ਮਿਲਣ ਤਾਂ ਅਸਲ ਵਿੱਚ ਮੈਂ ਆਪਣੇ ਸਹੁਰਿਆਂ ਨੂੰ ਗਿਆ ਸਾਂ।ਪਰ, ਰਾਹ ਵਿੱਚ ਸੋਚਿਆ ਕਿ ਨਾਲਦੀ ਦੀ ਭੂਆ ਦੇ ਵਿਦੇਸ਼ ਵਿੱਚ ਜਹਾਨੋਂ ਤੁਰ ਗਏ ਪੁੱਤ ਦਾ ਅਫ਼ਸੋਸ ਈ ਕਰ ਆਵਾਂ।ਘਰ ਮਿਲਿਆ, ਤਾਂ ਭੂਆ ਅੰਤਾਂ ਦੀ ਦੁੱਖੀ ਸੀ।ਭੂਆ ਨੇ ਰੋ ਰੋ ਕੇ ਅੱਖਾਂ ਸੁਜ਼ਾਈਆਂ ਹੋਈਆਂ ਸਨ।ਮੈਂ ਸੋਚਿਆ ਕਿ ਪੁੱਤ ਦੇ ਤੁਰ ਜਾਣ ਦਾ ਦੁੱਖ ਤਾਂ ਹੋਣਾ ਈ ਐ।ਮਾਂ ਨੂੰ ਪੁੱਤ ਜਾਨੋਂ ਵੱਧ ਪਿਆਰੇ ਹੁੰਦੇ।
ਭੂਆ, ਰੱਬ ਵੀ ਤਰਸ ਨਈਂ ਕਰਦਾ! ਜਵਾਨੀ ‘ਚ ਪੁੱਤ ਕਿਉਂ ਖੋ ਲੈਂਦਾ ਏਹ ਮਾਵਾਂ ਤੋਂ? ਇਹ ਬੋਲ ਬੋਲੇ ਹੀ ਸਨ ਕਿ ਭੁੱਬਾਂ ਮਾਰ ਕੇ ਰੋ ਪਈ ਭੂਆ।ਅਖੇ,
ਅੱਖਾਂ ਵੀ ਜਵਾਬ ਦੇ ਗਈਆਂ ਹੁਣ! ਦੁੱਖਾਂ ਨੇ ਖਾ ਲਿਆ ਸਾਰੀ ਉਮਰ!
ਭੂਆ, ਸਬਰ ਰੱਖ! ਕੁਦਰਤ ਦੀ ਕਰਨੀਂ ਨੂੰ ਕਿਵੇਂ ਟਾਲ਼ ਸਕਦੇ ਆਪਾਂ? ਮੇਰੇ ਇਹ ਬੋਲ ਸੁਣ ਕੇ ਭੂਆ ਨੇ ਭਰੇ ਮਨ ਨਾਲ ਕਿਹਾ,
ਪੁੱਤ, ਇੱਕ ਮਰਦਾ ਤਾਂ ਸਬਰ ਕਰ ਲੈਂਦੀ, ਮੇਰਾ ਤਾਂ ਸਾਰਾ ਖ਼ਾਨਦਾਨ ਈ ਮਰ-ਮੁੱਕ ਗਿਆ! ਕਰੋੜਾਂ ਦੀ ਜਾਇਦਾਦ ਵਾਲੀ ਤੇਰੀ ਖ਼ਾਨਦਾਨੀ ਭੂਆ, ਅੱਜ ਸਭ ਕੁੱਝ ਗਵਾ ਕੇ ਗਲ਼ੀ ਦੇ ਕੱਖਾਂ ਵਾਂਗ ਰੁਲ਼ਦੀ ਪਈ ਆ!
ਮੈਂ ਸਮਝਿਆ ਨਈਂ ਭੂਆ?
ਸੁਣ ਫਿਰ ਭੂਆ ਦੇ ਦੁੱਖ!…ਵਿਆਹੀ ਆਈ ਤਾਂ ਤੇਰਾ ਫ਼ੁੱਫ਼ੜ ਤਹਿਸੀਲ ‘ਚ ਲੱਗਾ ਸੀ ਵੱਡਾ ਅਫ਼ਸਰ।ਸ਼ਹਿਰ ‘ਚ ਆਉਣ ਕਰਕੇ ਉਦੋਂ ਦੀ ਖ਼ਰੀਦੀ ਜਾਇਦਾਦ ਕਰੋੜਾਂ ‘ਚ ਸੀ।ਘਰ ‘ਚ ਸ਼ਰਾਬ ਨੇ ਖਹਿੜਾ ਨਾ ਛੱਡਿਆ।ਪੀ ਪੀ ਕੇ ਤੇਰਾ ਫ਼ੁੱਫ਼ੜ ਈ ਤੁਰ ਗਿਆ।ਵੱਡੇ ਮੁੰਡੇ ਨੂੰ ਓਹਦੀ ਨੌਕਰੀ ਮਿਲੀ।ਸਰਕਾਰੀ ਨੌਕਰੀ ਵਾਲੀ ਨਾਲ ਓਹਦਾ ਵਿਆਹ ਕਰਤਾ।ਸ਼ਰਾਬ ਤੇ ਸਮੈਕ ਪੀ ਪੀ ਕੇ ਉਹ ਵੀ ਚੱਲਦਾ ਹੋਇਆ।ਭੂਆ ਰੋ ਰੋ ਕੇ ਦੱਸਦੀ ਜਾ ਰਹੀ ਸੀ।ਮੈਂ ਸੁਣਦਾ ਜਾ ਰਿਹਾ ਸਾਂ।ਦੁੱਖੀ ਤਾਂ ਮੈਂ ਵੀ ਬਹੁਤ ਸਾਂ।
ਫੇਰ ਭੂਆ?
ਫੇਰ ਕੀ, ਨੂੰਹ ਸਿਆਣੀ ਨਿਕਲੀ।ਦੋ ਮੁੰਡੇ ਸੀ।ਕਹਿੰਦੀ ਪੇਕੇ ਜ਼ੋਰ ਪਾਉਂਦੇ ਕਿ ਇੱਥੇ ਆ ਜਾ, ਛੱਡ ਸਹੁਰਾ ਘਰ, ਪਰ ਉਹ ਕਹਿੰਦੀ ਬੱਸ ਜਿੱਥੇ ਵਿਆਹੀ ੳੱਥੇ ਈ ਕੱਟੂੰ ਸਾਰੀ।ਦੂਜੇ ਛੋਟੇ ਮੁੰਡੇ ਨਾਲ ਓਹਦੀ ਚਾਦਰ ਪਾ ਦਿੱਤੀ।ਆਪਣੇ ਮੁੰਡਿਆਂ ਨੂੰ ਵੀ ਉਹ ਸੰਭਾਲਦੀ ਤੇ ਛੋਟੇ ਨੂੰ ਵੀ।ਛੋਟਾ ਬਿਜਲੀ ਦਾ ਕੰਮ ਕਰਦਾ ਸੀ।ਭੂਆ ਸਭ ਦੱਸੀ ਜਾ ਰਹੀ ਸੀ।
ਅੱਛਾ…ਫੇਰ?
ਛੋਟਾ ਮੁੰਡਾ ਵੀ ਨਸ਼ਿਆਂ ‘ਤੇ ਲਗ ਗਿਆ।ਨੂੰਹ ਕਰਮੀਂ ਸਿਆਣੀ ਸੀ।ਅਖੇ ‘ਨੌਕਰੀ ਛੱਡ ਕੇ ਵਿਦੇਸ਼ ਲੈ ਜਾਨੀਂ! ਘੱਟੋ ਘੱਟ ਨਸ਼ਿਆਂ ‘ਚੋਂ ਤਾਂ ਬਚ ਜਾਂ ਗੇ!’ਉਜੜਦਾ ਘਰ ਦੇਖ ਮੈਨੂੰ ਨੂੰਹ ਦੀ ਗੱਲ ਠੀਕ ਲੱਗੀ।ਸ਼ਰਾਬੀ ਕੰਬਖ਼ਤ ਨੂੰ ਸਿਆਣਾ ਜਾਣ ਜ਼ਮੀਨ ਨਾਂ ਲੁਆ ਦਿੱਤੀ ਸੀ…ਵੇਚ ਦਿੱਤੀ ਕੌਡੀਆਂ ਦੇ ਭਾਅ ਉਹ ਵੀ ਉਹਨੇ।ਨੂੰਹ ਨੇ ਵਿਦਸ਼ ਦੇ ਟੈਸਟ ਪਾਸ ਕੀਤੇ।ਵੀਜ਼ਾ ਆਇਆ।ਘਰ ‘ਚ ਰਹਿੰਦਾ ਪੈਸਾ ਵਿਦੇਸ਼ ਜਾਣ ‘ਤੇ ਲਾ ‘ਤਾ।ਦੋ ਪੋਤਿਆਂ ਤੇ ਮੇਰੇ ਮੁੰਡੇ ਜੱਸੀ ਸਮੇਤ ਕਨੇਡਾ ਜਾ ਵੱਸੇ।…ਵਧੀਆ ਰਹਿੰਦੇ ਸਨ ਸਾਰੇ ਉਥੇ।ਨੂੰਹ ਦਾ ਫ਼ੋਨ ਆਇਆ ਕਰਦਾ ਸੀ ਅਕਸਰ ਕਿ ‘ਏਥੇ ਹੋਰ ਨਸ਼ੇ ਤੇ ਨਈਂ ਮਿਲਦੇ, ਪਰ ਸ਼ਰਾਬ ਦਾ ਖਹਿੜ ਨਈਂ ਛੱਡਦਾ ਜੱਸੀ।ਕੰਮ ਵੀ ਏਸ ਨੇ ਛੱਡ ਦਿੱਤਾ।ਕੁੱਟਣ ਮਾਰਨ ਵੀ ਲੱਗ ਪਿਆ’।…ਬੱਸ ਸ਼ਰਾਬ ‘ਚ ਰੁੜ੍ਹ ਗਿਆ ਵਿਦੇਸ਼ ਵਾਲਾ ਜੱਸੀ ਵੀ!
ਭੂਆ ਏਡਾ ਜ਼ੇਰਾ ਲਈ ਬੈਠੀ ਏ ਤੂੰ! ਦੁੱਖਾਂ ਦਾ ਪਹਾੜ ਟੁੱਟਿਆ ਤੇਰੇ ‘ਤੇ!
ਪੁੱਤ, ਇਹ ਤਾਂ ਕੁੱਝ ਵੀ ਨਈਂ! ਆ ਅੱਗੇ ਵੀ ਸੁਣ!…ਆਹ ਤੀਜੇ ਮੁੰਡੇ ਮਨਜੀਤ ਕੋਲ ਰਹਿੰਦੀ ਆਂ ਹੁਣ।ਮਾਲ ਮਹਿਕਮੇਂ ‘ਚ ਲੱਗਾ ਸੀ ਠੇਕੇ ‘ਤੇ।ਮਰਿਆਂ ਤੋਂ ਵੀ ਮਾੜਾ ਨਿਕਲਿਆ ਏਹ ਤਾਂ! ਇਹਦੀ ਘਰਵਾਲੀ ਜੀਤੀ ਵੀ ਨੇੜੇ ਦੇ ਪ੍ਰਾਈਵੇਟ ਸਕੂਲ ‘ਚ ਪੜ੍ਹਾਉਂਦੀ ਆ।ਠੱਗੀ ਠੋਰੀ ਨਾਲ ਪੈਸਾ ਕਮਾਉਣ ਲੱਗ ਪਿਆ।ਵੱਡੇ ਅਫ਼ਸਰਾਂ ਨਾਲ ਬੈਣਾ-ਖਲੋ੍ਹਣਾ ਹੋਇਆ।ਵੱਡੇ ਵੱਡੇ ਹੋਟਲਾਂ ‘ਚ ਐਸ਼ ਕਰਨ ਲੱਗ ਪਿਆ।ਕਈ ਕਈ ਦਿਨ ਘਰੋਂ ਬਾਹਰ ਰਹਿਣਾ ਤੇ ਘਰ ਇੱਕ ਧੇਲਾ ਵੀ ਨਈਂ ਦੇਣਾ ਏਸਨੇ।ਨੂੰਹ ਆਪਣੀ ਤਨਖਾਹ ‘ਚੋਂ ਸਰਦਾ ਬਣਦਾ ਦੇ ਕੇ ਮੇਰਾ ਰੋਟੀ-ਟੁੱਕ ਕਰਦੀ ਰਈ ਵਿਚਾਰੀ।ਆਹ ਹੁਣ ਪਤਾ ਲੱਗਾ ਕਿ ਮਨਜੀਤ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਮਹਿਕਮੇ ਨੇ।ਸਮੈਕ ‘ਤੇ ਲੱਗਾ ਏਹ!ਬਾਹਰ ਦੀਆਂ ਰੰਨਾਂ ਦੇ ਚੱਕਰ ‘ਚ ਪੈ ਕੇ ਇਹ ਇੱਕ ਦੋ ਨਿਆਣਿਆਂ ਦੀ ਮਾਂ ਦਾ ਖ਼ਸਮ ਬਣਿਆ ਫ਼ਿਰਦਾ ਹੁਣ! ਆਹ ਘਰ ਵੀ ਵੇਚ ਦਿੱਤਾ ਸੀ ਏਹਨੇਂ।ਕਬਜ਼ਾ ਲੈਣ ਆਈ ਸੀ ਉਹ ਰੰਨ੍ਹ! ਦਰ ਦਰ ਦੇ ਥਾਣਿਆਂ ‘ਚ ਰੋਲ਼ਿਆ ਤੇਰੀ ਭੂਆ ਨੂੰ ਤੇਰੇ ਏਸ ਸਾਲੇ ਨੇ!
ਕਾਹਦਾ ਪੁੱਤ ਆ ਏਹ ਤੇਰਾ ਭੂਆ, ਜੇਹੜਾ ਪੱਤ ਈ ਨਾ ਬਚਾ ਸਕਿਆ ਤੇਰੀ??? ਮੇਰੇ ਦੁੱਖੀ ਹੋਏ ਦੇ ਬੋਲ ਨਿਕਲੇ।
ਆਹ ਜੀਤੀ ਨੇ ਆਪਣੇ ਗਹਿਣੇ ਵੇਚੇ! ਮੁੱਲ ਦੇ ਕੇ ਆਹ ਘਰ ਬਚਾਇਆ ਦੁਬਾਰਾ! ਕਹਿੰਦੀ, ‘ਮੇਰੀ ਮਾਂ ਵਰਗੀ ਸੱਸ ਦਾ ਘਰ ਏ ਇਹ! ਭਾਵੇਂ ਨਰਕ ਭੋਗਾਂ, ਮਰਨਾਂ ਵੀ ਏਸੇ ਘਰੇ ਈ ਆ ਮੈਂ!’ ਕਰੋੜਾਂ ਦੀ ਮਾਲਕ ਅੱਜ ਨਸ਼ੇੜੀ ਪੁੱਤਾਂ ਦੀਆਂ ਕਾਲੀਆਂ ਕਰਤੂਤਾਂ ਕਰਕੇ ਘਰੋਂ ਵੀ ਬੇਘਰ ਹੋਈ ਪਈਂ ਆਂ ਮੈਂ! ਕਾਹਦਾ ਖ਼ਾਨਦਾਨ? ਏਹੋ ਜਿਹੇ ਨਸ਼ੇੜੀ ਪੁੱਤਾਂ ਨਾਲੋਂ ਤਾਂ ਆਹ ਮੇਰੀਆਂ ਨੂੰਹਾਂ ਚੰਗੀਆਂ! ਘਰ ਦੀ ਇੱਜ਼ਤ ਤਾਂ ਬਚਾਉਂਦੀਆਂ ਰਈਆਂ!
ਭੂਆ ਰੋ ਰਹੀ ਸੀ।ਬੱਸ, ਇੰਝ ਲਗ ਰਿਆ ਸੀ ਮੈਨੂੰ, ਜਿਵੇਂ ਕੁਪੁੱਤਾਂ ਦੇ ਦਿੱਤੇ ਦੁੱਖਾਂ ਦੇ ਪਹਾੜ ਵਿੱਚ ਨੂੰਹਾਂ ਈ ਰੱਬ ਬਣ ਬਹੁੜੀਆਂ ਹੋਣ ਭੂਆ ਲਈ!
ਡਾ. ਪਰਮਜੀਤ ਸਿੰਘ ਕਲਸੀ (ਸਟੇਟ ਅਤੇ ਨੈਸ਼ਨਲ ਐਵਾਰਡੀ),
ਲੈਕਚਰਾਰ ਪੰਜਾਬੀ, ਪਿੰਡ ਤੇ ਡਾਕਖਾਨਾ ਊਧਨਵਾਲ,
ਜ਼ਿਲਾ੍ਹ ਗੁਰਦਾਸਪੁਰ-143505,
ਮੋ – 7068900008