ਹਰਮਨਜੀਤ ਇੱਕ ਅਜਿਹੀ ਸ਼ਖ਼ਸ਼ੀਅਤ ਹੈ, ਜਿਸ ਨੇ ਬਹੁਤ ਥੋੜ੍ਹੇ ਸਮੇਂ `ਚ ਪੰਜਾਬੀ ਸਾਹਿਤ ਜਗਤ ਵਿੱਚ ਆਪਣੀ ਕਲਮ, ਸ਼ਬਦਾਬਲੀ, ਅਤੇ ਨਿਵੇਕਲ਼ੇ ਵਿਸ਼ਿਆਂ ਦੇ ਨਾਲ਼ ਇੱਕ ਵਿਲੱਖਣ ਪਛਾਣ ਬਣਾਈ ਹੈ।ਹਰਮਨਜੀਤ ਦੀ 2015 `ਚ ਆਈ ਪਲੇਠੀ ਬਹੁਚਰਚਿਤ ਕਿਤਾਬ `ਰਾਣੀ ਤੱਤ` (ਸੋਹਿਲੇ ਧੂੜ ਮਿੱਟੀ ਕੇ) ਵਿਚਲੀ ਕਵਿਤਾ ਅਤੇ ਵਾਰਤਕ ਨੇ ਵਿਸ਼ਵ ਦੇ ਕੋਨੇ-ਕੋਨੇ ਵਿੱਚ ਵੱਸਦੇ ਪੰਜਾਬੀ ਪਾਠਕਾਂ ਦਾ ਇਸ ਕਦਰ ਹੁੰਗਾਰਾ ਮਿਲ਼ਿਆ ਕਿ 22 ਜੂਨ 2017 ਨੂੰ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਹਰਮਨਜੀਤ ਦੀ ਝੋਲ਼ੀ ਪਿਆ।
ਮਾਨਸਾ ਜਿਲ਼੍ਹੇ ਦੇ ਖਿਆਲ਼ਾ ਕਲਾਂ ਵਿੱਚ ਜਨਮੇ 28 ਸਾਲਾ ਹਰਮਨਜੀਤ ਨੇ ਮੁੱਢਲੀ ਸਿੱਖਿਆ, ਰੱਲਾ ਦੇ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਮਾਡਰਨ ਇੰਸਟੀਚਿਊਟ ਆਫ਼ ਐਜੂਕੇਸ਼ਨ, ਬੀਰ ਕਲਾਂ (ਸੰਗਰੂਰ) ਤੋਂ ਈ.ਟੀ.ਟੀ ਦਾ ਕੋਰਸ ਕੀਤਾ।ਉਸ ਨੇ ਗਰੈਜੂਏਸ਼ਨ ਗੁਰੂ ਨਾਨਕ ਕਾਲਜ ਬੁਢਲਾਢਾ ਤੋਂ ਕੀਤੀ।ਹੁੁਣ ਉਹ ਬਤੌਰ ਪ੍ਰਾਇਮਰੀ ਅਧਿਆਪਕ ਸੇਵਾ ਨਿਭਾਅ ਰਿਹਾ ਹੈ।
ਵਿਸ਼ਾ ਕਾਦਰ ਦੇ ਨੇੜੇ ਹੋਵੇ ਜਾਂ ਕੁਦਰਤ ਦੇ, ਗੱਲ ਇਸ਼ਕ ਪਿਆਰ ਦੀ ਹੋਵੇ ਜਾਂ ਮਨੁੱਖੀ ਰਿਸ਼ਤਿਆਂ ਦੀ, ਹਰਮਨ ਹਰ ਵਿਸ਼ੇ ਨੂੰ ਬਹੁਤ ਹੀ ਬਾਖ਼ੂਬੀ ਅਤੇ ਸਲੀਕੇ ਨਾਲ਼ ਆਪਣੀ ਮਾਂ-ਬੋਲੀ ਦੇ ਸੁਰੀਲੇ ਸ਼ਬਦਾਂ ਵਿੱਚ ਅਜਿਹਾ ਲੜੀਬੱਧ ਪਰੋਂਦਾ ਹੈ ਕਿ ਪੜ੍ਹਨ ਸੁਣਨ ਵਾਲ਼ਾ ਹਰ ਸਰੋਤਾ ਕੀਲਿਆ ਜਾਂਦਾ ਹੈ।ਇਸ ਦਾ ਅੰਦਾਜ਼ਾ, ਉਸ ਦਾ ਧਾਰਮਿਕ ਗੀਤ `ਆਰ ਨਾਨਕ ਪਾਰ ਨਾਨਕ` ‘ਤੇ ਵੰਡ ਮੌਕੇ ਆਪਣਿਆਂ ਤੋਂ ਵਿੱਛੜੇ ਦਿਲਾਂ ਦਾ ਦਰਦ, `ਮਿੱਟੀ ਦਾ ਪੁਤਲਾ` ਜਾਂ ਮਾਂ, ਭੈਣ ਅਤੇ ਭਰਾ ਦੇ ਰੂਹੀ ਰਿਸ਼ਤੇ ਦੀ ਗੱਲ ਕਰਦਾ ਉਸ ਦਾ ਗੀਤ `ਕਿਤਾਬਾਂ ਵਾਲ਼ਾ ਰੱਖਣਾ` ਆਦਿ ਸੁਣ ਕੇ ਸਹਿਜੇ ਹੀ ਲਗਾਇਆ ਜਾ ਸਕਦਾ ਹੈ।ਉਸ ਦੀ ਹਰ ਰਚਨਾ ਤੁਹਾਨੂੰ ਕੁਦਰਤ ਅਤੇ ਤੁੁਹਾਡੇ ਪਿਛੋਕੜ ਨਾਲ਼ ਜੋੜਨ ਦੇ ਨਾਲ-ਨਾਲ ਰੂਹ ਤੱਕ ਟੁੰਬਣ ਦੀ ਸ਼ਕਤੀ ਰੱਖਦੀ ਹੈ।
ਅੱਜਕਲ ਜਿਥੇ ਗੰਧਲੀ ਗਾਇਕੀ ਅਤੇ ਗੀਤਕਾਰੀ ਦਾ ਬੋਲਬਾਲਾ ਹੈ ਅਜਿਹੇ ‘ਚ ਹਰਮਨਜੀਤ ਨੇ ਚਿੱਕੜ ਵਿੱਚ ਕਮਲ ਵਾਂਗ ਖਿੜ ਕੇ, ਨਵੇਂ ਅਤੇ ਵਿਲੱਖਣ ਵਿਸ਼ਿਆਂ ਨਾਲ਼ ਪੰਜਾਬੀ ਸੰਗੀਤ ਜਗਤ ਨੂੰ ਨਵਾਂ ਮੋੜ ਦਿੱਤਾ ਹੈ।ਉਦੇ ਗੀਤਾਂ ਚੋਂ ਲੌਂਗ-ਲਾਚੀ, ਰੂਹ ਦੇ ਰੁੱਖ, ਸ਼ੀਸ਼ਾ, ਚਿੜੀ ਬਲੌਰੀ, ਕਾਲ਼ਾ ਸੂਟ, ਗੁਲਾਬੀ ਪਾਣੀ, ਦਰਸ਼ਣ ਮਹਿੰਗੇ ਆਦਿ ਗੀਤਾਂ ਨੇ ਪੰਜਾਬੀ ਸੰਗੀਤ ਜਗਤ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ।ਇਹਨਾਂ ਤੋਂ ਇਲਾਵਾ ਯੂ-ਟਿਊਬ ਤੇ ਮਨਪ੍ਰੀਤ ਸਿੰਘ ਦੇ ਗਾਏ, ਹਰਮਨ ਦੇ, ਕਿਤਾਬਾਂ ਵਾਲ਼ਾ ਰੱਖਣਾ, ਕੁੜੀਆਂ ਕੇਸ ਵਾਹੁੰਦੀਆਂ ਨੇ, ਸੁਖਮਨ-ਸੁਖਮਨ, ਕਿਸੇ ਦਾ ਪਿਆਰ ਪਾਵਣ ਨੂੰ ਆਦਿ ਗੀਤ ਚਰਚਾ ਦਾ ਵਿਸ਼ਾ ਹਨ। ਉਮੀਦ ਹੈ ਕਿ ਉਹ ਆਉਣ ਵਾਲ਼ੇ ਸਮੇਂ ਵਿੱਚ ਵੀ ਆਪਣੀ ਕਲਮ ਦੇ ਜਾਦੂ ਨੂੰ ਇਸੇ ਤਰ੍ਹਾਂ ਬਰਕਰਾਰ ਰੱਖੇਗਾ।
ਅੰਤ ਪ੍ਰਮਾਤਮਾ ਅੱਗੇ ਇਹੀ ਦੁਆ ਹੈ ਕਿ ਪੰਜਾਬੀ ਸਾਹਿਤ ਜਗਤ ਦਾ ਇਹ ਹੀਰਾ ਅਤੇ ਮਾਂ-ਬੋਲੀ ਪੰਜਾਬੀ ਦਾ ਇਹ ਸਪੂਤ, ਇਸੇ ਤਰ੍ਹਾ ਹੀ ਲੋਕਾਂ ਦੇ ਦਿਲਾਂ `ਤੇ ਰਾਜ ਕਰਦਾ ਰਹੇ ਤੇ ਲੰਮੀਆਂ ਉਮਰਾਂ ਮਾਣੇ।
ਹਰਵਿੰਦਰ ਅਖਾੜਾ
ਪਿੰਡ ਤੇ ਡਾਕਖਾਨਾ ਅਖਾੜਾ
ਮੋਬਾਇਲ- 99140-21647