Sunday, December 22, 2024

ਦੀਵਾਲੀ ਪ੍ਰਦੂਸ਼ਣ ਰਹਿਤ ਮਨਾਈਏ

  diwali  ਅਜੋਕੇ ਸਮੇਂ ‘ਚ ਸ਼ੁੱਧ ਵਾਤਾਵਰਣ ਦੀ ਚਿੰਤਾ ਨੂੰ ਲੈ ਕੇ ਪ੍ਰਦੂਸ਼ਣ ਪੂਰੇ ਸੰਸਾਰ ਵਿੱਚ ਇੱਕ ਪ੍ਰਮੁੱਖ ਮੁੱਦਾ ਹੈ।ਭਾਰਤ ਹੀ ਨਹੀਂ ਪੂਰਾ ਵਿਸ਼ਵ ਦਿਨੋ-ਦਿਨ ਵੱਧ ਰਹੇ ਪ੍ਰਦੂਸ਼ਣ ਦੀ ਸਮੱਸਿਆ ਤੋਂ ਬੇਹੱਦ ਪਰੇਸ਼ਾਨ ਹੈ ਅਤੇ ਮਾਰੂ ਬਿਮਾਰੀਆਂ ਦੀ ਗ੍ਰਿਫਤ ਵਿੱਚ ਜਕੜਿਆ ਹੋਇਆ ਹੈ।ਕਿਸੇ ਵੀ ਕੁਦਰਤੀ ਸਰੋਤ ਦੀ ਗੰਦਗੀ ਜਿਸ ਨਾਲ ਜੀਵਤ ਵਸਤਾਂ ‘ਤੇ ਨੁਕਸਾਨਦੇਹ ਪ੍ਰਭਾਵ ਪੈਂਦਾ ਹੈ, ਇਸੇ ਨੂੰ ਅਸੀਂ ਪ੍ਰਦੂਸ਼ਣ ਕਹਿੰਦੇ ਹਾਂ।ਸਾਰੀਆਂ ਤਰੱਕੀਆਂ ਵਿਅਰਥ ਹਨ ਜੇਕਰ ਮਨੁੱਖ ਸ਼ੁੱਧ ਵਾਤਾਵਰਨ ਤੋਂ ਹੀ ਵਾਂਝਾ ਰਹਿ ਜਾਵੇ। ਜਾਣੇ ਅਣਜਾਣੇ ‘ਚ ਮਨੁੱਖ ਆਪਣੀ ਹੀ ਹੋਂਦ ਸਹਾਇਕ ਕੁਦਰਤੀ ਖਜ਼ਾਨਿਆਂ ਨੂੰ ਤਬਾਹ ਕਰਨ ਵਿੱਚ ਲੱਗਾ ਹੋਇਆ ਹੈ।ਇਸ ਚਪੇਟ ਵਿੱਚ ਕੇਵਲ ਮਨੁੱਖ ਹੀ ਨਹੀਂ ਬਲਕਿ ਪੂਰਾ ਜੀਵ-ਜੰਤੂ ਵੀ ਹੈ। ਹਵਾ, ਪਾਣੀ ਅਤੇ ਸ਼ੋਰ ਪ੍ਰਦੂਸ਼ਣ ਦੀ ਸਮੱਸਿਆ ਨੇ ਵੀ ਗੰਭੀਰ ਰੂਪ ਧਾਰਨ ਕਰ ਲਿਆ ਹੈ।ਨਦੀਆਂ ਦਾ ਪਾਣੀ ਬਹੁਤ ਜਿਆਦਾ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ।ਉਦਯੋਗਿਕ ਰਸਾਇਣਾਂ ਨਾਲ ਘੁਲਿਆ ਗੰਦਾ ਪਾਣੀ, ਗੈਰ ਉਦਯੋਗਿਕ ਕੂੜਾ-ਕਰਕਟ, ਸਿੱਧਾ ਹੀ ਜਲ ਸਰੋਤਾਂ ਵਿੱਚ ਸੁੱਟਿਆ ਜਾਂਦਾ ਹੈ।ਪਲਾਸਟਿਕ ਦੇ ਲਿਫਾਫਿਆਂ ਨੇ ਵੀ ਪਾਣੀ ਨੂੰ ਅਤਿਅੰਤ ਦੂਸ਼ਿਤ ਕੀਤਾ ਹੋਇਆ ਹੈ ਨਦੀਆਂ ਹੀ ਨਹੀਂ ਸਮੁੰਦਰ ਵੀ ਪ੍ਰਦੂਸ਼ਣ ਦੀ ਮਾਰ ਹੇਠ ਹਨ।
               ਸ਼ਹਿਰਾਂ ਦੇ ਸੀਵਰੇਜ਼ ਦਾ ਗੰਦਾ ਪਾਣੀ ਨਦੀਆਂ ਰਾਹੀਂ ਸਮੁੰਦਰ ਤੱਕ ਪਹੁੰਚਦਾ ਹੈ।ਤੇਲ ਟੈਂਕਰਾਂ ਰਾਹੀਂ ਸਮੁੰਦਰ ਤੱਕ ਪਹੁੰਚਦਾ ਹੈ।ਤੇਲ ਦੇ ਟੈਂਕਰਾਂ ਨੂੰ ਹੋਣ ਵਾਲੇ ਹਾਦਸੇ, ਤੇਲ ਰਿਫਾਇਨਰੀ ਦੀਆਂ ਪਾਇਪਾਂ ਤੋਂ ਹੁੰਦਾ ਤੇਲ ਦਾ ਰਿਸਾਵ ਵੀ ਸਮੁੰਦਰ ਦੇ ਪਾਣੀ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਾਉਂਦਾ ਹੈ।ਕਿਸਾਨਾਂ ਵਲੋਂ ਫਸਲਾਂ ਦੇ ਵੱਧ ਝਾੜ ਅਤੇ ਫਸਲ ਨੂੰ ਕੀੜਿਆਂ ਤੋਂ ਬਚਾਉਣ ਲਈ ਕੀਟਨਾਸ਼ਕਾਂ ਦੀ ਵਧੇਰੀ ਵਰਤੋਂ ਕੀਤੀ ਜਾਂਦੀ ਹੈ।ਜਿਸ ਨਾਲ ਨਾ ਸਿਰਫ ਧਰਤੀ ਬਲਕਿ ਧਰਤੀ ਹੇਠਲਾ ਪਾਣੀ ਤੇ ਆਬੋ-ਹਵਾ ਵੀ ਪ੍ਰਦੂਸ਼ਿਤ ਹੋ ਰਹੀ ਹੈ।
              ਹਵਾ ਪ੍ਰਦੂਸ਼ਣ ਪੂਰੇ ਸੰਸਾਰ ਦੀ ਸਭ ਤੋਂ ਵੱਡੀ ਸਮੱਸਿਆ ਹੈ।ਅੱਜ ਹਵਾ ਦੇ ਪ੍ਰਦੂਸ਼ਿਤ ਹੋਣ ਦੇ ਅਨੇਕਾਂ ਕਾਰਨ ਹਨ ਜਿਵੇਂ ਆਟੋਮੋਬਾਇਲਜ਼ ਤੋਂ ਨਿਕਲਣ ਵਾਲਾ ਧੂੰਆਂ, ਕਿਸਾਨਾਂ ਵਲੋਂ ਪਰਾਲੀ ਨੂੰ ਲਾਈ ਜਾਣ ਵਾਲੀ ਅੱਗ, ਕਾਰਖਾਨਿਆਂ ਤੋਂ ਨਿਕਲਣ ਵਾਲਾ ਧੂੰਆਂ, ਜੈਨਰੇਟਰ, ਕੂੜੇ ਨੂੰ ਅੱਗ ਲਾਉਣਾ ਆਦਿ।ਪ੍ਰਦੂਸ਼ਣ ਵਧਣ ਦੇ ਏਨੇ ਸਾਰੇ ਕਾਰਣਾ ਤੋਂ ਬਾਅਦ ਦੀਵਾਲੀ ਵਾਲੇ ਦਿਨ ਜਦੋਂ ਵੱਡੀ ਮਾਤਰਾਂ ਵਿੱਚ ਪਟਾਖੇ ਚਲਾਏ ਜਾਂਦੇ ਹਨ ਤਾਂ ਪ੍ਰਦੂਸ਼ਣ ਦਾ ਪੱਧਰ ਏਨਾ ਜ਼ਿਆਦਾ ਵਧ ਜਾਂਦਾ ਹੈ ਕਿ ਮਨੁੱਖ ਨੂੰ ਕੀ ਜੀਵ ਜੰਤੂਆਂ ਨੂੰ ਵੀ ਸਾਹ ਲੈਣਾ ਔਖਾ ਹੋ ਜਾਂਦਾ ਹੈ।ਇਹ ਪ੍ਰਦੂਸ਼ਣ ਸਿੱਧਾ ਸਾਡੇ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ।ਜਿਸ ਨਾਲ ਕਈ ਤਰਾਂ ਦੇ ਰੋਗ ਲੱਗ ਜਾਂਦੇ ਹਨ।
                    ਦੀਵਾਲੀ ਦਾ ਤਿਉਹਾਰ ਅਸੀਂ ਰੋਸ਼ਨੀਆਂ ਦੇ ਤਿਉਹਾਰ ਵਾਂਗ ਮਨਾਈਏ।ਇਤਿਹਾਸ ਵੱਲ ਜੇ ਨਜ਼ਰ ਮਾਰੀਏ ਤਾਂ ਇਹ ਹਿੰਦੂ-ਸਿੱਖਾਂ ਦਾ ਸਾਂਝਾ ਤਿਉਹਾਰ ਹੈ।ਸ੍ਰੀ ਰਾਮ ਚੰਦਰ ਜੀ ਦੇ ਦੀਵਾਲੀ ਵਾਲੇ ਦਿਨ 14 ਸਾਲ ਦਾ ਬਨਵਾਸ ਕੱਟ ਕੇ ਅਯੋਧਿਆ ਆਉਣ ਅਤੇ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਨਾਲ ਲੈ ਕੇ ਆਉਣ ਦੀ ਖੁਸ਼ੀ ਵਿੱਚ ਦੀਪਮਾਲਾ ਕਰਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਸੀ।ਉਸੇ ਤਰਾਂ ਅਸੀਂ ਅੱਜ ਵੀ ਦੀਪਮਾਲਾ ਕਰਕੇ ਦੀਵਾਲੀ ਮਨਾਈਏ ਨਾ ਕਿ ਪਟਾਖੇ ਚਲਾ ਕੇ ਪਟਾਖਿਆਂ ਚੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਵਾਤਾਵਰਣ ‘ਚ ਮਿਲ ਕੇ ਲੋਕਾਂ ਦੀ ਸਿਹਤ ‘ਤੇ ਪ੍ਰਭਾਵ ਪਾਉਂਦਾ ਹੈ।ਇਸ ਨਾਲ ਹਵਾ ਪ੍ਰਦੂਸ਼ਿਤ ਹੁੰਦੀ ਹੈ, ਜੋ ਸਿਹਤ ਲਈ ਬਹੁਤ ਹੀ ਖਤਰਨਾਕ ਹੈ।ਸਾਡਾ ਸਰੀਰ ਤਰਾਂ-ਤਰਾਂ ਦੀਆਂ ਬੀਮਾਰੀਆਂ ਨਾਲ ਜਕੜਿਆ ਜਾਂਦਾ ਹੈ ਜਿਵੇਂ ਦਮਾ, ਸੋਜਿਸ਼, ਖੰਘ ਦਾ ਆਉਣਾ, ਫੇਫੜਿਆਂ ਦਾ ਖਰਾਬ ਹੋ ਜਾਣਾ, ਦਿਮਾਗ ਪ੍ਰਣਾਲੀ ਦੇ ਵਿਕਾਸ ‘ਚ ਕਮਜ਼ੋਰੀ ਦਾ ਆਉਣ ਆਦਿ।ਸਾਨੂੰ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਪਾਉਣਾ ਹੈ ਤਾਂ ਗੁਰੂ ਰੂਪੀ ਗਿਆਨ ਨੂੰ ਸਮਝਣਾ ਪਵੇਗਾ ਤੇ ਉਸ ਦੀ ਪਾਲਣਾ ਕਰਨੀ ਪਵੇਗੀ।ਗੁਰੂ ਸਾਹਿਬਾਨ ਨੇ ਇੰਜ ਉਚਾਰਿਆ ਹੈ:-
        “ਦੀਵਾਲੀ ਕੀ ਰਾਤਿ ਦੀਵੇ ਬਾਲੀਅਨ”
ਭਾਵ ਦੀਵਾਲੀ ਦੀ ਰਾਤ ਦੀਵੇ ਹੀ ਬਾਲੋ। ਕੁਦਰਤ ਨੁੰ ਕਿਸੇ ਵੀ ਤਰਾਂ ਦਾ ਨੁਕਸਾਨ ਨਾ ਪਹੁੰਚਾਓ।
ਸੋ ਜੇਕਰ ਸਾਨੁੰ ਪ੍ਰਦੂਸ਼ਣ ਦੀ ਇਸ ਮੁਸੀਬਤ ਤੋਂ ਨਿਜ਼ਾਤ ਪਾਉਣੀ ਹੈ ਤਾਂ ਆਓ ਸਾਰੇ ਰਲ ਕੇ ਇਕ ਪ੍ਰਣ ਕਰੀਏ ਕਿ ਦੀਵਾਲੀ ਦੇ ਇਸ ਪਵਿੱਤਰ ਤਿਉਹਾਰ ਦੀ ਖਾਸੀਅਤ ਨੂੰ ਸਮਝੀਏ।ਗੁਰੂ ਨਾਨਕ ਦੇਵ ਜੀ ਨੇ ਵੀ ਹਵਾ, ਪਾਣੀ, ਧਰਤੀ ਨੂੰ ਮੁੱਖ ਰੱਖਦਿਆਂ ਉਚਾਰਿਆ ਹੈ :-
        “ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ॥”
   ਭਾਵ ਹਵਾ ਅਧਿਆਪਕ ਦੀ ਤਰਾਂ ਹੈ, ਪਾਣੀ ਪਿਤਾ ਪਰਮੇਸ਼ਵਰ ਹੈ ਅਤੇ ਧਰਤੀ ਮਹਾਨ ਮਾਂ ਹੈ।
         ਸੋ ਅਸੀਂ ਇਸ ਧਰਤੀ ਤੇ ਵਾਤਾਵਰਣ ਨੂੰ ਗੰਧਲਾ ਨਾ ਕਰੀਏ।ਪੂਰਾ ਸੰਸਾਰ ਵਾਤਾਵਰਨ ਦੀ ਸਮੱਸਿਆ ਨਾਲ ਨਜਿੱਠਣ ਲਈ ਕਈ ਤਰਾਂ ਦੇ ਉਪਰਾਲੇ ਕਰ ਰਿਹਾ ਹੈ।ਸਾਨੂੰ ਹਰ ਇਕ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਕਿਸੇ ਕਿਸਮ ਦਾ ਪ੍ਰਦੂਸ਼ਣ ਨਾ ਫੈਲਾਈਏ।
ਬੀਤੇ ਦਿਨ ਮੀਡੀਆ ਨੇ ਵੀ ਨਾਸਾ ਦੁਆਰਾ ਭੇਜੀਆਂ ਗਈਆਂ ਪ੍ਰਦੂਸ਼ਣ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਪਰ ਇਸ ਰਿਪੋਰਟ ਦੇ ਸਾਂਝੇ ਕਰਨ ਦਾ ਫਾਇਦਾ ਤਾਂ ਹੀ ਹੋਵੇਗਾ, ਜੇ ਅਸੀਂ ਆਪਣੇ ਆਲੇ-ਦੁਆਲੇ ਨੂੰ ਸਾਫ ਰੱਖਦਿਆਂ ਪ੍ਰਦੁਸ਼ਣ ਮੁਕਤ ਜਿੰਦਗੀ ਜੀਵੀਏ।
       ਸੋ ਅੰਤ ਵਿੱਚ ਮੇਰਾ ਕਹਿਣਾ ਇਹੀ ਹੈ ਕਿ ਦੀਵਾਲੀ ਦੇ ਤਿਉਹਾਰ ਨੂੰ ਪਰੰਪਰਕ ਤਰੀਕੇ ਨਾਲ ਮਨਾਇਆ ਜਾਵੇ।ਅੱਜਕਲ ਬਜ਼ਾਰ ਵਿਚ ਪ੍ਰਦੁਸ਼ਣ ਮੁਕਤ ਪਟਾਖੇ ਮਿਲ ਰਹੇ ਹਨ।ਰਹੇ ਪਟਾਖੇ ਦੀ ਵਰਤੋਂ ਕੀਤੀ ਜਾਵੇ ਕਿਉਂਕਿ ਇਸ ਦੇ ਨਾਲ ਹਵਾ ਪ੍ਰਦੂਸ਼ਿਤ ਹੋਣ ਦਾ ਖਤਰਾ ਬਹੁਤ ਘੱਟ ਹੈ।ਕਈ ਸਮਾਜ ਸੇਵੀ ਤੇ ਸਰਕਾਰੀ ਸੰਸਥਾਵਾਂ, ਲੋਕਾਂ, ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਨੂੰ ਸੂਚੇਤ ਕਰ ਰਹ ਹਨ ਪਰ ਇਹ ਜਿੰਮੇਵਾਰੀ ਉਹਨਾਂ ਦੀ ਹੀ ਨਹੀਂ ਸਗੋਂ ਸਾਡੀ ਸਾਰਿਆਂ ਦੀ ਹੈ।
              ਸੋ ਆਓ ਅਸੀਂ ਰਲ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਈਏ ਅਤੇ ਕੁਦਰਤੀ ਅੰਦਾਜ਼ ‘ਚ ਜੀਵਨ ਜੀਊਣ ਦਾ ਢੰਗ ਅਪਨਾਈਏ।
Rableen Kaur Bhullar Ghaziabad.jpg 2

 

ਰਬਲੀਨ ਕੌਰ ਭੁੱਲਰ
ਗਾਜ਼ੀਆਬਾਦ (ਉਤਰ ਪ੍ਰਦੇਸ਼)

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply