ਕਿਹਾ ਪਾਕਿਸਤਾਨ ਤੇ ਕੈਨੇਡਾ ਦੀਆਂ ਟੀਮਾਂ ਨੂੰ ਛੇਤੀ ਐਨ.ਓ.ਸੀ ਮਿਲਣ ਦੀ ਸੰਭਾਵਨਾ
ਚੰਡੀਗੜ, 28 ਨਵੰਬਰ (ਪੰਜਾਬ ਪੋਸਟ ਬਿਊਰੋ) – `ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ-2019 ਵਿੱਚ ਹਿੱਸਾ ਲੈਣ ਵਾਲੀਆਂ 8 ਵਿਦੇਸ਼ੀ ਟੀਮਾਂ ਵਿਚੋਂ 6 ਨੂੰ ਭਾਰਤ ਸਰਕਾਰ ਦੇ ਖੇਡ ਤੇ ਯੁਵਕ ਸੇਵਾਵਾਂ ਵਿਭਾਗ ਅਤੇ ਗ੍ਰਹਿ ਵਿਭਾਗ ਨੇ ਇਤਰਾਜ਼ਹੀਣਤਾ (ਐਨ.ਓ.ਸੀ) ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ, ਜਦਕਿ ਪਾਕਿਸਤਾਨ ਅਤੇ ਕੈਨੇਡਾ ਦੀਆਂ ਟੀਮਾਂ ਨੂੰ ਛੇਤੀ ਹੀ ਐਨ.ਓ.ਸੀ ਮਿਲਣ ਦੀ ਸੰਭਾਵਨਾ ਹੈ।`
ਪੰਜਾਬ ਦੇ ਡਾਇਰੈਕਟਰ ਸਪੋਰਟਸ ਸੰਜੇ ਪੋਪਲੀ ਨੇ ਦੱਸਿਆ ਕਿ ਸੂਬੇ ਦਾ ਖੇਡ ਵਿਭਾਗ ਪਾਕਿਸਤਾਨ ਅਤੇ ਕੈਨੇਡਾ ਦੀਆਂ ਟੀਮਾਂ ਲਈ ਐਨ.ਓ.ਸੀ ਜਾਰੀ ਕਰਵਾਉਣ ਲਈ ਲਗਾਤਾਰ ਭਾਰਤ ਸਰਕਾਰ ਨਾਲ ਸੰਪਰਕ ਵਿੱਚ ਹੈ ਅਤੇ ਇਸ ਦੇ ਛੇਤੀ ਹੀ ਜਾਰੀ ਹੋਣ ਦੀ ਪੂਰੀ ਆਸ ਹੈ। ਉਨਾਂ ਦੱਸਿਆ ਕਿ ਘਰੇਲੂ ਟੀਮ ਭਾਰਤ ਤੋਂ ਇਲਾਵਾ ਇਸ ਟੂਰਨਾਮੈਂਟ ਵਿੱਚ ਪਾਕਿਸਤਾਨ, ਕੈਨੇਡਾ, ਅਮਰੀਕਾ, ਆਸਟਰੇਲੀਆ, ਇੰਗਲੈਂਡ, ਸ੍ਰੀਲੰਕਾ, ਕੀਨੀਆ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਹਿੱਸਾ ਲੈਣਗੀਆਂ।
ਡਾਇਰੈਕਟਰ ਸਪੋਰਟਸ ਨੇ ਦੱਸਿਆ ਕਿ ਖਿਡਾਰੀਆਂ ਨੂੰ ਠਹਿਰਾਉਣ ਦਾ ਪੂਰਾ ਇੰਤਜ਼ਾਮ ਕੀਤਾ ਜਾ ਚੁੱਕਾ ਹੈ ਅਤੇ ਪੰਜਾਬ ਪੁਲਿਸ ਵਲੋਂ ਉਨਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।ਪੋਪਲੀ ਨੇ ਕਿਹਾ ਕਿ ਖਿਡਾਰੀਆਂ ਨੂੰ ਹੋਟਲਾਂ ਤੋਂ ਖੇਡ ਮੈਦਾਨਾਂ ਤੱਕ ਪਹੁੰਚਾਉਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ।
ਇਸ ਮੌਕੇ ਉਨਾਂ ਦੇ ਨਾਲ ਅਸਕਾਰਟ ਗੱਡੀਆਂ ਚੱਲਣਗੀਆਂ ਅਤੇ ਸੁਰੱਖਿਆ ਦੇ ਪੱਖ ਤੋਂ ਵੀ ਪੂਰੀ ਚੌਕਸੀ ਵਰਤੀ ਜਾਵੇਗੀ।