ਅੰਮ੍ਰਿਤਸਰ, 8 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਥਾਨਕ ਚਮਰੰਗ ਰੋਡ ਸਥਿਤ ਇੱਕ ਰਿਜੋਰਟ ਵਿਖੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਨਸ਼ਾ ਵੇਚਣ ਅਤੇ ਨਸ਼ੇ ਕਰਨ ਦੇ ਸਬੰਧ ਵਿੱਚ ਇਲਾਕਾ ਨਿਵਾਸੀਆਂ ਅਤੇ ਮੋਹਤਬਰ ਵਿਅਕਤੀਆਂ ਨਾਲ ਜਾਗਰੂਕਤਾ ਮੀਟਿੰਗ ਕੀਤੀ ਗਈ। ਜਿਸ ਵਿੱਚ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਐਸ.ਐਸ ਸ਼੍ਰੀਵਾਸਤਵ ਆਈ.ਪੀ.ਐਸ, ਹਰਜੀਤ ਸਿੰਘ ਧਾਲੀਵਾਲ ਏ.ਡੀ.ਸੀ.ਪੀ ਕਰਾਇਮ, ਜਗਜੀਤ ਸਿੰਘ ਵਾਲੀਆ ਏ.ਡੀ.ਸੀ.ਪੀ ਸਿਟੀ-1, ਪ੍ਰਭਜੋਤ ਸਿੰਘ ਵਿਰਕ ਏ.ਸੀ.ਪੀ ਵੈਸਟ, ਇੰਸਪੈਕਟਰ ਪ੍ਰਵੇਸ਼ ਚੋਪੜਾ ਮੁਖੀ ਥਾਣਾ ਬੀ ਡਵੀਜਨ ਸ਼ਾਮਲ ਹੋਏ।
ਐਸ.ਐਸ ਸ੍ਰੀਵਾਸਤਵ ਕਮਿਸ਼ਨਰ ਪੁਲਿਸ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੁਲਿਸ ਪ੍ਰਸਾਸ਼ਨ ਹਰ ਸਮੇਂ ਆਪ ਸਭ ਜਨਤਾ ਦੇ ਨਾਲ ਹੈ।ਨਸ਼ਾ ਵੇਚਣ ਵਾਲੇ ਦੀ ਸੂਚਨਾ ਬਿਨਾਂ ਕਿਸੇ ਡਰ ਦਿੱਤੀ ਜਾਵੇ ਤਾਂ ਦਿੱਤੀ ਸੂਚਨਾ ਦੇ ਅਧਾਰ `ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।ਉਨਾਂ ਕਿਹਾ ਕਿ ਅਗਰ ਆਮ ਪਬਲਿਕ ਪੁਲਿਸ ਦਾ ਸਾਥ ਦੇਵੇ ਤਾਂ ਹੀ ਨਸ਼ੇ ਨੂੰ ਜੜੋਂ ਖਤਮ ਕੀਤਾ ਜਾ ਸਕਦਾ ਹੈ।ਉਨਾਂ ਹੋਰ ਕਿਹਾ ਕਿ ਨੌਜਵਾਨਾਂ ਨੂੰ ਸਪੋਰਟਸ ਵਿੱਚ ਰੁਚੀ ਰੱਖਣੀ ਚਾਹੀਦੀ ਹੈ ਤੇ ਸਪੋਰਟਸ ਕਲੱਬ ਬਣਾਉਣੇ ਚਾਹੀਦੇ ਹਨ ।
ਮੀਟਿੰਗ ਵਿੱਚ ਮੌਜੂਦ ਹਾਜ਼ਰੀਨ ਨੇ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਪੁਲਿਸ ਵਿਭਾਗ ਨੂੰ ਦੇਣ ਲਈ ਪ੍ਰਣ ਕੀਤਾ ਅਤੇ ਕਿਹਾ ਕਿ ਉਹ ਸਾਰੇ ਪੁਲਿਸ ਪ੍ਰਸਾਸ਼ਨ ਦੇ ਨਾਲ ਹਨ ਅਤੇ ਨਸ਼ੇ ਦੇ ਆਦੀ ਨੌਜਵਾਨਾਂ ਦੇ ਪਰਿਵਾਰਾਂ ਨਾਲ ਤਾਲਮੇਲ ਕਰਕੇ ਉਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਕਰਵਾਉਣਗੇ।
ਇਸੇ ਦੌਰਾਨ ਕਮਿਸ਼ਨਰ ਪੁਲਿਸ ਐਸ.ਐਸ ਸ੍ਰੀਵਾਸਤਵ ਵਲੋਂ ਨਸ਼ਿਆਂ ਦੀ ਰੋਕਥਾਮ ਅਤੇ ਪਬਲਿਕ ਦੀ ਸੁਰੱੱਖਿਆ ਲਈ ਥਾਣਾ ਬੀ ਡਵੀਜਨ ਦੇ ਇਲਾਕੇ ਸ਼ਹੀਦ ਉੂਧਮ ਸਿੰਘ ਨਗਰ ਵਿਖੇ ਨਵੀ ਪੁਲਿਸ ਚੋਕੀ ਬਣਾਈ ਗਈ, ਜਿਸ ਦਾ ਨਾਮ ਪੁਲਿਸ ਚੌਕੀ ਸ਼ਹੀਦ ਊਧਮ ਸਿੰਘ ਨਗਰ ਰੱੱਖਿਆ ਗਿਆ ਹੈ ਅਤੇ ਏ.ਐਸ.ਆਈ ਭੁਪਿੰਦਰ ਸਿੰਘ ਨੂੰ ਚੋਕੀ ਇੰਚਾਰਜ਼ ਨਿਯੁੱਕਤ ਕੀਤਾ ਗਿਆ ਹੈ।