ਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ ਬਿਊਰੋ) – ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬਿਆਨ ਜਾਰੀ ਕਰਦਿਆਂ ਅਖੌਤੀ ਸਿੱਖ ਪ੍ਰਚਾਰਕਾਂ ਨੂੰ ਤਾੜਨਾ ਕੀਤੀ ਹੈ ਕਿ ਉਹ ਆਪਣੀ ਝੂਠੀ ਸ਼ੋਹਰਤ ਖਾਤਰ ਸਿੱਖ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਤੋਂ ਗੁਰੇਜ਼ ਕਰਨ।ਉਨਾਂ ਕਿਹਾ ਕਿ ਪਿਛਲੇ ਦਿਨੀਂ ਇੰਗਲੈਂਡ ‘ਚ ਹਰਿੰਦਰ ਸਿੰਘ ਨਾਮੀ ਅਖੌਤੀ ਪ੍ਰਚਾਰਕ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਬੰਧ ਵਿਚ ਕੁੱਝ ਮਨਘੜਤ ਗੱਲਾਂ ਕੀਤੀਆਂ ਹਨ।ਜਿਸ ਨਾਲ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਭਾਰੀ ਠੇਸ ਪੁੱਜੀ ਹੈ।ਕਿਉਂਕਿ ਮਹਾਨ ਸਿੱਖ ਧਰਮ ਦੇ ਇਤਿਹਾਸ ਦੀ ਮਿਸਾਲ ਦੁਨੀਆਂ ਭਰ ਦੇ ਕਿਸੇ ਇਤਿਹਾਸ ‘ਚੋਂ ਨਹੀਂ ਮਿਲਦੀ।ਸਾਨੂੰ ਗੁਰੂ ਸਾਹਿਬ ਜੀ ਨੇ ਅਥਾਹ ਘਾਲਣਾ ਘਾਲ ਕੇ ਬਹੁਮੁੱਲਾ ਖਜਾਨਾ ਬਖਸ਼ਿਸ਼ ਕੀਤਾ ਹੈ।ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਮਨੁੱਖਤਾ ਲਈ ਕੀਤੇ ਪਰਉਪਕਾਰਾਂ ਨੂੰ ਅਸੀਂ ਕਈ ਜਨਮ ਲੈ ਕਿ ਵੀ ਉਤਾਰ ਨਹੀਂ ਸਕਦੇ।ਐਸੇ ਮਹਾਨ ਗੁਰੂ ਸਾਹਿਬਾਨਾਂ ‘ਤੇ ਸ਼ੰਕੇ ਪ੍ਰਗਟ ਕਰਕੇ ਵਿਦਵਤਾ ਦੇ ਨਾਮ ‘ਤੇ ਆਪਣੀ ਮੂਰਖਤਾ ਦਾ ਪ੍ਰਗਟਾਵਾ ਕਰ ਰਹੇ ਪ੍ਰਚਾਰਕਾਂ ਨੂੰ ਸਿੱਖ ਸੰਗਤਾਂ ਮੂੰਹ ਨਾ ਲਾਉਣ।
ਜਥੇਦਾਰ ਨੇ ਕੇਂਦਰੀ ਜੇਲ ਲੁਧਿਆਣਾ ਬਾਰੇ ਪੁੱਜੀ ਸ਼ਿਕਾਇਤ ਦੇ ਸਬੰਧ ਵਿਚ ਕਿਹਾ ਕਿ ਚੈਕਿੰਗ ਦੇ ਨਾਮ ‘ਤੇ ਜੇਲਾਂ ਵਿਚ ਬੰਦ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਦੀ ਸੀ.ਆਰ.ਪੀ.ਐਫ ਦੇ ਮੁਲਾਜ਼ਮ ਸਿਗਰਟ, ਬੀੜੀਆਂ ਆਦਿ ਵਾਲੇ ਹੱਥ ਦਸਤਾਰ ਅਤੇ ਕਕਾਰਾਂ ਨੂੰ ਲਗਾ ਕੇ ਬੇਅਦਬੀ ਕਰਦੇ ਹਨ।ਜਿਸ ਪ੍ਰਤੀ ਸਿੱਖ ਨੌਜਵਾਨਾਂ ਨੇ ਬਹੁਤ ਰੋਸ ਪ੍ਰਗਟ ਕੀਤਾ ਹੈ।ਚੈਕਿੰਗ ਦੇ ਨਾਮ ‘ਤੇ ਹੋ ਰਹੀ ਇਸ ਬੇਅਦਬੀ ਨੂੰ ਰੋਕਣ ਲਈ ਉਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਜਾਰੀ ਕੀਤਾ ਹੈ ਕਿ ਤੁਰੰਤ ਹੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕਿ ਹੱਲ ਕਰਾਇਆ ਜਾਵੇ।
Check Also
ਖ਼ਾਲਸਾ ਕਾਲਜ ਵਿਖੇ ‘ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦਾ 19 ਨੂੰ ਹੋਵੇਗਾ ਆਗਾਜ਼
5 ਰੋਜ਼ਾ ਮੇਲੇ ਦੀ ਛੀਨਾ ਕਰਨਗੇ ਪ੍ਰਧਾਨਗੀ ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ …