Sunday, December 22, 2024

ਅਜ਼ਾਦੀ ਦੀ ਵਰ੍ਹੇਗੰਢ ਤੇ ਸਾਡੀ ਜ਼ਿੰਮੇਵਾਰੀ

ਦੇਸ਼ ਪਿਆਰ ਤੋਂ ਭਾਵ ਹੈ ਆਪਣੇ ਦੇਸ਼ ਦੀ ਮਿੱਟੀ, ਸੱਭਿਆਚਾਰ, ਬੋਲੀ ਅਤੇ ਕਦਰਾਂ-ਕੀਮਤਾਂ ਨੂੰ ਪਿਆਰ ਕਰਨਾ ਅਤੇ ਲੋੜ ਪੈਣ `ਤੇ ਦੇਸ਼ ਲਈ ਜਾਨ ਵਾਰਨ ਲਈ ਤਿਆਰ ਰਹਿਣਾ।ਇਹ ਉਹੀ ਜਜ਼ਬਾ ਹੈ ਜਿਸ ਨੇ ਸੈਂਕੜੇ ਦੇਸ਼ ਭਗਤਾਂ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਰਾਹ ਤੋਰਿਆ ਸੀ।ਇਸ ਜਜ਼ਬੇ ਵਿੱਚੋਂ ਹੀ ਉਹਨਾਂ ਆਜ਼ਾਦ, ਵਿਕਸਤ ਅਤੇ ਖ਼ੁਸ਼ਹਾਲ ਭਾਰਤ ਦੀ ਤਸਵੀਰ ਤਸੱਵਰ ਕੀਤੀ ਸੀ।
ਭਾਰਤ ਆਪਣੀ ਅਜ਼ਾਦੀ ਦੀ 72ਵੀਂ ਵਰੇ੍ਹਗੰਢ ਮਨਾਉਣ ਜਾ ਰਿਹਾ ਹੈ।ਇਸ ਵਿਚ ਕੋਈ ਸ਼ੱਕ ਨਹੀਂ ਕਿ ਅਜ਼ਾਦੀ ਦਿਹਾੜੇ ਦੇ ਇਹ ਜਸ਼ਨ ਦੇਸ ਦੇ ਵਿਕਾਸ ਅਤੇ ਖ਼ੁਸ਼ਹਾਲੀ ਦੇ ਪ੍ਰਤੀਕ ਹਨ।ਅੱਜ ਭਾਰਤ ਆਪਣੀ ਮਜਬੂਤ ਆਰਥਿਕਤਾ ਸਦਕਾ ਸੰਸਾਰ ਦੇ ਦੇਸ਼ਾਂ ਦੀ ਮੂਹਰਲੀ ਸਫ਼ ਵਿਚ ਆ ਖੜ੍ਹਾ ਹੋਇਆ ਹੈ ਅਤੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੀ ਪੱਕੀ ਮੈਂਬਰਸ਼ਿਪ ਲਈ ਪੱਬਾਂ ਭਾਰ ਹੈ।…ਪਰ ਅਫ਼ਸੋਸ ਕਿ ਪ੍ਰਾਪਤੀਆਂ ਦੀ ਇਸ ਲੰਬੀ ਸੂਚੀ ਦੇ ਬਾਵਜੂਦ ਦੇਸ਼ ਗ਼ਰੀਬੀ, ਭੁੱਖਮਰੀ, ਅਣਪੜ੍ਹਤਾ, ਰਿਸ਼ਵਤਖੋਰੀ, ਜਮ੍ਹਾਖੋਰੀ ਅਤੇ ਫ਼ਿਰਕਾਪ੍ਰਸਤੀ ਵਰਗੀਆਂ ਸਮੱਸਿਆਵਾਂ ਵਿਚ ਘਿਰਿਆ ਪਿਆ ਹੈ।
ਹਰ ਮਨੁੱਖ ਆਪਣੀ ਮਾਤ-ਭੂਮੀ, ਮਾਤ-ਭਾਸ਼ਾ ਅਤੇ ਜਨਮ ਦੇਣ ਵਾਲੀ ਮਾਂ ਦਾ ਜਨਮ ਤੋਂ ਹੀ ਕਰਜ਼ਦਾਰ ਹੁੰਦਾ ਹੈ ਅਤੇ ਉਸ ਨੂੰ ਜਿਉਂਦੇ ਜੀਅ ਆਪਣਾ ਇਹ ਕਰਜ਼ ਉਤਾਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ।ਦੇਸ਼-ਭਗਤੀ ਤਿਆਗ ਦੀ ਮੰਗ ਕਰਦੀ ਹੈ, ਪਰ ਅੱਜ ਹਰ ਕੋਈ ਮੈਂ ਅਤੇ ਮੇਰੀ ਦੀ ਭਾਵਨਾ ਨਾਲ ਲਬਰੇਜ਼ ਆਪਣੀ ਸਵਾਰਥ ਸਿਧੀ ਵਿਚ ਲੱਗਾ ਨਜ਼ਰ ਆਉਂਦਾ ਹੈ।
ਅੱਜ ਅਜ਼ਾਦੀ ਦੇ ਜਸ਼ਨ ਮਨਾਉਂਦਿਆਂ ਲੋੜ ਹੈ ਦੇਸ਼ ਦੀਆਂ ਸਰਕਾਰਾਂ ਨੂੰ ਆਪਣੇ ਅੰਦਰ ਝਾਤ ਮਾਰਨ ਦੀ ਕਿ ਕੀ ਅਜ਼ਾਦੀ ਦੇ ਜਸ਼ਨਾਂ ਦੇ ਨਾਮ ’ਤੇ ਵੱਡੇ-ਵੱਡੇ ਸਮਾਗਮ ਰਚ ਕੇ ਦੋ ਘੜੀਆਂ ਅਜ਼ਾਦੀ ਦੇ ਪਰਵਾਨਿਆਂ ਨੂੰ ਯਾਦ ਕਰ ਲੈਣਾ ਅਤੇ ਕਦੇ ਵਫ਼ਾ ਨਾ ਹੋਣ ਵਾਲੇ ਵਾਅਦਿਆਂ ਦੀ ਝੜ੍ਹੀ ਲਾ ਦੇਣਾ ਹੀ ਕਾਫ਼ੀ ਹੈ?ਜਾਂ ਫਿਰ ਦੇਸ਼ ਭਗਤਾਂ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਸੁਹਿਰਦ ਯਤਨ ਕਰਨ ਦੀ ਲੋੜ ਹੈ।ਅੱਜ ਨੌਜਵਾਨਾਂ ਵਿਚ ਦੇਸ਼-ਭਗਤੀ ਦਾ ਜਜ਼ਬਾ ਕਮਜ਼ੋਰ ਪੈ ਰਿਹਾ ਹੈ।ਨੌਜਵਾਨਾਂ ਵਿਚ ਵਧ ਰਹੀ ਹੁੱਲੜਬਾਜ਼ੀ, ਹਿੰਸਾ ਦੀ ਭਾਵਨਾ, ਨਸ਼ਿਆਂ ਦਾ ਸੇਵਨ, ਕਾਨੂੰਨ ਦੀ ਉਲੰਘਣਾ ਉਹਨਾਂ ਨੂੰ ਮੁੱਖ-ਧਾਰਾ ਤੋਂ ਦੂਰ ਕਰ ਰਹੀ ਹੈ।ਇਸ ਦਾ ਕਾਰਨ ਨੌਜਵਾਨਾਂ ਵਿਚ ਵਧ ਰਿਹਾ ਅਸੰਤੋਸ਼ ਅਤੇ ਦਿਸ਼ਾਹੀਣਤਾ ਹੈ।ਨੌਜਵਾਨ ਰੁਜ਼ਗਾਰ ਦੀ ਭਾਲ ਤੇ ਚੰਗੇਰੇ ਜੀਵਨ ਦੀ ਚਾਹ ’ਚ ਧੜ੍ਹਾ-ਧੜ ਪ੍ਰਵਾਸ ਦੇ ਰਾਹ ਪੈ ਰਹੇ ਹਨ।ਨੌਜਵਾਨਾਂ ਨੂੰ ਉਹਨਾਂ ਦੇ ਬਣਦੇ ਹੱਕ ਦੇਣਾ ਸਮੇਂ ਦੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਹੋਇਆ ਕਰਦੀ ਹੈ।ਅਜਿਹਾ ਨਾ ਹੋਣ ਦੀ ਸੂਰਤ ਵਿਚ ‘ਰਿਜ਼ਕ ਵਿਹੂਣੇ ਆਦਮੀ, ਜਾਣ ਮੁਹੱਬਤਾਂ ਤੋੜਦੇ ਅਖਾਣ ਅਨੁਸਾਰ ਬੇਰੁਜ਼ਗਾਰ ਨੌਜਵਾਨਾਂ ਕੋਲੋਂ ਦੇਸ਼ ਪਿਆਰ ਵਰਗੇ ਕੋਮਲ ਭਾਵਾਂ ਦੀ ਤਵੱਕੋ ਕਰਨਾ ਬੇਮਾਇਨਾ ਹੋਵੇਗਾ।ਅੱਜ ਨੌਜਵਾਨਾਂ ਨੂੰ ਸਰਕਾਰਾਂ ਦੇ ਝੂਠੇ ਲਾਰਿਆਂ ਦੀ ਨਹੀਂ ਸਗੋਂ ਰੁਜ਼ਗਾਰ ਦੇ ਮੌਕਿਆਂ ਦੀ ਜਰੂਰਤ ਹੈ।
ਦੇਸ ਨੂੰ ਵਿਕਾਸ ਦੇ ਰਸਤੇ ਤੋਰਨ ਲਈ ਸਰਕਾਰ ਨੂੰ ਕੁੱਝ ਸਖ਼ਤ ਫ਼ੈਸਲੇ ਲੈਣੇ ਹੋਣਗੇ।ਦੇਸ਼ ਦੇ ਕਾਲੇ ਧਨ ਨੂੰ ਅਮੀਰਾਂ ਦੀਆਂ ਤਿਜੋਰੀਆਂ ਵਿਚੋਂ ਕੱਢ ਕੇ ਆਮ ਲੋਕਾਂ ਦੇ ਵਿਕਾਸ ਲਈ ਵਰਤਣਾ ਹੋਵੇਗਾ।ਸਿੱਖਿਆ ਦਾ ਵਪਾਰੀਕਰਨ ਰੋਕ ਕੇ ਸਿੱਖਿਆ ਤੱਕ ਆਮ ਲੋਕਾਂ ਦੀ ਪਹੰਚ ਯਕੀਨੀ ਬਣਾਉਣੀ ਪਵੇਗੀ।ਸਿਲੇਬਸ ਨੂੰ ਮੁੜ ਵਾਚ ਕੇ ਇਸ ਵਿਚ ਦੇਸ਼-ਭਗਤੀ ਦੀਆਂ ਰਨਚਾਵਾਂ ਅਤੇ ਸਾਰਾਗੜ੍ਹੀ ਵਰਗੀਆਂ ਬੇਮਿਸਾਲ ਘਟਨਾਵਾਂ ਨੂੰ ਸ਼ਾਮਲ ਕਰਨਾ ਹੋਵੇਗਾ।ਤਾਂ ਜੋ ਬਾਲ ਮਨਾਂ ਵਿਚ ਸ਼ੁਰੂ ਤੋਂ ਹੀ ਦੇਸ਼ ਭਗਤੀ ਦੀਆਂ ਕੋਮਲ ਭਾਵਨਾਵਾਂ ਨੂੰ ਪਰੋਇਆ ਜਾ ਸਕੇ।ਸਿੱਖਿਆ ਪੂਰੀ ਕਰਨ ਤੋਂ ਬਾਦਇੱਕ-ਦੋ ਸਾਲ ਦੀ ਸੈਨਾ ਸੇਵਾਹਰ ਨਾਗਰਿਕ ਲਈ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ।ਪਰ ਅਜਿਹੇ ਸਖ਼ਤ ਫ਼ੈਸਲਿਆਂ ਲਈ ਸਭ ਰਾਜਸੀ ਪਾਰਟੀਆਂ ਨੂੰ ਆਪਣੇ ਸਿਆਸੀ ਲਾਹੇ ਨੂੰ ਇੱਕ ਪਾਸੇ ਰੱਖ ਇਕਮਤ ਸਹਿਮਤੀ ਦੇਣੀ ਹੋਵੇਗੀ।ਰਿਸ਼ਵਤਖੋਰੀ ਨੂੰ ਲਗਾਮ ਲਗਾਉਣੀ ਪਵੇਗੀ ਅਤੇ ਫ਼ਿਰਕਾਪ੍ਰਸਤੀ ਦੀ ਭਾਵਨਾ ਨੂੰ ਮਨਾਂ ਵਿਚੋਂ ਕੱਢ ਕੇ ਭਾਰਤ ਦੇ ਧਰਮ-ਨਿਰਪੱਖ ਹੋਣ ਦਾ ਸਬੂਤ ਦੇਣਾ ਪਵੇਗਾ।ਨਾਗਰਿਕਾਂ ਲਈ ਸਸਤਾ ਅਤੇ ਜਲਦ ਨਿਆਂ ਸੰਭਵ ਬਣਾ ਕੇ ਅਤੇ ਦੋਸ਼ੀਆਂ ਨੂੰ ਕਟਹਿਰੇ ‘ਚ ਖੜ੍ਹੇ ਕਰਕੇ ਸਖ਼ਤ ਸਜਾਵਾਂ ਦੇਣਾ ਨਿਆਂਪਾਲਿਕਾ ਲਈ ਬਹੁਤ ਵੱਡੀ ਦੇਸ਼ ਭਗਤੀ ਹੈ।
ਮਾਤ-ਭਾਸ਼ਾ ਦਾ ਕਰਜ਼ ਉਤਾਰਨ ਲਈ ਸਾਹਿਤਕਾਰਾਂ, ਗੀਤਕਾਰਾਂ, ਫ਼ਿਲਮਕਾਰਾਂ ਤੇ ਕਲਮ ਨਵੀਸਾਂ ਨੂੰ ਆਪਣੀ ਕਲਮ ਦਾ ਮੂੰਹ ਦੇਸ਼ ਪਿਆਰ, ਸੱਭਿਆਚਾਰ ਅਤੇ ਦੇਸ਼ ਦੀਆਂ ਪ੍ਰਮੁੱਖ ਸਮੱਸਿਆਵਾਂ ਦੀ ਪੇਸ਼ਕਾਰੀ  ਵੱਲ ਮੋੜਣਾ ਹੋਵੇਗਾ।ਜਦੋਂ ਸਾਡੇ ਨੌਜਵਾਨਾਂ ਦੇ ਮੂੰਹਾਂ ਉੱਤੇ ਨਸ਼ਿਆਂ, ਹਥਿਆਰਾਂ ਅਤੇ ਲੁੱਚ-ਪੁਣੇ ਦੇ ਗੀਤਾਂ ਦੀ ਥਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਤੇ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਲੇ ਗੀਤ ਗੁਣਗੁਨਾਏ ਜਾਣ ਲੱਗਣਗੇ ਤਾਂ ਦੇਸ਼ ਦੀ ਨੁਹਾਰ ਬਦਲਣੀ ਸ਼ੁਰੂ ਹੋ ਜਾਵੇਗੀ, ਕਿਉਂਕਿ ਬਕੌਲ ਲੈਨਿਨ ਕਿਸੇ ਦੇਸ਼ ਦੇ ਭਵਿੱਖ ਦਾ ਅੰਦਾਜਾ ਉਸ ਦੇਸ਼ ਦੇ ਨੌਜਵਾਨਾਂ ਦੇ ਮੂੰਹਾਂ ਵਿਚਲੇ ਗੀਤਾਂ ਤੋਂ ਲੱਗ ਜਾਂਦਾ ਹੈ।ਗੀਤਕਾਰਾਂ ਨੂੰ ਆਪਣੀਆਂ ਸੁਰਾਂ ਗੰਦਗੀ ਪਰੋਸਣ ਤੋਂ ਵਰਜਣੀਆਂ ਪੈਣਗੀਆਂ।ਇਹੀ ਉਹਨਾਂ ਲਈ ਵੱਡੀ ਦੇਸ਼ ਭਗਤੀ ਹੋਵੇਗੀ।
ਅਜ਼ਾਦੀ ਦੇ ਜਸ਼ਨ ਮਨਾਉਂਦਿਆਂ ਸਾਨੂੰ ਉਹਨਾਂ ਵੀਰ ਸੈਨਿਕਾਂ ਦੇ ਪਰਿਵਾਰਾਂ ਦੇ ਦਰਦ ਨੂੰ ਮਹਿਸੂਸ ਕਰਨਾ ਚਾਹੀਦਾ ਹੈ, ਜੋ ਦੇਸ਼ ਦੀ ਰੱਖਿਆ ਲਈ ਕੁਰਬਾਨ ਹੋਏ ਹਨ।ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ, ਵਿਧਵਾਵਾਂ ਨੂੰ ਪੈਨਸ਼ਨਾਂ ਅਤੇ ਹੋਰ ਆਰਥਿਕ ਸਹਾਇਤਾ ਦੇ ਕੇ ਸਰਕਾਰ ਦੇਸ਼ ਭਗਤੀ ਦਾ ਸਬੂਤ ਦੇ ਸਕਦੀ ਹੈ।
ਸੋ ਆਉ ਅਸੀਂ ਸਭ ਰਲ਼ ਕੇ ਗੰਭੀਰਤਾ ਨਾਲ ਦੇਸ਼ ਦੀਆਂ ਸਮੱਸਿਆਵਾਂ ਪ੍ਰਤੀ ਆਪਣਾ ਫ਼ਰਜ਼ ਪਹਿਚਾਣੀਏ।ਆਪਣਾ ਕੰਮ ਨੇਕ-ਨੀਅਤੀ ਨਾਲ ਕਰੀਏ, ਆਪਣੇ ਅਧਿਕਾਰਾਂ ਦੇ ਨਾਲ-ਨਾਲ ਮੌਲਿਕ ਕਰਤਵਾਂ ਨੂੰ ਨਿਭਾਈਏ।ਅਜਿਹਾ ਕਰਕੇ ਅਸੀਂ ਸਹੀਦਾਂ ਦੀਆਂ ਲਾਮਿਸਾਲ ਕੁਰਬਾਨੀਆਂ ਦਾ ਮੁੱਲ ਪਾਉਂਦਿਆਂ ਆਪਣੇ ਅੰਦਰ ਦੇਸ਼-ਭਗਤੀ ਦਾ ਜਜ਼ਬਾ ਜਗਦਾ ਰੱਖ ਸਕਦੇ ਹਾਂ।
Harbhajan Singh

 

 

 

 

ਹਰਭਜਨ ਸਿੰਘ ਲੈਕਚਰਾਰ
ਮਾਲਤੀ ਗਿਆਨਪੀਠ ਵਿਜੇਤਾ
ਮੋ – 9915193366

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply