ਨੌਜਵਾਨ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਹਨ।ਬਹਾਦਰ, ਵਿਚਾਰਵਾਨ ਅਤੇ ਤਰਕ-ਪਸੰਦ ਨੌਜਵਾਨ ਦੇਸ਼ ਦੀ ਗੱਡੀ ਵਿਕਾਸ ਦੇ ਰਾਹ ‘ਤੇ ਤੋਰਦੇ ਹਨ।ਸਰਬਤ ਦੇ ਭਲੇ ਲਈ ਚੱਲਣ ਵਾਲੇ ਅਤੇ ਬਦਲਾਅ ਪਸੰਦ ਨੌਜੁਆਨ ਜਿੰਦਗੀ ਨੂੰ ਉਦੇਸ਼ਾਂ ਅਨੁਸਾਰ ਢਾਲ ਹੀ ਲੈਂਦੇ ਹਨ।ਇਹੋ ਜਿਹੇ ਹੀ ਸੂਰਮੇ ਸਨ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ।ਉਹਨਾਂ `ਅਜ਼ਾਦੀ` ਜਾਂ `ਮੌਤ` ਵਿੱਚੋਂ ਇੱਕ ਨੂੰ ਚੁਣ ਕੇ ਫਾਂਸੀ ਚੜਨਾ ਪਸੰਦ ਕੀਤਾ।ਪਰ ਅੰਗਰੇਜ਼ਾਂ ਦੀ ਗੁਲਾਮੀ ਨਹੀਂ ਸਵੀਕਾਰੀ।ਸ਼ਹੀਦ ਭਗਤ ਸਿੰਘ ਸਦਾ ਸ਼ਹੀਦ ਕਰਤਾਰ ਸਿੰਘ ਸਰਾਭੇ ਦੀਆਂ ਸਤਰਾਂ ਇਹ ਸਤਰਾਂ ਗੁਣ-ਗੁਣਾਉਂਦੇ ਰਹਿੰਦੇ ਸਨ :-
” ਹਿੰਦ ਵਾਸੀਉ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ।
ਖਾਤਰ ਵਤਨ ਦੀ ਲੱਗੇ ਹਾਂ ਚੜਨ ਫਾਂਸੀ, ਸਾਨੂੰ ਦੇਖ ਕੇ ਨਾ ਘਬਰਾ ਜਾਣਾ। “
23 ਮਾਰਚ ਦਾ ਦਿਨ ਉਹਨਾਂ ਤਿੰਨਾਂ ਸੂਰਮਿਆਂ ਦੀ ਸ਼ਹਾਦਤ ਦਾ ਦਿਨ ਹੈ।ਹੱਸ ਕੇ ਫਾਂਸੀ ਦਾ ਰੱਸਾ ਚੁੰਮਣ ਵਾਲੇ ਯੋਧੇ, ਜਦ ਤੱਕ ਸ਼ਹੀਦੀ ਪ੍ਰਾਪਤ ਨਹੀਂ ਕਰ ਗਏ, ਇਨਕਲਾਬ-ਜਿੰਦਾਬਾਦ ਤੇ ਸਾਮਰਾਜਵਾਦ-ਮੁਰਦਾਬਾਦ ਦੇ ਨਾਅਰੇ ਲਾਉਂਦੇ ਰਹੇ।ਜਵਾਨੀ ਦੇ ਜਿਹਨਾਂ ਦਿਨਾਂ ਵਿੱਚ ਹੋਰ ਨੌਜਵਾਨ ਮੌਜਾਂ ਮਾਨਣ ਦੀ ਸੋਚਦੇ ਹਨ, ਘਰ ਵਸਾਉਣ ਦੀ ਲੋਚਦੇ ਹਨ, ਉਹਨਾਂ ਦਿਨਾਂ ਵਿੱਚ ਸਰਬਤ ਦੇ ਭਲੇ ਲਈ ਕੁਰਬਾਨ ਹੋਣਾ ਮਹਾਨਤਾ ਦੀ ਗੱਲ ਹੈ।ਇਤਿਹਾਸ ਵਿੱਚ ਸੁਨਿਹਰੀ ਅੱਖਰਾਂ ਨਾਲ ਲਿਖੇ ਹੋਏ ਇਹ ਤਿੰਨੇ ਸੂਰਮੇ ਅਮਰ ਰਹਿਣਗੇ।ਅੱਜ ਉਹਨਾਂ ਸੂਰਮਿਆਂ ਦੀ ਗੱਲ ਕਰਦੇ `ਅਣਖ` ਨੂੰ ਬੜਾ ਮਾਣ ਜਿਹਾ ਮਹਿਸੂਸ ਹੋ ਰਿਹਾ ਹੈ।ਅੱਜ 23 ਮਾਰਚ ਦੇ ਦਿਨ ਸੱਚਮੁਚ ਦਿਲਾਂ `ਚ ਵਤਨ ਲਈ ਪ੍ਰੇਮ ਠਾਠਾਂ ਮਾਰਨ ਲੱਗਾ ਹੈ।ਜਿਵੇਂ ਉਹ ਸੂਰਮੇ ਆਪ ਕਹਿ ਰਹੇ ਹਨ :-
“ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ, ਦਿਲੀਂ ਵਤਨ ਦਾ ਇਸ਼ਕ ਜਗਾ ਜਾਣਾ। “
ਅੱਜ ਦਾ ਯੁੱਗ ਬਹੁਤ ਬਦਲ ਗਿਆ ਹੈ।ਮੀਡੀਆ, ਧਰਮ, ਰਾਜਨੀਤੀ, ਆਰਥਿਕ, ਨਸ਼ੇ ਅਤੇ ਹੋਰ ਕਈ ਕਾਰਣਾਂ ਕਰਕੇ ਅੱਜ ਦੀ ਨੌਜਵਾਨ ਪੀੜ੍ਹੀ ਨਿਰਾਸ਼ਾ ਦੇ ਆਲਮ ਵਿੱਚ ਡੁੱਬੀ ਹੋਈ ਹੈ।1991 ਦੀਆਂ ਉਦਾਰਵਾਦੀ ਨੀਤੀਆਂ ਕਰਕੇ ਮਹਿੰਗਾਈ, ਭਿਰਸ਼ਟਾਚਾਰ, ਬੇਰੁਜ਼ਗਾਰੀ, ਰਿਸ਼ਵਤਖੌਰੀ ਤੇ ਨਸ਼ਾਖੌਰੀ ਦਾ ਬੋਲ ਬਾਲਾ ਹੈ।ਚੋਰੀ, ਠੱਗੀ, ਬਾਲਾਤਕਾਰ ਵਰਗੇ ਅਪਰਾਧਾਂ ਵਿੱਚ ਫਸੇ ਨੌਜਵਾਨਾਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਹੈ।ਅੱਜ ਦੇ ਨੂੰਹ-ਪੁੱਤਰ ਬੁਢਾਪੇ ਨੂੰ ਸਾਂਭਣ ਲਈ ਰਜ਼ਾਮੰਦ ਨਹੀਂ ਹਨ।ਇਸ ਲਈ ਸਾਨੂੰ ਸੋਚਣ ਤੇ ਵਿਚਾਰਣ ਦੀ ਬੜੀ ਲੋੜ ਹੈ ਕਿ ਅਜਿਹਾ ਕਿਉਂ ਹੈ ?
ਪਰ ਮੈਂ ਇਥੇ ਨੌਜਵਾਨਾਂ ਨੂੰ ਇੱਕ ਗੱਲ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਉਹ ਮਹਾਨ ਦੇਸ਼-ਭਗਤ `ਇਨਕਲਾਬ-ਜਿੰਦਾਬਾਦ` ਦੇ ਨਾਲ-ਨਾਲ `ਸਾਮਰਾਜਵਾਦ-ਮੁਰਦਾਬਾਦ` ਦਾ ਨਾਅਰਾ ਕਿਉਂ ਲਾਉਂਦੇ ਸਨ? ਦੋਸਤੋ ਉਹ ਸਮਝਦੇ ਸਨ ਕਿ “ਸਾਮਰਾਜਵਾਦ ਕੋਈ ਵੱਡਾ ਤਾਕਤਵਰ ਰਾਸ਼ਟਰ ਹੁੰਦਾ ਹੈ।ਉਹ ਆਪਣੇ ਗੌਰਵ ਤੇ ਸ਼ਕਤੀ ਨੂੰ ਵਧਾਉਣ ਲਈ ਦੂਜੇ ਦੇਸ਼ਾਂ ਦੇ ਕੁਦਰਤੀ ਤੇ ਮਾਨਵੀ ਸਾਧਨਾਂ ਦਾ ਆਰਥਿਕ, ਰਾਜਨੀਤਕ, ਸੱਭਿਆਚਾਰਿਕ ਘੁਸਪੈਠ ਰਾਹੀਂ ਰੱਜ ਕੇ ਸ਼ੋਸ਼ਣ ਕਰਦਾ ਹੈ ਅਤੇ ਉਸ ਦੇਸ਼ ਦੇ ਨਿਵਾਸੀਆਂ ਨੂੰ ਮੌਲਿਕ ਅਧਿਕਾਰਾਂ ਤੋਂ ਵਾਂਝਾ ਕਰ ਦਿੰਦਾ ਹੈ।” ਇਸ ਲਈ ਉਹ ਸਾਮਰਾਜਵਾਦ ਦਾ ਵਿਰੋਧ ਕਰਦੇ ਸਨ।ਉਹ ਚਾਹੁੰਦੇ ਸਨ ਕਿ ਸਾਡੇ ਦੇਸ਼ ਵਿੱਚ ਸਭ ਨੂੰ ਬਰਾਬਰ ਸਿੱਖਿਆ, ਸਿਹਤ ਤੇ ਰੁਜਗਾਰ ਸਹੂਲਤਾਂ ਪ੍ਰਦਾਨ ਹੋਣ।ਇਸ ਲਈ ਉਹਨਾਂ ਅਜਾਦੀ ਜਾਂ ਮੌਤ ਵਿਚੋਂ ਮੌਤ ਨੂੰ ਚੁਣਿਆ ਅਤੇ ਅੰਗਰੇਜਾਂ ਦੀ ਗੁਲਾਮੀ ਨੂੰ ਵੰਗਾਰਿਆ ਤੇ ਸਾਡੇ ਲਈ ਅਜਾਦੀ ਦੀ ਜੰਗ ਵਿੱਚ ਸ਼ਹਾਦਤਾਂ ਦੇ ਦਿੱਤੀਆਂ ਪਰ ਈਨ ਨਹੀਂ ਮੰਨੀ ।
ਅੱਜ ਹਾਲਾਤ ਇਵੇਂ ਦੇ ਹਨ ਕਿ ਇੱਕ-ਤਿਹਾਈ ਨੌਜਵਾਨ ਬੇਰੁਜਗਾਰੀ ਦਾ ਸ਼ਿਕਾਰ ਹਨ।ਲੱਖਾਂ ਨੌਜਵਾਨ ਠੇਕੇਦਾਰੀ ਪ੍ਰਥਾ ਅਧੀਨ ਨੱਪੇ ਪਏ ਹਨ।ਮੁੰਡੇ ਕੀ ਕੁੜੀਆਂ ਕੀ ਸਭ ਨਸ਼ਿਆਂ ਦੀ ਆਦਤ ਪਾਲੀ ਬੈਠੇ ਹਨ।ਕੁੜੀਆਂ ਨਾਲ ਹੁੰਦੀਆਂ ਛੇੜਛਾੜਾਂ, ਬਲਾਤਕਾਰਾਂ ਅਤੇ ਬਲਾਤਕਾਰ ਕਰਕੇ ਕਤਲ ਕਰਨ ਦੀਆਂ ਘਟਨਾਂਵਾ ਹਰ ਰੋਜ਼ ਸੁਰਖੀਆਂ ਵਿੱਚ ਰਹਿੰਦੀਆਂ ਹਨ।ਮਜ਼ਦੂਰਾਂ ਦੇ ਚੁੱਲੇ ਮਹਿੰਗਾਈ ਨੇ ਠੰਢੇ ਪਾਏ ਹੋਏ ਹਨ।ਕਿਸਾਨ ਆਪਣੀਆਂ ਫਸਲਾਂ ਨਾਲ ਮੰਡੀਆਂ ਵਿੱਚ ਆੜਤੀਆਂ ਕੋਲ ਰੁਲ ਰਹੇ ਹਨ।ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦਾ ਨਿੱਜੀਕਰਨ ਕਰਕੇ ਉਹਨਾਂ ਨੂੰ ਤੋੜਿਆ ਜਾ ਰਿਹਾ ਹੈ।ਸਾਂਝੀਆਂ ਥਾਂਵਾ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਰਮਾਏਦਾਰਾਂ ਨੂੰ ਵੇਚੀਆਂ ਜਾ ਰਹੀਆਂ ਹਨ।ਧਰਮਾਂ ਨੇ ਜਾਤੀਵਾਦ ਨੂੰ ਵਧਾਵਾ ਦਿੱਤਾ ਹੈ ਅਤੇ ਆਏ ਦਿਨ ਦੰਗੇ ਹੁੰਦੇ ਹਨ।ਰਾਜਸੀ ਦਖਲ ਨੇ ਆਮ ਬੰਦੇ ਦਾ ਜੀਉਣਾ ਦੁਬਰ ਕੀਤਾ ਹੋਇਆ ਹੈ।ਚੋਰੀ, ਠੱਗੀ, ਸਿਫਾਰਿਸ਼ ਤੇ ਰਿਸ਼ਵਤ ਨੇ ਜਨਤਾ ਦੇ ਸੇਵਕਾਂ ਨੂੰ ਜਨਤਾ ਦੇ ਦੁਸ਼ਮਣ ਬਣਾ ਦਿੱਤਾ ਹੈ।ਮੁਲਾਜ਼ਮ, ਮੁਲਜਮ ਬਣੇ ਹੋਏ ਹਨ।ਇਹਨਾਂ ਹਲਾਤਾਂ ਵਿੱਚ ਨਿਰਾਸ਼ ਹੋ ਕੇ ਨੌਜਵਾਨ, ਚੋਰੀ, ਠੱਗੀ, ਬਲਾਤਕਾਰ ਵਰਗੇ ਅਪਰਾਧਾਂ ਵੱਲ ਵਧਦਾ ਹੈ ਅਤੇ ਕਈ ਵਾਰ ਅਸਫਲਤਾ ਮਿਲਣ ਤੇ ਕਮਜੋਰਾਂ ਅਤੇ ਕਾਇਰਾਂ ਵਾਲਾ ਫੈਸਲਾ `ਖੁਦਕੁਸ਼ੀ` ਵੀ ਲੈ ਬਹਿੰਦਾ ਹੈ।ਪਰ ਸਾਨੂੰ ਨਿਰਾਸ਼ ਨਾ ਹੋ ਕੇ ਹੰਭਲਾ ਮਾਰਨ ਦੀ ਵੱਧ ਲੋੜ ਹੈ।ਹੁਣ ਸਵਾਲ ਇਹ ਹੈ ਕਿ ਅਸੀਂ ਨੌਜਵਾਨ ਕਰੀਏ ਤੇ ਕਰੀਏ ਕੀ?
ਅਜਾਦੀ ਦੇ 73 ਸਾਲ ਬਾਅਦ ਵੀ ਇਸ ਹਾਲਤ ਵਿੱਚ ਵਧੇਰੇ ਸੰਘਰਸ਼ ਦੀ ਲੋੜ ਹੈ, ਉਹ ਯੋਧੇ ਵੀ ਜਾਣਦੇ ਸਨ ਕਿ ਅਜਾਦੀ ਪ੍ਰਾਪਤੀ ਦੇ ਬਾਅਦ ਵੀ ਸੰਘਰਸ਼ ਚਲਦਾ ਰਹੇਗਾ।ਇਸ ਲਈ ਉਹਨਾਂ ਸਦਾ ਅਜਾਦੀ ਪ੍ਰਾਪਤੀ ਨੂੰ ਮਹਿਜ ਸੰਘਰਸ਼ ਦੀ ਸ਼ੁਰੂਆਤ ਕਿਹਾ ਹੈ।ਜਿਸ ਹਾਲਤ ਵਿੱਚ ਅੱਜ ਦਾ ਨੌਜਵਾਨ ਫਸਿਆ ਹੋਇਆ ਹੈ ਉਹਨਾਂ ਪਹਿਲਾਂ ਤੋਂ ਹੀ ਸੰਭਲ ਜਾਣ ਦਾ ਹੋਕਾ ਦਿੱਤਾ ਹੈ :-
“ਹਿੰਦ ਵਾਸੀਉ ਚਮਕਣਾ ਚੰਦ ਵਾਂਗੂੰ,
ਕਿਤੇ ਬੱਦਲਾਂ ਹੇਠ ਨਾ ਆ ਜਾਣਾ।”
ਇਸ ਲਈ ਪੜਨਾ ਬਹੁਤ ਲਾਜਮੀ ਹੈ।ਅਧਿਐਨ ਹੀ ਹੈ ਜਿਸ ਨੇ ਸਾਨੂੰ ਨੌਜਵਾਨਾਂ ਨੂੰ ਤਰਕ-ਅਧਾਰਿਤ ਸੱਚ ਦੀ ਖੋਜ ਕਰਨ ਵਿੱਚ ਕਾਮਯਾਬ ਕਰਨਾ ਹੈ ਅਤੇ ਮੂਲ ਹਾਲਾਤਾਂ ਨੂੰ ਸਮਝਣ ਦੇ ਸਮਰੱਥ ਬਣਾਉਣਾ ਹੈ।ਉਸਾਰੂ ਸੋਚ, ਸਾਂਝੀਵਾਲਤਾ, ਧਰਮ-ਨਿਰਪੱਖ ਤੇ ਸੱਚੀ-ਸੁੱਚੀ ਰਾਜਨੀਤੀ ਲੋਕ-ਭਲਾਈ ਲਈ ਲੋੜੀਂਦੇ ਤੱਤ ਹਨ।ਸਾਨੂੰ ਨੈਤਿਕਤਾ ਨੂੰ ਪਹਿਲ ਦੇ ਅਧਾਰ ‘ਤੇ ਲੈਣਾ ਹੋਵੇਗਾ।ਸਭ ਤੱਤਾਂ ਦੀ ਚੰਗੀ ਤਰਾਂ ਜਾਣਕਾਰੀ ਹੀ ਇਸ ਦਾ ਹੱਲ ਆਪਣੇ-ਆਪ ਲੱਭਣ ਵਿੱਚ ਸਹਾਈ ਹੋਵੇਗੀ।
ਫਿਰ ਦੂਜਿਆਂ ਨੂੰ ਜਾਗਰਿਤ ਕਰਨ ਲਈ ਅਸੀਂ ਕੰਪਿਊਟਰ, ਇੰਟਰਨੈਟ, ਮੋਬਾਇਲ ਆਦਿ ਦਾ ਸਹਾਰਾ ਲੈ ਕੇ ਵਟਸਐਪ, ਵੀਚੈਟ, ਫੇਸਬੁੱਕ, ਰੋਕੀਟਾਕ ਦੀ ਵਰਤੋਂ ਕਰਕੇ ਆਪਣੀ ਤਾਕਤ ਨੂੰ ਦੁਗਣਾ ਕਰ ਸਕਦੇ ਹਾਂ।ਹੱਕ-ਸੱਚ ਲਈ ਅਵਾਜ ਉਠਾਇਆ ਹੋ ਸਕਦਾ ਸ਼ੁਰੂ ਤੋਂ ਮਾਪਿਆਂ, ਲੋਕਾਂ, ਪ੍ਰਸ਼ਾਸ਼ਨ ਜਾਂ ਹਾਕਮ ਦਾ ਵਿਰੋਧ ਸਹਿਣਾ ਪਏ ਪਰ ਸੰਚਾਰ ਦੇ ਇਸ ਯੁੱਗ ਵਿੱਚ ਬਹੁਤ ਜਲਦੀ ਨੌਜਵਾਨ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣਗੇ।ਪਰ ਸਾਨੂੰ ਸ਼ਹੀਦਾਂ ਦੁਆਰਾ ਗੁਣ-ਗੁਣਾਈਆਂ ਸਤਰਾਂ ਨੂੰ ਯਾਦ ਕਰਕੇ ਹੋਂਸਲੇ ਨੂੰ ਬੁਲੰਦ ਰੱਖਣਾ ਹੋਵੇਗਾ :-
“ਜੇਲ੍ਹਾਂ ਹੋਣ ਕਾਲਜ ਵਤਨ ਸੇਵਕਾਂ ਦੇ, ਦਾਖਲ ਹੋਇ ਕੇ ਡਿਗਰੀਆਂ ਪਾ ਜਾਣਾ।
ਹੁੰਦੇ ਫੇਲ ਬਹੁਤੇ ਅਤੇ ਪਾਸ ਥੋੜੇ, ਵਤਨ ਵਾਸੀਓ ਦਿਲ ਨਾ ਢਾਹ ਜਾਣਾ।”
ਕਿਤੇ ਸੋਚ ਕੇ ਵੇਖਿਉ ਦੋਸਤੋ ਉਹ ਤਿੰਨੇ ਯੋਧੇ ਵੀ ਨੌਜਵਾਨ ਸਨ।ਜੇਕਰ ਉਹ ਚਾਹੁੰਦੇ ਉਹ ਵੀ ਸਾਡੇ ਵਾਂਗੂੰ ਮੌਜਾਂ ਮਾਣ ਸਕਦੇ ਸੀ, ਪਿਆਰ-ਮਹੁੱਬਤ ਦੀਆਂ ਪੀਂਘਾ ਪਾ ਸਕਦੇ ਸੀ, ਵਿਆਹ ਕਰਵਾ ਕੇ ਆਪਣਾ ਘਰ ਵਸਾ ਸਕਦੇ ਸੀ, ਅੰਗਰੇਜ਼ਾਂ ਦੀਆਂ ਸਿਫਤਾਂ ਵਿੱਚ ਸੋਹਲੇ ਗਾ-ਗਾ ਕੇ ਦੌਲਤਾਂ-ਸ਼ੌਹਰਤਾਂ ਪ੍ਰਾਪਤ ਕਰ ਸਕਦੇ ਸੀ, ਸਿਰਫ ਉਹ `ਕੱਲ੍ਹੇ` ਤਿੰਨ ਹੀ ਹਨ ਦਾ ਬਹਾਨਾ ਲਾ ਸਕਦੇ ਸੀ, ਪ੍ਰਸ਼ਾਸ਼ਨ ਤੇ ਹਾਕਮ ਦੇ ਵਿਰੋਧ ਕਰਕੇ ਆਪਣਾ ਫੈਸਲਾ ਬਦਲ ਸਕਦੇ ਸੀ।ਪਰ ਉਹਨਾਂ ਅਜਿਹਾ ਕੁੱਝ ਨਹੀਂ ਕੀਤਾ।ਜਿੰਦਗੀ ਕਿਸਨੂੰ ਪਿਆਰੀ ਨਹੀਂ ਹੁੰਦੀ ਦੋਸਤੋ ? ਘਰ-ਪਰਿਵਾਰ ਤੇ ਪਿਆਰ ਕੌਣ ਛੱਡਣਾ ਚਾਹੁੰਦਾ ਹੈ ? ਬਸ ਗੱਲ ਇਹ ਸੀ ਕਿ ਉਹਨਾਂ ਸੂਰਮਿਆਂ ਦੀ ਸੋਚ-ਸ਼ਕਤੀ ਅਧਿਐਨ ਕਰਕੇ ਤਰਕ-ਅਧਾਰਿਤ ਬਣ ਚੁੱਕੀ ਸੀ ਅਤੇ ਉਹਨਾਂ ਨੂੰ ਸਮਝ ਆ ਗਈ ਸੀ ਕਿ ਇਨਕਲਾਬ ਰਾਹੀਂ ਹੀ ਬਦਲਾਅ ਸੰਭਵ ਹੈ ।
ਇਸ ਲਈ ਅੱਜ 23 ਮਾਰਚ ਦੇ ਦਿਨ ਆਉ ਨੌਜਵਾਨ ਦੋਸਤੋ ਇਹ ਪ੍ਰਣ ਕਰੀਏ ਕਿ ਅਸੀਂ ਉਹਨਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਕਿਤਾਬਾਂ ਵਿੱਚ ਘੁਣ ਨੂੰ ਨਹੀਂ ਖਾਣ ਦਿਆਂਗੇ, ਸਿਰਫ ਪੋਸਟਰਾਂ-ਮਾਟੋ ਵਿੱਚ ਹੀ ਨਹੀਂ ਬਲਕਿ ਉਹਨਾਂ ਦੇ ਕਹੇ ਅਨੁਸਾਰ :-
“ਪਿਆਰੇ ਵੀਰਨੋ ਚੱਲੇ ਹਾਂ ਅਸੀਂ ਜਿਥੇ,
ਇਸੇ ਰਸਤਿਉਂ ਤੁਸੀਂ ਵੀ ਆ ਜਾਣਾ।”
ਦਰਸਾਏ ਮਾਰਗ ਤੇ ਚੱਲਾਂਗੇ ਅਤੇ ਅਧਿਐਨ ਰਾਹੀਂ ਆਪਣੀ ਸੋਚ-ਸ਼ਕਤੀ ਨੂੰ ਤਰਕ-ਅਧਾਰਿਤ ਬਣਾ ਕੇ ਹੋਰਾਂ ਦੀ ਸੋਚ ਆਪਣੇ ਨਾਲ ਰਲਾ ਕੇ ਆਪਣੀ ਤਾਕਤ ਦੁਗਣੀ ਕਰਕੇ ਜਥੇਬੰਦੀ ਰੂਪੀ ਹਥਿਆਰ ਰਾਹੀਂ ਸਮਾਜ ਵਿੱਚ ਲੋੜੀਂਦਾ ਬਦਲਾਅ ਲਿਆਉਣ ਲਈ ਤਨੋਂ, ਮਨੋਂ ਤੇ ਧਨੋਂ ਬਣਦਾ ਯੋਗਦਾਨ ਪਾਵਾਂਗੇ ।
ਅੱਜ ਦੇ ਦਿਨ ਉਹਨਾਂ ਤਿੰਨਾਂ ਸੂਰਮਿਆਂ ਨੂੰ ਸਾਡੀ ਨੌਜਵਾਨਾਂ ਦੀ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ ।
ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ – 9855207071