Thursday, September 19, 2024

ਸਰਬੱਤ ਦਾ ਭਲਾ ਟਰੱਸਟ ਵੱਲੋਂ ਅੰਮ੍ਰਿਤਸਰ `ਚ ਜਲਦ ਖੁੱਲ੍ਹਣਗੀਆਂ 4 ਕਲੀਨੀਕਲ ਲੈਬਾਰਟਰੀਆਂ – ਡਾ. ਓਬਰਾਏ

ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਤੇ ਐਸ.ਐਸ.ਪੀ ਦਿਹਾਤੀ ਨੇ ਡਾ. ਓਬਰਾਏ ਨਾਲ ਕੀਤੀ ਮੀਟਿੰਗ
 ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਸਰਬੱਤ ਦਾ PUNJ0307201907ਭਲਾ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਸਮੇਤ ਹੋਰਨਾਂ ਰਾਜਾਂ `ਚ ਪਹਿਲੇ ਪੜਾਅ ਦੌਰਾਨ ਖੋਲ੍ਹੀਆਂ ਜਾ ਰਹੀਆਂ 50 ਕਲੀਨਿਕਲ ਲੈਬਾਰਟਰੀਆਂ ਤੇ ਡਾਇਗਨੋਸਟਿਕ ਸੈਂਟਰਾਂ ਦੀ ਲੜੀ ਤਹਿਤ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਬਹੁਤ ਜਲਦ 4 ਲੈਬਾਰਟਰੀਆਂ ਤੇ ਡਾਇਗਨੋਸਟਿਕ ਸੈਂਟਰ ਖੁੱਲ੍ਹਣ ਜਾ ਰਹੇ ਹਨ।
      ਅੰਮ੍ਰਿਤਸਰ ਵਿਖੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਅਤੇ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ ਵਿਕਰਮਜੀਤ ਦੁੱਗਲ ਨਾਲ ਵਿਸ਼ੇਸ਼ ਮੀਟਿੰਗ ਕਰਨ ਉਪਰੰਤ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਤੇ ਉੱਘੇ ਸਮਾਜ ਸੇਵੀ ਡਾ. ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਪੰਜਾਬ ਵਿੱਚ 30, ਹਰਿਆਣਾ `ਚ 6, ਹਿਮਾਚਲ `ਚ 6 ਜਦ ਕਿ ਰਾਜਸਥਾਨ `ਚ 8 ਸੰਨੀ ਓਬਰਾਏ ਕਲੀਨਿਕਲ ਲੈਬਾਰਟਰੀਆਂ ਤੇ ਡਾਇਗਨੋਸਟਿਕ ਸੈਂਟਰਾਂ ਦੀ ਦੀ ਸਥਾਪਨਾ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ ਕਰੀਬ 8 ਲੈਬਾਰਟਰੀਆਂ ਖੁੱਲ ਚੁੱਕੀਆਂ ਹਨ ਜਦ ਕੇ ਬਾਕੀ 22 ਲੈਬਾਰਟਰੀਆਂ ਦੀ ਸਥਾਪਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਿਆਂ ਦੀਆਂ ਇਮਾਰਤਾਂ ਅੰਦਰ ਟਰੱਸਟ ਆਪਣੇ ਖਰਚੇ `ਤੇ ਕਰੇਗੀ।ਉਨ੍ਹਾਂ ਦੱਸਿਆ ਕਿ ਇਸ ਲੜੀ ਤਹਿਤ ਅੰਮ੍ਰਿਤਸਰ ਵਿਖੇ ਬਹੁਤ ਹੀ ਜਲਦ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਸ਼ਹੀਦਾਂ ਸਾਹਿਬ, ਸ੍ਰੀ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਡੀ ਬਲਾਕ ਰਣਜੀਤ ਐਵੀਨਿਊ ਤੇ ਪੁਲਿਸ ਲਾਈਨ ਅੰਮ੍ਰਿਤਸਰ ਦਿਹਾਤੀ ਵਿਖੇ ਇਹ ਲੈਬਾਰਟਰੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ।ਓਬਰਾਏ ਨੇ ਦੱਸਿਆ ਕਿ ਇਨ੍ਹਾਂ ਲੈਬਾਰਟਰੀਆਂ ਅੰਦਰ ਜਿੱਥੇ ਮੁੱਢਲੇ ਟੈਸਟ ਬਿਲਕੁੱਲ ਮੁਫ਼ਤ ਕੀਤੇ ਜਾਣਗੇ ਉੱਥੇ ਹੀ ਬਾਕੀ ਟੈਸਟ ਕੇਵਲ ਲਾਗਤ ਮੁੱਲ (ਨਾ ਮਾਤਰ) ਤੇ ਹੀ ਕੀਤੇ ਜਾਣਗੇ।ਉਨ੍ਹਾਂ ਦੱਸਿਆ ਕਿ ਜਿਹੜੇ ਕੁੱਝ ਟੈਸਟ ਟਰੱਸਟ ਦੀ ਲੈਬ ਵਿੱਚ ਉਪਲੱਬਧ ਨਹੀਂ ਹੋਣਗੇ ਉਹ ਟੈਸਟ ਟਰੱਸਟ ਵਲੋਂ ਹੋਰਨਾਂ ਮਿਆਰੀ ਲੈਬਾਂ ਤੋਂ ਆਪਣੇ ਪੱਧਰ ਤੇ ਮਰੀਜ਼ ਨੂੰ ਅੱਧੀ ਤੋਂ ਵੀ ਘੱਟ ਕੀਮਤ ਤੇ ਕਰਵਾ ਕੇ ਦਿੱਤੇ ਜਾਣਗੇ।ਜਿਸ ਦਾ ਆਮ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ ।
       ਓਬਰਾਏ ਨੇ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਆਉਂਦੇ ਦਿਨਾਂ `ਚ ਪੰਜਾਬ ਸਮੇਤ ਹੋਰਨਾਂ ਰਾਜਾਂ ਅੰਦਰ ਵੱਡੇ ਪੱਧਰ `ਤੇ ਦਵਾਈ ਦੀਆਂ ਕਿਫਾਇਤੀ ਦੁਕਾਨਾਂ ਵੀ ਖੋਲ੍ਹੀਆਂ ਜਾ ਰਹੀਆਂ ਹਨ, ਜਿਨ੍ਹਾਂ ਤੋਂ ਲੋੜਵੰਦ ਮਰੀਜ਼ਾਂ ਨੂੰ ਬਹੁਤ ਹੀ ਘੱਟ ਭਾਅ `ਤੇ ਦਵਾਈਆਂ ਦਿੱਤੀਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਿੱਖਿਆ ਤੇ ਹੋਰਨਾਂ ਖੇਤਰਾਂ `ਚ ਕੀਤੇ ਜਾ ਰਹੇ ਹਜ਼ਾਰਾਂ ਕੰਮਾਂ ਤੋਂ ਇਲਾਵਾ ਸੈਂਕੜੇ ਕੈਂਸਰ ਦੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੇਣ ਤੋਂ ਇਲਾਵਾ ਚਿੱਟੇ ਮੋਤੀਏ ਤੋਂ ਪੀੜਤ ਮਰੀਜ਼ਾਂ ਦੇ ਅਪਰੇਸ਼ਨ ਕਰ ਕੇ ਮੁਫਤ ਲੈਨਜ਼ ਪਾਏ ਜਾ ਰਹੇ ਹਨ ਜਦ ਕਿ ਹੁਣ ਤੱਕ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਲਈ 176 ਕਫਾਇਤੀ ਡਾਇਲਸੈੱਸ ਯੂਨਿਟ ਲਾਏ ਜਾ ਚੁੱਕੇ ਹਨ, ਜਿਨ੍ਹਾਂ ਚੋਂ ਪੰਜਾਬ ਅੰਦਰ 90 ਜਦ ਕਿ ਇਕੱਲੇ ਚੰਡੀਗੜ੍ਹ ਅੰਦਰ ਹੀ 12 ਯੂਨਿਟ ਚੱਲ ਰਹੇ ਹਨ।ਜਿਨ੍ਹਾਂ ਅੰਦਰ ਕੁੱਝ ਥਾਵਾਂ `ਤੇ ਬਿਲਕੁੱਲ ਮੁਫ਼ਤ ਜਦ ਕਿ ਕੁੱਝ `ਤੇ ਕੇਵਲ 250 ਰੁਪਏ ਤੋਂ ਲੈ ਕੇ 700 ਰੁਪਏ ਤੱਕ ਹਰ ਰੋਜ਼ ਸੈਕੜੇ ਮਰੀਜ਼ਾਂ ਦੇ ਡਾਇਲਸੈੱਸ ਕੀਤੇ ਜਾ ਰਹੇ ਹਨ।ਜਦਕਿ ਟਰੱਸਟ ਵੱਲੋਂ ਇੱਕ ਸਾਲ ਅੰਦਰ ਲੋੜਵੰਦ ਮਰੀਜ਼ਾਂ ਨੂੰ 50,000 ਮੁਫ਼ਤ ਡਲਾਈਜ਼ਰ ਕਿੱਟਾਂ ਵੰਡਣ ਦਾ ਟੀਚਾ ਮਿੱਥਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਟਰੱਸਟ ਵੱਲੋਂ ਪਹਿਲੇ ਪੜਾਅ `ਚ ਵੱਖ-ਵੱਖ ਸ਼ਹਿਰਾਂ ਨੂੰ ਵਧੀਆ ਕੁਆਲਿਟੀ ਦੀਆਂ 20 ਐਂਬੂਲੈਂਸ ਗੱਡੀਆਂ ਦਾਨ ਦੇਣ ਦਾ ਵੀ ਟੀਚਾ ਹੈ, ਜਿਸ ਅਧੀਨ ਹੁਣ ਤੱਕ 7 ਗੱਡੀਆਂ ਦਿੱਤੀਆਂ ਵੀ ਜਾ ਚੁੱਕੀਆਂ ਹਨ ।
        ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਨੇ ਸਮੂਹ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਟਰੱਸਟ ਵੱਲੋਂ ਦਿੱਤੀਆਂ ਜਾ ਰਹੀ ਹੈ।ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ  ਲੈਣ ਲਈ ਆਪਣੇ ਜ਼ਿਲ੍ਹੇ ਅੰਦਰ ਸਥਾਪਿਤ ਟਰੱਸਟ ਦੀਆਂ ਇਕਾਈਆਂ ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦੇ ਹਨ ਜਦ ਕਿ ਇਸ ਸਬੰਧੀ ਸਾਰੀ ਜਾਣਕਾਰੀ ਇੰਟਰਨੈੱਟ `ਤੇ ਵੀ ਉਪਲੱਬਧ ਹੋਵੇਗੀ।
      ਇਸ ਮੌਕੇ ਟਰੱਸਟ ਦੇ ਮੀਡੀਆ ਇੰਚਾਰਜ ਰਵਿੰਦਰ ਸਿੰਘ ਰੋਬਿਨ, ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ, ਰਜਿੰਦਰ ਸਿੰਘ ਮਰਵਾਹ, ਪ੍ਰਿੰਸੀਪਲ ਰਿਪੂ ਦਮਨ ਸਮੇਤ ਹੋਰ ਵੀ ਮੈਂਬਰ ਮੌਜੂਦ ਸਨ।

 

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply