ਆ ਬਹਿ ਜਾ ਮੇਰੇ ਨਾਲ ਜੀਤਿਆ!ਏਨਾ ਪੜ੍ਹ ਕੇ ਅਜੇ ਵੀ ਬੱਸ ਅੱਡਿਆਂ ਨੇ ਖਹਿੜਾ ਨਈਂ ਛੱਡਿਆ।ਇਹ ਸ਼ਬਦ ਸ਼ਰਾਬ ਦੇ ਠੇਕਿਆਂ ਦਾ ਵੱਡਾ ਕਾਰੋਬਾਰ ਕਰਦੇ ਮਲੂਕ ਸਿੰਘ ਨੇ ਆਪਣੀ ਵੱਡੀ ਕਾਰ ਰੋਕ ਕੇ ਬੱਸ ਅੱਡੇ ‘ਤੇ ਖਲੋਤੇ ਆਪਣੇ ਪਿੰਡ ਦੇ ਜਗਜੀਤ ਨੂੰ ਕਹੇ।ਬੱਸ ਭਾਜੀ, ਬਾਬੇ ਨਾਨਕ ਨੇ ਕਿਰਤ ਕਰਨੀਂ ਤਾਂ ਸਿਖਾਈ ਏ ਸਾਨੂੰ, ਕਰੀਂ ਜਾਨੇ ਆਂ, ਕਹਿ ਕੇ ਜਗਜੀਤ ਮਲੂਕ ਸਿੰਘ ਦੀ ਕਾਰ ਦੀ ਅਗਲੀ ਖ਼ਾਲੀ ਸੀਟ ‘ਤੇ ਬਹਿ ਜਾਂਦਾ ਹੈ।
ਦੋ ਜਮਾਤੀ ਦੇਰ ਬਾਅਦ ਮਿਲਦੇ ਨੇ ਤੇ ਕਈ ਗੱਲਾਂ ਕਰਦੇ ਜਾਂਦੇ ਨੇ।ਇੱਕ ਮਾਸਟਰ ਤੇ ਦੂਜਾ ਅਮੀਰ ਠੇਕੇਦਾਰ।ਪੱਗਾਂ ਦੋਵੇਂ ਬੜੀਆਂ ਪੋਚਵੀਆਂ ਬੰਨ੍ਹਦੇ, ਰਹਿੰਦੇ ਦੋਵੇਂ ਸੱਜ-ਫ਼ੱਬ ਕੇ।ਜੀਤ, ਏਨੀ ਪੋਚਵੀਂ ਪੱਗ ਵਾਲਾ ਗੱਭਰੂ ਹੁਣ ਬੱਸ ਅੱਡਿਆਂ ‘ਤੇ ਬੱਸਾਂ ਦਾ ਇੰਤਜ਼ਾਰ ਕਰਦਾ ਜਚਦਾ ਨਈਂ ਯਾਰ।ਕੋਈ ਛੋਟੀ ਮੋਟੀ ਕਾਰ-ਕੂਰ ਲੈ ਲੈ।ਹੁਣ ਤਾਂ ਸਰਕਾਰੀ ਮਾਸਟਰ ਪੌਣੇ ਲੱਖ ਨੂੰ ਪਹੁੰਚਦਾ!ਮਜ਼ਾਕੀਆ ਜਿਹੇ ਲਹਿਜੇ ਵਿੱਚ ਮਲੂਕਾ ਆਪਣੇ ਜਮਾਤੀ ਨੂੰ ਸੁਝਾਅ ਦਿੰਦਾ ਹੈ।ਜਗਜੀਤ ਵਰਗਾ ਸ਼ੌਕੀਨ ਭਾਵੇਂ ਸਧਾਰਨ ਜ਼ਿੰਦਗੀ ਜਿਊਣ ਵਿੱਚ ਵਿਸ਼ਵਾਸ ਰੱਖਦਾ ਸੀ, ਪਰ ਉਹ ਕਿਹੜਾ ਨਹੀਂ ਸੀ ਚਾਹੁੰਦਾ ਕਿ ਉਸ ਕੋਲ ਕੋਈ ਕਾਰ ਨਾ ਹੋਵੇ? ਬੱਸਾਂ ‘ਚ ਧੱਕੇ ਖਾਣੇ ਕੋਈ ਉਸਦਾ ਸ਼ੌਂਕ ਨਹੀਂ ਸੀ।ਭਾਜੀ, ਰੈਗੂਲਰ ਮਾਸਟਰ ਨਈਂ ਆਂ ਪੌਣੇ ਲੱਖ ਆਲਾ ਇਹ ਬੋਲ ਸੁਣ ਕੇ ਮਲੂਕ ਵੀ ਹੈਰਾਨੀ ਪ੍ਰਗਟ ਕਰਦਾ ਹੈ, ਫੇਰ ਤੂੰ ਕਿਹੜਾ ਮਾਸਟਰ ਆਂ? ਜੀ, ਠੇਕੇ ਆਲਾ, 3232 ਆ ਕਿਹੜਾ ਟਰੱਕਾਂ ਵਾਲਾ ਨੰਬਰ ਦੱਸੀ ਜਾਨਾਂ-3232 ਮਲੂਕੇ ਨੇ ਜੀਤ ਨੂੰ ਪੁੱਛਿਆ।ਇਹ ਠੇਕੇ ਵਾਲੇ ਨੇ।ਦਸ ਹਜ਼ਾਰ ਤਿੰਨ ਸੌ ਦੇ ਠੇਕੇ ‘ਤੇ ਰੱਖੇ ਨੇ।ਸਾਲ ਸਾਲ ਬਾਅਦ ਠੇਕਾ ਰੀਨਿਊ ਹੁੰਦਾ – ਜਗਜੀਤ ਨੇ ਮਲੂਕੇ ਨੂੰ ਸਮਝਾਉਣ ਦਾ ਯਤਨ ਕੀਤਾ।
ਆਪਸੀ ਗੱਲਬਾਤ ‘ਚ ਇਹ ਵੀ ਸਪੱਸ਼ਟ ਹੋ ਗਿਆ ਕਿ ਅੱਠਾਈ ਸਾਲ ਦੀ ਉਮਰ ਵਿੱਚ ਪਹਿਲਾਂ ਐਮ.ਏ ਕੀਤੀ, ਫਿਰ ਬੀ.ਐਡ ਕੀਤੀ ਤੇ ਫਿਰ ਟੈਟ ਪਾਸ ਕੀਤਾ।ਟੈਸਟ ਦੇ ਕੇ ਠੇਕੇ ‘ਤੇ ਉਹ ਅੱਠਾਈ ਸਾਲ ਦੀ ਉਮਰ ਵਿੱਚ ‘ਠੇਕੇ ਵਾਲਾ ਮਾਸਟਰ ਲੱਗਿਆ’।ਵਿਆਹ ਦੀ ਅਜੇ ਸੋਚੀ ਨਹੀਂ ਸੀ ਜਗਜੀਤ ਨੇ।ਮਹਿੰਗਾਈ ‘ਚ ਖ਼ਰਚਾ ਤਾਂ ‘ਕੱਲੇ ਦਾ ਈ ਪੂਰਾ ਨਹੀਂ ਹੁੰਦਾ ਸੀ।ਅਖੇ ‘ਵਿਆਹ ਕਰਵਾ ਕੇ ਉਹ ਵੀ ਭੁੱਖੀ ਮਾਰਨੀ’।ਗੱਲ ਸੁਣ ਜੀਤਿਆ! ਤੂੰ ਕਿਹੜੇ ਚੱਕਰਾਂ ‘ਚ ਪੈ ਗਿਆਂ? ਛੱੱਡ ਆਹ 3232 ਵਾਲਾ ਠੇਕਾ! ਮੇਰਾ ਠੇਕਾ ਚਲਾ ਸ਼ਰਾਬ ਵਾਲਾ।ਤਨਖਾਹ ਵੀ ਪੰਝੀ ਹਜ਼ਾਰ, ਕਾਰ ਵੀ ਦੇਵੂੰ ਨਾਲ, ਤੇ ਉਤੋਂ ਵੀ ਚਾਰ ਪੈਸੇ ਬਣਾ ਲਿਆ ਕਰੀਂ!ਲਿਖ ਕੇ ਲੈ ਲਈਂ ਮੇਰੇ ਕੋਲੋਂ ਮੇਰੇ ਠੇਕੇ ਦੀ ਪੱਕੀ ਨੌਕਰੀ!…ਅੱਠਾਈ ਸਾਲਾਂ ‘ਚ ਖੱਟਿਆ ਕੀ ਊ?- ਮਲੂਕਾ ਹਮਦਰਦੀ ਦਿੰਦਿਆਂ ਆਪਣੇ ਪੇਂਡੂ ਭਾਈ ਜਗਜੀਤ ਨੂੰ ਠੇਕੇ ਦੀ ਨੌਕਰੀ ਦੀ ‘ਆਫ਼ਰ’ ਦਿੰਦਾ ਹੈ।ਪਹਿਲਾਂ ਤਾਂ ਜਗਜੀਤ ਇਹ ਮੌਕਾ ਨਾ ਗਵਾਉਣ ਦੀ ਸੋਚਦਾ ਹੈ।ਫਿਰ ਉਸ ਅੰਦਰਲਾ ਅਧਿਆਪਕ ਜਾਗ ਉਠਦਾ ਹੈ।ਉਹ ਮਲੂਕੇ ਦੀ ਕਾਰ ਰੋਕ ਕੇ ਬਾਹਰ ਨਿਕਲਦਾ ਹੈ।ਆਪਣੀ ਆਖ਼ਰੀ ਸਲਾਮ ਕਰਨ ਤੋਂ ਪਹਿਲਾਂ ਮਲੂਕੇ ਨੂੰ ਭਖ਼ੀਆਂ ਨਜ਼ਰਾਂ ਨਾਲ ਇਹ ਕਹਿ ਕੇ ਨਿੰਮੋਝੂਣਾ ਹੋਇਆ ਵਾਪਿਸ ਬੱਸ ਦੀ ਤਲਾਸ਼ ਲਈ ਖਲੋ ਜਾਂਦਾ ਹੈ ਕਿ ਦੇਖ ਮਲੂਕਿਆ, ਤੇਰੀ ਠੇਕੇ ਦੀ ਨੌਕਰੀ ਤੇ ਮੇਰੀ ਠੇਕੇ ਦੀ ਨੌਕਰੀ ‘ਚ ਫ਼ਰਕ ਆ। ਲੋਕ ਕੀ ਕਹਿਣਗੇ ਕਿ ਪੜ੍ਹਿਆ ਲਿਖਿਆ ਮਾਸਟਰ ਭਾੜੇ ਦਾ ਟੱਟੂ ਬਣ ਕੇ ਸ਼ਰਾਬਾਂ ਵੇਚਦਾ ਫ਼ਿਰਦੈ! ਇੱਜ਼ਤ ਦਾ ਠੇਕਾ ਕੀਤਾ ਆਪਾਂ! ਸ਼ਰਾਬਾਂ ਦਾ ਨਈਂ!ਘੱਟ ਖਾ ਲਊਂ, ਪਰ ਠੇਕਾ ਤੇਰੇ ਆਲ਼ਾ ਨਈਂ ਕਰਨਾ। ਮਲੂਕਾ ਜਗਜੀਤ ਦੀ ਸਾਰੀ ਗੱਲ ਸੁਣਦਾ ਹੈ।ਚੰਗਾ ਭਾਈ ਕਹਿ ਕੇ ਆਪਣੇ ਰਾਹੇ ਪੈਂਦਾ ਹੈ।
ਜਗਜੀਤ ਵੀ ਆਪਣੀ ਪਿੰਡ ਵਾਲੀ ਬੱਸ ‘ਚ ਬੈਠ ਜਾਂਦਾ ਹੈ।ਇੱਜ਼ਤ ਦਾ ਠੇਕਾ ਕਰ ਕੇ ਵੀ ਉਹ ‘ਲੁੱਟੀ ਹੋਈ ਇੱਜ਼ਤ’ ਵਾਂਗ ਚਿੰਤਾ ਵਿੱਚ ਹੀ ਰਹਿੰਦਾ ਹੈ।
ਡਾ. ਪਰਮਜੀਤ ਸਿੰਘ ਕਲਸੀ (ਸਟੇਟ ਤੇ ਨੈਸ਼ਨਲ ਐਵਾਰਡੀ),
ਲੈਕਚਰਾਰ ਪੰਜਾਬੀ, ਪਿੰਡ ਤੇ ਡਾਕਖਾਨਾ ਊਧਨਵਾਲ,
ਜ਼ਿਲਾ੍ ਗੁਰਦਾਸਪੁਰ। ਮੋ- 70689 00008