Friday, October 18, 2024

ਖਾਲਸਾ ਕਾਲਜ ਵਿੱਚ ਸੱਜਿਆ ਪੁਸਤਕ ਮੇਲਾ

ਸ: ਛੀਨਾ ਨੇ ਵਿਦਿਆਰਥੀਆਂ ਵਿੱਚ ਕਿਤਾਬਾਂ ਪੜ੍ਹਣ ਦੀ ਘੱਟਦੀ ਰੁਚੀ ‘ਤੇ ਜਿਤਾਈ ਚਿੰਤਾ

PPN26081416

ਅੰਮ੍ਰਿਤਸਰ, 26 ਅਗਸਤ (ਪ੍ਰੀਤਮ ਸਿੰਘ) -ਇਤਿਹਾਸਿਕ ਖਾਲਸਾ ਕਾਲਜ ਦੀ ਲਾਇਬ੍ਰੇਰੀ ਵਿੱਚ ‘2 ਰੋਜ਼ਾ ਪੁਸਤਕ ਮੇਲੇ’ ਦਾ ਅੱਜ ਸ਼ਾਨਦਾਰ ਅਗਾਜ਼ ਹੋਇਆ। ਇਸ ਪ੍ਰਦਰਸ਼ਨੀ ਵਿੱਚ ਹਜ਼ਾਰਾਂ ਦਾ ਜਖ਼ੀਰਾ ਸਜਾਇਆ ਗਿਆ ਜਿਸਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ। ਮੇਲੇ ਦੌਰਾਨ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਨੂੰ ਲਾਇਬ੍ਰੇਰੀ ਦੇ ਮੇਨ ਹਾਲ ਵਿੱਚ ਉਪਲਬੱਧ ਕਰਵਾਇਆ ਗਿਆ, ਜਿਸ ਦੌਰਾਨ ਸ਼ਹਿਰ ਦੇ ਨਾਮੀ ਦੁਕਾਨਦਾਰਾਂ ਵੱਲੋਂ ਖਾਸ ਰਿਆਇਤਾਂ ‘ਤੇ ਅਣਗਿਣਤ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ। ਜਿਸ ਵਿੱਚ ਵਿਦਿਆਰਥੀਆਂ ਨੇ ਦਿਲਚਸਪੀ ਵਿਖਾਉਂਦਿਆ ਅਲੱਗ-ਅਲੱਗ ਵਿਸ਼ਿਆਂ ਦੀਆਂ ਕਿਤਾਬਾਂ ਦੀ ਖਰੀਦਦਾਰੀ ਕੀਤੀ। ਇਸ ਦੌਰਾਨ ਸ: ਛੀਨਾ ਨੇ ਕਿਹਾ ਕਿ ਅਤਿ ਆਧੁਨਿਕ ਯੁੱਗ ਵਿੱਚ ਕਿਤਾਬਾਂ ਪੜ੍ਹਣ ਦਾ ਰੁਝਾਨ ਘੱਟਦਾ ਜਾ ਰਿਹਾ ਹੈ। ਹਰੇਕ ਇਨਸਾਨ ਤੇ ਵਿਦਿਆਰਥੀ ਜਿਆਦਾਤਰ ਇੰਟਰਨੈੱਟ ਜਰੀਏ ਪੜ੍ਹਣ ਨੂੰ ਮਹੱਤਤਾ ਦੇ ਰਹੇ ਹਨ, ਜੋ ਕਿ ਸਾਡੇ ਸਰੀਰ ਅਤੇ ਦਿਮਾਗ ਲਈ ਬਹੁਤ ਹੀ ਨੁਕਸਾਨਦਾਇਕ ਹੈ। ਉਨ੍ਹਾਂ ਕਿਹਾ ਕਿ ਕਿਤਾਬਾਂ ਨੂੰ ਪੜ੍ਹਣ ਨਾਲ ਸਾਡੇ ਦਿਮਾਗ ਦੀ ਕਸਰਤ ਹੁੰਦੀ ਰਹਿੰਦੀ ਹੈ ਤੇ ਯਾਦਸ਼ਕਤੀ ਵੱਧਦੀ ਹੈ। ਸ: ਛੀਨਾ ਨੇ ਕਿਹਾ ਕਿ ਇੰਟਰਨੈੱਟ ‘ਤੇ ਕਿਸੇ ਵੀ ਵਿਸ਼ੇ ਦੀ ਜਾਣਕਾਰੀ ਲੈਣਾ ਸਭ ਤੋਂ ਅਸਾਨ ਹੈ ਪਰ ਜੋ ਅਨੁਭਵ ਤੇ ਆਨੰਦ ਕਿਤਾਬਾਂ ਤੋਂ ਹਾਸਲ ਹੁੰਦਾ ਹੈ, ਉਸਦਾ ਆਪਣਾ ਹੀ ਪ੍ਰਭਾਵ ਹੈ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਉਕਤ ਪੁਸਤਕ ਮੇਲਾ ਵਿਦਿਆਰਥੀਆਂ ਵਿੱਚ ਕਿਤਾਬਾਂ ਪੜ੍ਹਣ ਦੇ ਸ਼ੌਕ ਨੂੰ ਉਜਾਗਰ ਕਰਨ ਦੇ ਮੰਤਵ ਨਾਲ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪੁਸਤਕ ਮੇਲੇ ਵਿਦਿਆਰਥੀਆਂ ਵਿੱਚ ਕਿਤਾਬਾਂ ਪ੍ਰਤੀ ਘੱਟ ਰਹੀ ਦਿਲਚਸਪੀ ਨੂੰ ਉਜਾਗਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪੁਸਤਕ ਮੇਲੇ ਦੌਰਾਨ ਪੰਜਾਬੀ ਸਾਹਿਤ, ਰਚਨਾਵਾਂ, ਹਿੰਦੀ, ਇੰਗਲਿਸ਼, ਪੋਲੀਟੀਕਲ ਸਾਇੰਸ, ਇਕਨਾਮਕਿਸ, ਇਤਿਹਾਸ, ਫ਼ਿਜੀਕਲ ਐਜ਼ੂਕੇਸ਼ਨ, ਕਾਮਰਸ ਅਤੇ ਗਣਿਤ, ਗੁਰੂ ਮਹਾਰਾਜ ਦੀਆਂ ਸਾਖੀਆਂ, ਪੰਜਾਬੀ ਵਿਰਸੇ ਦੀ ਝਾਤ ਪਾਉਂਦੀਆਂ ਪੁਸਤਕਾਂ, ਸ਼ਬਦ ਕੋਸ਼, ਕਾਨੂੰਨੀ ਸੇਵਾਵਾਂ, ਵਿਗਿਆਨ ਬਾਰੇ, ਕੰਪਿਊਟਰ ਦੀ ਜਾਣਕਾਰੀ ਸਬੰਧੀ ਆਦਿ ਤੋਂ ਇਲਾਵਾ ਅਣਗਿਣਤ ਕਿਤਾਬਾਂ ਦਾ ਜਖ਼ੀਰਾ ਸਜਾਇਆ ਗਿਆ ਹੈ। ਪੁਸਤਕ ਮੇਲੇ ਦੌਰਾਨ ਡਾ. ਨਵਨੀਨ ਬਾਵਾ ਪ੍ਰੋ: ਜੇ. ਐੱਸ. ਅਰੋੜਾ, ਡਾ. ਜਸਜੀਤ ਕੌਰ ਰੰਧਾਵਾ, ਪ੍ਰੋ: ਸੁਖਬੀਰ ਸਿੰਘ, ਪ੍ਰੋ: ਦਲਜੀਤ ਸਿੰਘ, ਪ੍ਰੋ: ਅਮਨਦੀਪ ਸਿੰਘ, ਪ੍ਰੋ: ਜੋਰਾਵਰ ਸਿੰਘ, ਪ੍ਰੋ: ਜਸਵਿੰਦਰ ਸਿੰਘ, ਲਾਇਬ੍ਰੇਰੀਅਨ ਸ: ਸੁਖਦੇਵ ਸਿੰਘ, ਅੰਡਰ ਸੈਕਟਰੀ-ਕਮ-ਡਿਪਟੀ ਡਾਇਰੈਕਟਰ ਡੀਐੱਸ. ਰਟੌਲ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਤੇ ਹੋਰ ਸਟਾਫ਼ ਹਾਜ਼ਰ ਸੀ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply