775 ਕਿਲੋਵਾਟ ਵਾਲੇ ਊਰਜਾ ਪ੍ਰੋਜੈਕਟ ਦਾ ਦਿੱਲੀ ਦੀ ਕੰਪਨੀ ਨਾਲ ਸਮਝੌਤਾ
ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਮੈਨੇਜ਼ਮੈਂਟ ਵੱਲੋਂ ਬਿਜਲੀ ਬਚਾਉਣ, ਪ੍ਰਦੂਸ਼ਣ ਰਹਿਤ ਸਾਫ਼-ਸੁੱਥਰੀ ਊਰਜਾ ਪ੍ਰਦਾਨ ਕਰਨ ਅਤੇ ਵਾਤਾਵਰਣ ਪ੍ਰਤੀ ਆਪਣੀ ਅਹਿਮ ਜ਼ਿੰਮੇਵਾਰੀ ਨਿਭਾਉਣ ਦੇ ਮਨੋਰਥ ਨਾਲ ਅੱਜ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਵੱਲੋਂ ਸੋਲਰ ਸਿਸਟਮ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ।ਉਨ੍ਹਾਂ ਨਾਲ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਤੋਂ ਇਲਾਵਾ ਮੈਨੇਜ਼ਮੈਂਟ ਦੇ ਅਹੁਦੇਦਾਰ, ਕਾਲਜ ਪ੍ਰਿੰਸੀਪਲਜ਼ ਅਤੇ ਹੋਰ ਸਟਾਫ਼ ਹਾਜ਼ਰ ਸੀ।ਖ਼ਾਲਸਾ ਮੈਨੇਜ਼ਮੈਂਟ ਦੇ ਯਤਨਾਂ ਸਦਕਾ ਹੁਣ ਸਮੂਹ ਵਿੱਦਿਅਕ ਅਦਾਰੇ ਸੂਰਜੀ ਊਰਜਾ ਨਾਲ ਰੌਸ਼ਨਾਉਣਗੇ
ਮਜੀਠੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਨਗਰੀ ਦੀ ਪਹਿਲੀ ਸਿਰਮੌਰ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਮੈਨੇਜ਼ਮੈਂਟ ਅਧੀਨ ਚਲ ਵਾਲੇ ਸਮੂਹ ਵਿੱਦਿਅਕ ਅਦਾਰੇ ਹਨ, ਜਿਨ੍ਹਾਂ ’ਚ ਕੁਦਰਤੀ ਬਿਜਲੀ ਦੀ ਪੈਦਾਵਾਰ ਹੋਵੇਗੀ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸਾਫ਼-ਸੁੱਥਰਾ ਰੱਖਣ ਅਤੇ ਬਿਜਲੀ ਬਚਾਉਣ ’ਚ ਪਹਿਲਕਦਮੀ ਕਰਦਿਆਂ ਦਿੱਲੀ ਦੀ ਪ੍ਰਸਿੱਧ ਕੰਪਨੀ ‘ਐਮਪਲਸ ਐਨਰਜ਼ੀ ਸਲਿਊਸ਼ਨ ਪ੍ਰਾਈਵੇਟ ਲਿਮਟਿਡ’ ਦੇ ਐਮ. ਡੀ. ਅਤੇ ਸੀ. ਈ. ਓ. ਸ੍ਰੀ ਸੰਜੀਵ ਅਗਰਵਾਲ ਨਾਲ ਇਕਰਾਰਨਾਮਾ ਕੀਤਾ ਗਿਆ ਸੀ, ਜੋ ਕਿ ਮੈਨੇਜ਼ਮੈਟ ਵੱਲੋਂ ਲਾਗੂ ਕਰ ਦਿੱਤਾ ਗਿਆ ਹੈ। ਜਿਸ ਦੇ ਮੱਦੇਨਜ਼ਰ ਬਿਜਲੀ ਉਤਪਾਦ ’ਚ 775 ਕਿਲੋਵਾਟ ਦੇ ਊਰਜਾ ਪ੍ਰੋਜੈਕਟ ਸੰਸਥਾਵਾਂ ’ਚ ਲੱਗਣ ਦੀ ਸ਼ੁਰੂਆਤ ਹੋ ਗਈ ਹੈ ਅਤੇ ਮੈਨੇਜ਼ਮੈਂਟ ਅਧੀਨ ਸਮੂਹ ਅਦਾਰਿਆਂ ’ਚ ਸੋਲਰ ਊਰਜਾ ਨੂੰ ਲਾਗੂ ਕੀਤਾ ਜਾ ਰਿਹਾ ਹੈ।
ਆਨਰੇਰੀ ਸਕੱਤਰ ਛੀਨਾ ਨੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਕਾਲਜ ਦੇ ਹੋਸਟਲਾਂ ਨੂੰ ਪਹਿਲ ਦੇਣ ਤੋਂ ਇਲਾਵਾ ਕੰਟੀਨਾਂ ਅਤੇ ਕਲਾਸ ਰੂਮਾਂ ’ਚ ਵੀ ਸੋਲਰ ਸਿਸਟਮ ਰਾਹੀਂ ਬਿਜਲੀ ਦਾ ਵਿਤਰਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਰੇ ਪ੍ਰੋਜੈਕਟ ਚਾਲੂ ਹੋ ਚੁੱਕੇ ਹਨ ਅਤੇ ਕੰਪਨੀ ਵੱਲੋਂ ਹੁਣ ਇਸ ਵੇਲੇ ਖ਼ਾਲਸਾ ਕਾਲਜ, ਖ਼ਾਲਸਾ ਕਾਲਜ ਫ਼ਾਰ ਵੂਮੈਨ, ਖ਼ਾਲਸਾ ਕਾਲਜ ਆਫ਼ ਲਾਅ, ਖ਼ਾਲਸਾ ਕਾਲਜ ਆਫ਼ ਨਰਸਿੰਗ, ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ, ਖ਼ਾਲਸਾ ਕਾਲਜ ਪਬਲਿਕ ਸਕੂਲ ਜੀ.ਟੀ ਰੋਡ ਅਤੇ ਕਾਲਜ ਦੇ ਸਮੂਹ ਹੋਸਟਲਾਂ ’ਤੇ ਸੋਲਰ ਸਿਸਟਮ ਚਾਲੂ ਕਰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਵਿਸ਼ਵ ’ਚ ਊਰਜਾ ਦੀ ਘਾਟ ਨੂੰ ਦੂਰ ਕਰਨ ਲਈ ਸੋਲਰ ਪਾਵਰ ਇਕ ਲਾਹੇਵੰਦ ਹੱਲ ਹੈ। ਇਹ ਕੁਦਰਤੀ ਊਰਜਾ ਸਰੋਤਾਂ ’ਚੋਂ ਇਕ ਹੈ ਅਤੇ ਇਹ ਵਾਤਾਵਰਣ ਅਨੁਕੂਲ ਹੈ।
ਉਨ੍ਹਾਂ ਕਿਹਾ ਕਿ ਇਤਿਹਾਸਕ ਇਮਾਰਤਾਂ ’ਤੇ ਸੋਲਰ ਪੈਨਲ ਦਾ ਕੋਈ ਅਸਰ ਨਹੀਂ ਹੋਵੇਗਾ ਕਿਉਂਕਿ ਕੰਪਨੀ ਨੇ ਲਿਖ਼ਤੀ ਰੂਪ ’ਚ ਇਕਰਾਰ ਕੀਤਾ ਹੈ ਕਿ ਇਮਾਰਤਾਂ ਨੂੰ ਕਿਸੇ ਕਿਸਮ ਦਾ ਨੁਕਸਾਨ ਜਾਂ ਹਾਨੀ ਨਹੀਂ ਪਹੁੰਚਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸੂਰਜੀ ਊਰਜਾ ਨਾਲ ਪਾਵਰ ਕੱਟਾਂ ਨਾਲ ਨਜਿੱਠਣ ’ਚ ਵੀ ਮਦਦ ਮਿਲੇਗੀ ਕਿਉਂਕਿ ਪਾਵਰ ਸਪਲਾਈ ਨਿਰਵਿਘਨ ਜਾਰੀ ਰਹੇਗੀ ਅਤੇ ਪਾਵਰ ਫ਼ੇਲਰ ਦੌਰਾਨ ਡੀਜ਼ਲ ਜਨਰੇਟਰਾਂ ਦੀ ਵਰਤੋਂ ਬਹੁਤ ਜਿਆਦਾ ਕਮੀ ਆਵੇਗੀ।
ਇਸ ਮੌਕੇ ਸੋਸਾਇਟੀ ਦੇ ਵਿੱਤ ਸਕੱਤਰ ਗੁਨਬੀਰ ਸਿੰਘ, ਵਧੀਕ ਆਨਰੇਰੀ ਸਕੱਤਰ ਜਤਿੰਦਰ ਸਿੰਘ ਬਰਾੜ, ਜੁਆਇੰਟ ਸਕੱਤਰ ਅਜ਼ਮੇਰ ਸਿੰਘ ਹੇਰ, ਰਾਜਬੀਰ ਸਿੰਘ, ਸਰਦੂਲ ਸਿੰਘ ਮੰਨਨ, ਕਰਤਾਰ ਸਿੰਘ ਗਿੱਲ, ਮੈਂਬਰ ਪਰਮਜੀਤ ਸਿੰਘ ਬੱਲ, ਅਜੀਤ ਸਿੰਘ ਬਸਰਾ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।