ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਏ.ਪੀ.ਐਲ (ਅਮਨਦੀਪ ਪ੍ਰੀਮੀਅਰ ਲੀਗ)-2019 ਕ੍ਰਿਕੇਟ ਲੀਗ ਦਾ ਪੂਰੀ ਧੂਮ-ਧਾਮ ਨਾਲ ਅਮਨਦੀਪ ਕ੍ਰਿਕੇਟ ਸਟੇਡੀਅਮ ਸੁਲਤਾਨਵਿੰਡ ਕੈਨਾਲ ਰੋਡ ਅੰਮ੍ਰਿਤਸਰ ਵਿਖੇ ਸ਼ੁਭਆਰੰਭ ਹੋਇਆ।ਇਸ ਟੂਰਨਾਮੈਂਟ ‘ਚ ਦੇਸ਼ ਭਰ ਤੋਂ 8 ਟੀਮਾਂ ਭਾਗ ਲੈ ਰਹੀਆਂ ਹਨ।ਅੱਜ ਬਾਅਦ ਦੁਪਹਿਰ ਡੀ ਸੀ ਅੰਮ੍ਰਿਤਸਰ ਸ਼ਿਵ ਦੁਲਾਰ ਸਿੰਘ ਢਿੱਲੋਂ ਉਚੇਚੇ ਤੌਰ ‘ਤੇ ਅਮਨਦੀਪ ਕ੍ਰਿਕੇਟ ਸਟੇਡੀਅਮ ਮੁੱਖ-ਮਹਿਮਾਨ ਵਜੋਂ ਪਹੁੰਚੇ ਅਤੇ ਟੂਰਨਾਮੈਂਟ ਦਾ ਰਸਮੀ ਉਦਘਾਟਨ ਕੀਤਾ।ਉਨ੍ਹਾਂ ਦੇ ਨਾਲ ਏ.ਡੀ.ਸੀ ਤਰਨ ਤਾਰਨ ਸੰਦੀਪ ਰਿਸ਼ੀ, ਰੋਹਿਤ ਗੁਪਤਾ ਪ੍ਰਸ਼ਾਸ਼ਕ ਗਮਾਡਾ, ਅਮਿਤ ਸ਼ਰਮਾ ਐਮ.ਡੀ ਏ.ਸੀ.ਈ.ਟੀ ਦਿਲਜੀਤ ਸਿੰਘ, ਡਾ. ਸੰਤੋਖ ਸਿੰਘ, ਡਾ. ਅਮਨਦੀਪ ਕੌਰ, ਡਾ. ਸ਼ਹਿਬਾਜ਼ ਸਿੰਘ, ਡਾ. ਅਨੂੰਪ੍ਰੀਤ ਕੌਰ, ਕੋਚ ਹਰਵਿੰਦਰ ਹੈਰੂ, ਮਨੀਸ਼ ਸ਼ਰਮਾ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ
ਟੂਰਨਾਮੈਂਟ ਦੇ ਉਦਘਾਟਨ ਮੌਕੇ ਵਿਸ਼ੇਸ਼ ਜਰੂਰਤਾਂ ਵਾਲੇ ਇਬਾਦਤ ਸਕੂਲ ਦੇ ਬੱਚਿਆਂ ਨੇ ਪ੍ਰਿੰਸੀਪਲ ਸ਼ਿਲਪੀ ਗਾਂਗੁਲੀ ਅਤੇ ਡਾਇਰੈਕਟਰ ਮੋਹਿਤ ਦੀ ਅਗਵਾਈ ਹੇਠ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।ਲਵਲੀ ਕ੍ਰਿਕੇਟ ਅਰੋੜਾ ਡਾਇਰੈਕਟਰ ਏ.ਸੀ.ਏ ਨੇ ਦਰਸ਼ਕਾਂ ਅਤੇ ਖਿਡਾਰੀਆਂ ਲਈ ਬਹੁਤ ਹੀ ਆਕਰਸ਼ਕ ਇਨਾਮਾਂ ਦਾ ਐਲਾਨ ਕੀਤਾ ।
ਟੂਰਨਾਮੈਂਟ ਦੇ ਪਹਿਲੇ ਮੈਚ ‘ਚ ਕੇ.ਆਈ.ਸੀ.ਸੀ, ਲੁਧਿਆਣਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।ਕੇ.ਆਈ.ਸੀ.ਸੀ ਦੀ ਟੀਮ ਨੇ ਕੈਪਟਨ ਤਲਵਿੰਦਰ ਪ੍ਰਿੰਸ ਦੇ ਸ਼ਾਨਦਾਰ 57 ਦੌੜਾਂ ਦੀ ਬਦੌਲਤ ਨਿਰਧਾਰਤ 20 ਓਵਰਾਂ ‘ਚ 6 ਵਿਕਟਾਂ ਪਿੱਛੇੇ 131 ਦੌੜਾਂ ਬਣਾਈਆਂ।ਜਵਾਬ ‘ਚ ਬੱਲੇਬਾਜ਼ੀ ਕਰਨ ਉਤਰੀ ਅਜੀਤ ਮੈਮੋਰੀਅਲ ਕ੍ਰਿਕੇਟ ਕਲੱਬ ਦੀ ਟੀਮ ਦੀ ਸ਼ੁਰੁਆਤ ਵੀ ਕੋਈ ਬਹੁਤੀ ਵਧੀਆ ਨਹੀਂ ਰਹੀ ਅਤੇ 10 ਓਵਰਾਂ ‘ਚ ਸਿਰਫ਼ 34 ਦੌੜਾਂ ਬਣਾ ਸਕੇ।ਪਰ ਇਸ ਤੋਂ ਬਾਅਦ ਸ਼ਿਵਮ ਸਿੰਘ ਅਤੇ ਪਰਮਵੀਰ ਨੇ ਮੈਦਾਨ ਦੇ ਸਾਰੇ ਪਾਸੇ ਚੌਕਿਆਂ-ਛੱਕਿਆਂ ਦੀ ਬਰਸਾਤ ਕਰ ਦਿੱਤੀ। ਪਰਮਵੀਰ ਨੇ 4 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 42 ਗੇਂਦਾਂ ‘ਤੇ ਸ਼ਾਨਦਾਰ 55 ਦੌੜਾਂ ਬਣਾਈਆਂ।ਮੈਚ ਦਾ ਫ਼ੈਸਲਾ ਆਖਰੀ ਗੇਂਦ ‘ਤੇ ਹੋਇਆ।ਇਹ ਮੈਚ ਅਜੀਤ ਮੈਮੋਰੀਅਲ ਕ੍ਰਿਕੇਟ ਕਲੱਬ ਨੇ 2 ਵਿਕਟਾਂ ਨਾਲ ਜਿੱਤ ਲਿਆ।ਪਰਮਵੀਰ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ ਜਿਸ ਨੇ ਸ਼ਾਨਦਾਰ 55 ਰਨਾਂ ਦੇ ਨਾਲ ਨਾਲ 4 ਓਵਰਾਂ ‘ਚ ਸਿਰਫ਼ 17 ਰਨ ਦੇ ਕੇ 3 ਵਿਕਟਾਂ ਵੀ ਹਾਸਿਲ ਕੀਤੀਆਂ ।
ਦੂਜਾ ਮੈਚ, ਜੋਕਿ ਟੂਰਨਾਮੈਂਟ ਦਾ ਪਹਿਲਾ ਡੇ-ਨਾਈਟ ਮੈਚ ਸੀ, ਅਮਨਦੀਪ ਕ੍ਰਿਕੇਟ ਅਕੈਡਮੀ (ਏ.ਸੀ.ਏ) ਅਤੇ ਹਰਿਆਣਾ ਕ੍ਰਿਕੇਟ ਅਕੈਡਮੀ (ਐਚ.ਸੀ.ਏ) ਦਰਮਿਆਨ ਖੇਡਿਆ ਗਿਆ।ਏ.ਸੀ.ਏ ਟੀਮ ਦੀ ਸ਼ੁਰੂਆਤ ਵੀ ਕੋਈ ਬਹੁਤੀ ਵਧੀਆ ਨਹੀਂ ਰਹੀ ਅਤੇ ਉਸ ਦੇ 4 ਖਿਡਾਰੀ ਬਹੁਤ ਘੱਟ ਸਕੋਰ ‘ਤੇ ਹੀ ਪੈਵੇਲਿਅਨ ਪਰਤ ਗਏ।ਏ.ਸੀ.ਏ ਦੇ ਲਲਿਤ ਯਾਦਵ ਅਤੇ ਅਭਿਨਵ ਸ਼ਰਮਾ ਨੇ ਕ੍ਰਮਵਾਰ 59 ਅਤੇ 41 ਰਨਾਂ ਦੀਆਂ ਸ਼ਾਨਦਾਰ ਪਾਰੀਆਂ ਖੇਡੀਆਂ। ਏਸੀਏ ਨੇ ਨਿਰਧਾਰਤ 20 ਓਵਰਾਂ ‘ਚ 7 ਵਿਕਟਾਂ ਗਵਾ ਕੇ 156 ਦੌੜਾਂ ਬਣਾਈਆਂ।ਐਚ.ਸੀ.ਏ ਦੀ ਟੀਮ ਸ਼ੁਰੂ ਤੋਂ ਹੀ ਕੋਈ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ। ਮੋਹਿਤ ਕਲਿਆਣ ਦੇ 27 ਅਤੇ ਦੀਪਕ ਪੁਨਿਆ ਦੇ 36 ਰਨਾਂ ਦੀ ਮਦਦ ਨਾਲ ਕੁਝ ਸਨਮਾਨ-ਜਨਕ ਸਕੋਰ ਬਣ ਸਕਿਆ।ਪੂਰੀ ਟੀਮ ਨਿਰਧਾਰਤ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 133 ਰਨ ਬਣਾ ਸਕੀ।ਏ.ਸੀ.ਏ ਨੇ ਇਹ ਮੈਚ 23 ਰਨਾਂ ਨਾਲ ਜਿੱਤ ਲਿਆ।ਮੈਨ ਆਫ਼ ਦਾ ਮੈਚ ਲਲਿਤ ਯਾਦਵ ਨੂੰ ਐਲਾਨਿਆ ਗਿਆ।ਦੂਜੇ ਮੈਚ ‘ਚ ਏ.ਡੀ.ਸੀ ਡਾ. ਹਿਮਾਂਸ਼ੂ ਅਗਰਵਾਲ, ਡਾ. ਕੇ.ਡੀ ਸਿੰਘ ਰਜਿਸਟਰਾਰ ਪੀ.ਐਨ.ਆਰ.ਸੀ ਅਤੇ ਰੋਹਿਤ ਸ਼ਰਮਾ ਬਰਾਂਚ ਮੈਨੇਜਰ ਸਟਾਰ ਹੈਲਥ ਇੰਸ਼ੋਰੈਂਸ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।ਇਸ ਮੌਕੇ ਡਾ. ਰਵੀ ਮਹਾਜਨ ਤੇ ਡਾ. ਏ.ਏ ਮਹਿਰਾ ਵੀ ਮੌਜੂਦ ਰਹੇ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …