Friday, September 20, 2024

ਕੈਪਟਨ ਅਮਰਿੰਦਰ ਵਲੋਂ ਫਸਲੀ ਵੰਨ-ਸੁਵੰਨਤਾ ਲਈ ਵਿਆਪਕ ਮਾਡਲ ਤਿਆਰ ਕਰਨ ਦੇ ਹੁਕਮ

ਖੇਤੀਬਾੜੀ ਸਕੀਮਾਂ ਦੀ ਵਿਸਥਾਰ `ਚ ਸਮੀਖਿਆ ਕਰਨ ਲਈ ਆਖਿਆ
ਚੰਡੀਗੜ, 30 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਕਣਕ-ਝੋਨੇ ਦੇ ਫਸਲੀ ਚੱਕਰ ਨੂੰ ਖਤਮ ਕਰਨ PUNJ3007201902ਅਤੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਆਪਣੇ ਏਜੰਡੇ ਨੂੰ ਅੱਗੇ ਤੋਰਦਿਆਂ ਸੂਬਾਈ ਯੋਜਨਾ ਬੋਰਡ ਨੂੰ ਫਸਲੀ ਵੰਨ-ਸੁਵੰਨਤਾ ਲਈ ਵਿਆਪਕ ਮਾਡਲ ਉਲੀਕਣ ਲਈ ਆਖਿਆ ਹੈ।
          ਮੁੱਖ ਮੰਤਰੀ ਨੇ ਬੋਰਡ ਨੂੰ ਖੇਤੀਬਾੜੀ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਦੀ ਵਿਸਥਾਰ ਵਿੱਚ ਸਮੀਖਿਆ ਕਰਨ ਦੀ ਹਦਾਇਤ ਕੀਤੀ ਤਾਂ ਕਿ ਇਸ ਖੇਤਰ ਵਿੱਚ ਅਤਿ-ਲੋੜੀਂਦੇ ਸੁਧਾਰ ਲਿਆਂਦੇ ਜਾ ਸਕਣ।
            ਖੇਤੀਬਾੜੀ ਖੇਤਰ ਵਿੱਚ ਬਦਲਾਅ ਲਿਆਉਣ ਲਈ ਸੁਝਾਅ ਦੇਣ ਵਾਸਤੇ ਗਠਿਤ ਬੋਰਡ ਦੇ ਮੈਂਬਰਾਂ ਨਾਲ ਵਿਚਾਰ-ਚਰਚਾ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਯੋਜਨਾਬੰਦੀ ਵਿਭਾਗ ਨੂੰ ਸੂਬੇ ਵਿੱਚ ਵੱਖ-ਵੱਖ ਖੇਤੀ ਸਕੀਮਾਂ ਨਾਲ ਸਬੰਧਤ ਸਾਰੇ ਅੰਕੜਿਆਂ ਦੇ ਮਿਲਾਨ ਲਈ ਕੇਂਦਰੀਕ੍ਰਿਤ ਅੰਕੜਾ ਅਧਿਐਨ ਅਤੇ ਨਿਰੀਖਣ ਡਵੀਜ਼ਨ ਕਾਇਮ ਕਰਨ ਦੇ ਹੁਕਮ ਦਿੱਤੇ।ਉਨਾਂ ਕਿਹਾ ਕਿ ਇਸ ਨਾਲ ਠੋਸ ਨੀਤੀ ਨੂੰ ਯਕੀਨੀ ਬਣਾਉਣ ਅਤੇ ਫੈਸਲੇ ਕਰਨ ਵਿੱਚ ਸਹਾਈ ਹੋਵੇਗਾ।ਇਸੇ ਤਰਾਂ ਇਹ ਕਦਮ ਸਾਰੀਆਂ ਸਰਕਾਰੀ ਭਲਾਈ ਸਕੀਮਾਂ ਦੇ ਮੁਲਾਂਕਣ ਅਤੇ ਨਿਰੀਖਣ ਨੂੰ ਯਕੀਨੀ ਬਣਾਉਣ ਲਈ ਵੀ ਮਦਦਗਾਰ ਸਾਬਤ ਹੋਵੇਗਾ।
              ਪਾਣੀ ਦੇ ਡਿੱਗ ਰਹੇ ਪੱਧਰ `ਤੇ ਚਿੰਤਾ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਮੱਕੀ, ਕਪਾਹ ਅਤੇ ਗੰਨਾ ਦੀ ਕਾਸ਼ਤ ਵਾਲੀਆਂ ਪਾਣੀ ਦੀ ਘੱਟ ਖੱਪਤ ਵਾਲੀਆਂ ਫਸਲਾਂ ਨੂੰ ਤਰਜੀਹ ਦੇਣ ਦੀ ਲੋੜ `ਤੇ ਜ਼ੋਰ ਦਿੱਤਾ।ਉਨਾਂ ਨੇ ਬੋਰਡ ਨੂੰ ਆਖਿਆ ਕਿ ਕਿਸਾਨਾਂ ਨੂੰ ਕਣਕ-ਝੋਨੇ ਦੀਆਂ ਰਵਾਇਤਾਂ ਫਸਲਾਂ ਤੋਂ ਇਨਾਂ ਫਸਲਾਂ ਵੱਲ ਮੋੜਣ ਲਈ ਰਣਨੀਤੀ ਉਲੀਕੀ ਜਾਵੇ।
         ਮੁੱਖ ਮੰਤਰੀ ਨੇ ਬੋਰਡ ਮੈਂਬਰਾਂ ਨੂੰ ਖੇਤੀਬਾੜੀ ਪਾਸਾਰ ਸੇਵਾਵਾਂ ਬਿਊਰੋ ਦੇ ਕੰਮਕਾਜ ਦਾ ਜਾਇਜ਼ਾ ਲੈਣ ਲਈ ਵੀ ਆਖਿਆ ਤਾਂ ਜੋ ਕਿਸਾਨਾਂ ਨੂੰ ਫਸਲਾਂ ਸਬੰਧੀ ਜਾਣਕਾਰੀ ਪ੍ਰਭਾਵਸ਼ਾਲੀ ਢੰਗ ਨਾਲ ਦੇਣ ਤੋਂ ਇਲਾਵਾ ਕੀਟਨਾਸ਼ਕਾਂ ਆਦਿ ਦੇ ਸਮੇਂ ਬਾਰੇ ਸੇਧ ਦਿੱਤੀ ਜਾ ਸਕੇ।
ਖੇਤੀ ਉਤਪਾਦਨ ਲਈ ਭਵਿੱਖੀ ਮੰਡੀਕਰਨ ਰਣਨੀਤੀ ਘੜਨ ਦੀ ਲੋੜ `ਤੇ ਜ਼ੋਰ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧ ਵਿੱਚ ਸੁਝਾਅ ਦੇਣ ਲਈ ਆਖਿਆ ਤਾਂ ਕਿ ਸਾਂਝਾ ਡਿਜੀਟਲ ਪਲੇਟਫਾਰਮ ਕਾਇਮ ਕਰਕੇ ਖੇਤੀ ਉਤਪਾਦਨ ਲਈ ਲਾਹੇਵੰਦ ਭਾਅ ਨਿਸ਼ਚਤ ਕੀਤਾ ਜਾ ਸਕੇ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਖੇਤੀ ਮੰਤਵਾਂ ਲਈ ਨਿਲਾਮ ਹੁੰਦੀ ਪੰਚਾਇਤ ਵਿਭਾਗ ਦੀ ਜ਼ਮੀਨ ਵਿੱਚ ਝੋਨਾ ਲਾਉਣ `ਤੇ ਪਾਬੰਦੀ ਲਾਉਣ ਦਾ ਵੀ ਸੁਝਾਅ ਦਿੱਤਾ।
              ਯੋਜਨਾ ਬੋਰਡ ਦੇ ਉਪ ਚੇਅਰਮੈਨ ਰਾਜਿੰਦਰ ਗੁਪਤਾ ਨੇ ਉਤਪਾਦਨ ਦੇ ਮਿਆਰੀਕਰਨ `ਤੇ ਵਧੇਰੇ ਧਿਆਨ ਕੇਂਦਰਿਤ ਕਰਨ ਦਾ ਸੁਝਾਅ ਦਿੱਤਾ ਤਾਂ ਕਿ ਕੌਮਾਂਤਰੀ ਮੰਡੀ ਵਿੱਚ ਹੋਰ ਮੁਕਾਬਲੇਬਾਜ਼ੀ ਲਿਆਂਦੀ ਜਾ ਸਕੇ।
               ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੈ ਵੀਰ ਜਾਖੜ ਨੇ ਤਾਜ਼ਾ ਸਬਜ਼ੀਆਂ ਦੀ ਪੈਦਾਵਾਰ ਦੇ ਮੰਡੀਕਰਨ ਲਈ ਮਾਰਕਫੈਡ ਅਤੇ ਪੰਜਾਬ ਐਗਰੋ ਨੂੰ ਹੋਰ ਵੱਧ ਤਾਕਤਾਂ ਦੇਣ ਦੀ ਜ਼ਰੂਰਤ ਦਾ ਜ਼ਿਕਰ ਕੀਤਾ।
           ਪਟਿਆਲਾ ਬਾਗਬਾਨੀ ਦੇ ਕੇ.ਵੀ.ਐਸ ਸਿੱਧੂ ਨੇ ਖੇਤੀਬਾੜੀ ਦੇ ਵਿਕਾਸ ਲਈ ਸੂਬੇ ਦੇ ਵਸੀਲਿਆਂ ਦੀ ਨਿਰਪੱਖ ਵੰਡ ਨੂੰ ਯਕੀਨੀ ਬਣਾਉਣ ਲਈ ਖੇਤੀ ਸਬਸਿਡੀਆਂ ਦੇ ਤਰਕਸੰਗਤ ਹੋਣ ਦਾ ਵਿਚਾਰ ਪੇਸ਼ ਕੀਤਾ।
              ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ,ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਪ੍ਰਮੁੱਖ ਸਕੱਤਰ ਵਿੱਤ ਅਨੁਰਿਧ ਤਿਵਾੜੀ, ਪ੍ਰਮੁੱਖ ਸਕੱਤਰ ਯੋਜਨਾਬੰਦੀ ਜਸਪਾਲ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੇ ਉਪ ਚੇਅਰਮੈਨ ਰਾਜਿੰਦਰ ਕੌਰ ਭੱਠਲ ਤੇ ਅਮ੍ਰਿਤ ਸਾਗਰ ਮਿੱਤਲ ਤੋਂ ਇਲਾਵਾ ਭਵਦੀਪ ਸਰਦਾਨਾ, ਭਗਵੰਤ ਸਿੰਘ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply