਾਲਸਾ ਕਾਲਜ ਸੀਨੀਅਰ ਸਕੈਡੰਰੀ ਸਕੂਲ ਅੰਮ੍ਰਿਤਸਰ, ਕੁਸ਼ਤੀ ਦੀ ਪ੍ਰੀਤਮ ਕੁਸ਼ਤੀ ਅਖਾੜਾ ਕੁਹਾਲੀ, ਗੋਲ ਬਾਗ ਅਖਾੜਾ ਅੰਮ੍ਰਿਤਸਰ, ਹੈਂਡਬਾਲ ਦੀ ਖਾਲਸਾ ਕਾਲਜੀਏਟ ਸੀ. ਸਕੈ. ਸਕੂਲ ਅੰਮ੍ਰਿਤਸਰ, ਬਾਸਕਿਟਬਾਲ ਦੀ ਮਾਲ ਰੋਡ ਸਕੂਲ, ਹਾਕੀ ਦੀ ਖਾਲਸਾ ਅਕੈਡਮੀ ਮਹਿਤਾ, ਟੇਬਿਲ ਟੇਨਿਸ ਦੀ ਗੋਲ ਬਾਗ ਕਾਰਪੋਰੇਸ਼ਨ ਹਾਲ ਅਤੇ ਅਥੈਲੇਟਿਕਸ ਦੀ ਗੁਰੂ ਨਾਨਕ ਸਟੇਡੀਅਮ ਸਾਹਮਣੇ ਖਾਲਸਾ ਕਾਲਜੀਏਟ ਸਕੂਲ ਅੰਮ੍ਰਿਤਸਰ ਵਿਖੇ ਕੋਚਿੰਗ ਦਿੱਤੀ ਜਾ ਰਹੀ ਹੈ।
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਪੀ.ਬੀ.ਐਨ ਸਕੂਲ ਅੰਮ੍ਰਿਤਸਰ, ਮਾਲ ਰੋਡ ਸਕੂਲ, ਗੋਲ ਬਾਗ ਸਟੇਡੀਅਮ, ਸੈਕਰਡ ਹਾਰਟ ਸੀ. ਸਕੈਡੰਰੀ ਸਕੂਲ ਅੰਮ੍ਰਿਤਸਰ ਵਿਚ ਜਿਮਨਾਸਿਟਕ ਦੀ ਕੋਚਿੰਗ ਮਾਹਿਰ ਕੋਚਾਂ ਵੱਲੋਂ ਦਿੱਤੀ ਜਾ ਰਹੀ ਹੈ।ਰਿਆੜ ਨੇ ਦੱਸਿਆ ਕਿ ਇਸ ਦੇ ਨਾਲ-ਨਾਲ ਕੋਚਿੰਗ ਸੈਂਟਰ ਗੋਲਬਾਗ ਸਟੇਡੀਅਮ ਵਿਚ ਜੂਡੋ ਦਾ ਕੋਚਿੰਗ ਸੈਂਟਰ ਖੋਲਿਆ ਗਿਆ ਹੈ।ਉਨਾਂ ਦੱਸਿਆ ਕਿ ਸਾਰੇ ਕੋਚਿੰਗ ਕੇਂਦਰ ਸਵੇਰੇ ਤੇ ਸ਼ਾਮ ਨੂੰ ਖਿਡਾਰੀਆਂ ਨੂੰ ਕੋਚਿੰਗ ਦੇ ਰਹੇ ਹਨ।ਉਨਾਂ ਬੱਚਿਆਂ ਅਤੇ ਉਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਇੰਨਾਂ ਕੋਚਿੰਗ ਸੈਂਟਰ ਦਾ ਲਾਹਾ ਉਠਾਉਣ ਤੇ ਬੱਚਿਆਂ ਨੂੰ ਉਨਾਂ ਦੀ ਮਨਪਸੰਦ ਖੇਡ ਵਾਸਤੇ ਉਤਸ਼ਾਹਿਤ ਕਰਨ, ਤਾਂ ਜੋ ਉਹ ਸਾਰਾ ਜੀਵਨ ਤੰਦਰੁਸਤ ਰਹਿ ਸਕੇ।