Tuesday, May 21, 2024

ਪੰਜਾਬ ਪੱਧਰ ’ਤੇ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਈ 14 ਜੁਲਾਈ ਨੂੰ

ਅੰਮ੍ਰਿਤਸਰ, 12 ਜੁਲਾਈ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਟੇਟ ਕਮੇਟੀ ਵਲੋਂ ਕੀਤੇ ਗਏ ਫੈਸਲੇ ਅਨੁਸਾਰ ਵਿਦਿਆਰਥੀਆਂ ਨੂੰ ਅੰਧ ਵਿਸ਼ਵਾਸ਼ਾਂ ਵਿਚੋਂ ਕੱਢ ਕੇ ਉਨ੍ਹਾਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਅਤੇ ਉਨ੍ਹਾਂ ਨੂੰ ਸ਼ਾਨਾਮੱਤੇ ਇਤਿਹਾਸ, ਸਮਾਜ ਅਤੇ ਵਿਗਿਆਨ ਦੇ ਅਸਲ ਨਾਇਕਾਂ ਸਬੰਧੀ ਸਹੀ ਜਾਣਕਾਰੀ ਦੇਣ ਦੇ ਮੰਤਵ ਵਜੋਂ ਸੁਸਾਇਟੀ ਵਲੋਂ 14 ਜੁਲਾਈ ਨੂੰ ਪੰਜਾਬ ਪੱਧਰ ’ਤੇ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਈ ਜਾਵੇਗੀ, ਜਿਸ ਵਿੱਚ ਹਜ਼ਾਰਾਂ ਵਿਦਿਆਰਥੀ ਭਾਗ ਲੈਣਗੇ।
          ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੀ ਅੰਮ੍ਰਿਤਸਰ ਇਕਾਈ ਦੇ ਜਥੇਬੰਦਕ ਮੁਖੀ ਸੁਮੀਤ ਸਿੰਘ ਨੇ ਦਸਿਆ ਕਿ ਸ਼ਹੀਦ ਊਧਮ ਸਿੰਘ ਅਤੇ ਵਿਸ਼ਵ ਪ੍ਰਸਿਧ ਵਿਗਿਆਨੀ ਸਟੀਫਨ ਹਾਕਿੰਗ ਨੂੰ ਸਮਰਪਿਤ ਇਸ ਚੇਤਨਾ ਪ੍ਰੀਖਿਆ ਲਈ ਸਥਾਨਕ ਇਕਾਈ ਵਲੋਂ ਆਤਮ ਪਬਲਿਕ ਸਕੂਲ, ਇਸਲਾਮਾਬਦ ਅਤੇ ਡੀਆਰ ਮਾਡਰਨ ਸਕੂਲ, ਖੰਡਵਾਲਾ ਵਿਖੇ ਦੋ ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਹਨ।ਇਸ ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਣ ਲਈ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਦੇ ਸਹਿਯੋਗ ਦੇ ਨਾਲ ਨਾਲ ਤਰਕਸ਼ੀਲ ਆਗੂਆਂ ਦੀ ਟੀਮ ਵਲੋਂ ਪੂਰੀ ਜ਼ਿੰਮੇਵਾਰੀ ਨਿਭਾਈ ਜਾਵੇਗੀ।
          ਉਨ੍ਹਾਂ ਦਸਿਆ ਕਿ ਇਸ ਪ੍ਰੀਖਿਆ ਦੇ ਸਿਲੇਬਸ ਵਜੋਂ ਵਿਦਿਆਰਥੀਆਂ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਪ੍ਰਕਾਸ਼ਿਤ ਇਕ ਵਿਸ਼ੇਸ਼ ਕਿਤਾਬ ਮੁਹਈਆ ਕਰਵਾਈ ਗਈ ਹੈ, ਜਿਸ ਵਿਚੋਂ ਸ਼ਹੀਦ ਊਧਮ ਸਿੰਘ ਅਤੇ ਸਟੀਫਨ ਹਾਕਿੰਗ ਦੇ ਜੀਵਨ ਤੇ ਵਿਚਾਰਾਂ, ਵਿਗਿਆਨਕ ਸਮਝ ਅਤੇ ਚਲੰਤ ਮਸਲਿਆਂ ਸਬੰਧੀ 100 ਪ੍ਰਸ਼ਨ ਪੁੱਛੇ ਜਾਣਗੇ, ਜਿਸ ਲਈ ਦੋ ਘੰਟੇ ਦਾ ਸਮਾਂ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਚੇਤਨਾ ਪ੍ਰੀਖਿਆ ਵਿਚ ਇਕਾਈ ਪੱਧਰ ’ਤੇ ਪਹਿਲੇ ਤਿੰਨ ਸਥਾਨਾਂ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਤਰਕਸ਼ੀਲ ਕਿਤਾਬਾਂ ਦਾ ਸੈਟ, ਸਰਟੀਫਿਕੇਟ ਅਤੇ ਇਕ ਸਾਲ ਲਈ ਮੈਗਜ਼ੀਨ ਮੁਫਤ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
          ਇਸ ਮੌਕੇ ਤਰਕਸ਼ੀਲ ਆਗੂਆਂ ਮਾਸਟਰ ਬਲਦੇਵ ਰਾਜ ਵੇਰਕਾ, ਕਾਮਰੇਡ ਅਜੀਤ ਸਿੰਘ, ਲੈਕਚਰਾਰ ਮੇਜਰ ਸਿੰਘ, ਸੁਖਮੀਤ ਸਿੰਘ ਅਤੇ ਮਾਸਟਰ ਕੁਲਜੀਤ ਸਿੰਘ ਨੇ ਸਕੂਲ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਚੇਤਨਾ ਪ੍ਰੀਖਿਆ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਤਾਂ ਕਿ ਉਹ ਜ਼ਿੰਦਗੀ ਵਿਚ ਵਿਗਿਆਨਕ ਦ੍ਰਿਸ਼ਟੀ ਕੋਨ ਅਪਣਾ ਕੇ ਸਮਾਜ ਵਿਚੋਂ ਅੰਧ ਵਿਸ਼ਵਾਸ਼ਾਂ ਅਤੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਵਿਚ ਆਪਣਾ ਯੋਗਦਾਨ ਪਾ ਸਕਣ। 

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …

Leave a Reply