ਨਵੀਂ ਦਿੱਲੀ, 24 ਮਾਰਚ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ 24 ਮਾਰਚ ਦੀ ਅੱਧੀ ਰਾਤ 12.00 ਵਜੇ ਤੋਂ ਪੂਰੇ ਦੇਸ਼ ਵਿੱਚ ਲਾਕ ਡਾਊਨ ਲਾਗੂ ਹੋ ਜਾਵੇਗਾ।ਉਨਾਂ ਕਿਹਾ ਕਿ ਦੇਸ਼ ਦੇ ਨਾਗਰਿਕਾਂ ਨੂੰ ਬਚਾਉਣ ਲਈ ਘਰੋਂ ਬਾਹਰ ਨਿਕਲਣ ‘ਤੇ ਪਾਬੰਦੀ ਲਗਾਈ ਜਾ ਰਹੀ ਹੈ।ਸਾਰੇ ਸੂਬਿਆਂ, ਕੇਂਦਰ ਸਾਸ਼ਿਤ ਪ੍ਰਦੇਸ਼ਾਂ, ਸ਼ਹਿਰਾਂ ਤੇ ਗਲੀ ਮੁਹੱਲਿਆਂ ਵਿੱਚ ਇਹ ਪਾਬੰਦੀ ਲੱਗੇਗੀ।ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਵਿਆਪੀ ਲਾਕ ਡਾਊਨ ਇੱਕ ਤਰਾਂ ਦਾ ਕਰਫਿਊ ਹੀ ਹੈ, ਜੋ ਜਨਤਾ ਕਰਫਿਊ ਤੋਂ ਅੱਗੇ ਹੈ।ਇਹ ਲਾਕ ਡਾਊਨ ਜਿਆਦਾ ਸਖਤ ਹੋਵੇਗਾ।ਕੋਰੋਨਾ ਮਹਾਮਾਰੀ ਖਿਲਾਫ ਇਹ ਨਿਰਨਾਇਕ ਲੜਾਈ ਹੈ।ਲਾਕਡਾਊਨ ਦੀ ਆਰਥਿਕ ਕੀਮਤ ਸਾਨੂੰ ਜਰੂਰ ਉਠਾਉਣੀ ਪਵੇਗੀ।ਪਰ ਸਭ ਦੇਸ਼ ਵਾਸੀਆਂ ਦਾ ਜੀਵਨ ਬਚਾਉਣਾ ਬਹੁਤ ਅਹਿਮ ਹੈ।ਇਸ ਵਕਤ ਭਾਰਤ ਸਰਕਾਰ, ਸੂਬਾ ਸਰਕਾਰ ਅਤੇ ਸਥਾਨਕ ਪ੍ਰਸਾਸ਼ਨ ਦੀ ਪਹਿਲ ਹੈ ਕਿ ਕੋਰੋਨਾ ਵਾਇਰਸ ਦੇ ਸੰਕ੍ਰਮਨ ਦੀ ਚੇਨ ਤੋੜੀ ਜਾਵੇ।ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨਾਂ ਦੀ ਹੱਥ ਜੋੜ ਕੇ ਬੇਨਤੀ ਹੈ ਕਿ ਲਾਕ ਡਾਊਨ ਦੌਰਾਨ ਜੋ ਜਿਥੇ ਵੀ ਹੈ, ਉਥੇ ਹੀ ਰਹੇ।
ਉਨਾਂ ਕਿਹਾ ਕਿ ਪਿਛਲੇ ਹਫਤੇ ਆਪਣੇ ਸੰਬੋਧਨ ਵਿੱਚ ਕੁੱਝ ਸਪਤਾਹ ਮੰਗੇ ਸਨ।ਹਰ ਨਾਗਰਿਕ, ਆਪਣੇ ਤੇ ਪਰਿਵਾਰ ਦੀ ਸੁਰੱਖਿਆ ਲਈ ਕੋਰੋਨਾ ਵਾਇਰਸ ਦਾ ਸਾਈਕਲ ਤੋੜਣ ਲਈ 21 ਦਿਨ ਦਾ ਲਾਕ ਡਾਊਨ ਜਰੂਰੀ ਹੈ।ਅਗਰ ਅਸੀਂ ਅਜਿਹਾ ਕਰਨ ਵਿੱਚ ਅਸਫਲ ਰਹਿੰਦੇ ਹਾਂ ਤਾਂ 21 ਸਾਲ ਪਿੱਛੇ ਚਲੇ ਜਾਵਾਂਗੇ।ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਜਾਣਗੇ।ਮੋਦੀ ਨੇ ਕਿਹਾ ਕਿ ਇਹ ਸਭ ਉਹ ਇੱਕ ਪ੍ਰਧਾਨ ਮੰਤਰੀ ਵਜੋਂ ਨਹੀਂ ਬਲਕਿ ਇੱਕ ਪਰਿਵਾਰਕ ਮੈਂਬਰ ਵਜੋਂ ਕਹਿ ਰਹੇ ਹਨ, ਕਿ ਘਰ ਵਿੱਚ ਰਹੋ… ਘਰ ਵਿੱਚ ਰਹੋ।ਕਿਸੇ ਵੀ ਕੀਮਤ ‘ਤੇ ਬਾਹਰ ਨਾ ਨਿਕਲੋ।
ਮੋਦੀ ਨੇ ਕਿਹਾ ਕਿ ਆਪਣੀ ਜ਼ਿੰਦਗੀ ਖਤਰੇ ਵਿੱਚ ਪਾ ਕੇ ਡਾਕਟਰ, ਨਰਸਾਂ, ਪੈਰਾ ਮੈਡੀਕਲ ਸਟਾਫ, ਹਸਪਤਾਲ, ਐਂਬੂਲੈਂਸ ਡਰਾਇਵਰ, ਵਾਰਡ ਬੁਆਏ ਤੇ ਸਫਾਈ ਕਰਮਚਾਰੀਆਂ ਤੋਂ ਇਲਾਵਾ 24 ਘੰਟੇ ਖਬਰਾਂ ਆਪ ਤੱਕ ਪਹੁੰਚਾਉਣ ਲਈ 24 ਘੰਟੇ ਸੜਕਾਂ ਤੇ ਹਸਪਤਾਲਾਂ ਵਿੱਚ ਜਾਣ ਵਾਲੇ ਮੀਡੀਆ ਕਰਮੀ ਤੇ ਆਪਣੇ ਪਰਿਵਾਰਾਂ ਦੀ ਫਿਕਰ ਛੱਡ ਕੇ ਆਪ ਨੂੰ ਬਚਾਉਣ ਲਈ ਕੰਮ ਕਰ ਰਹੇ ਪੁਲਿਸ ਮੁਲਾਜ਼ਮ ਦਾ ਵੀ ਸੋਚੋ, ਜੋ ਕਦੇ ਨਾਗਰਿਕਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੁੰਦੇ ਹਨ। ਅੱਜ ਦੇ ਫੈਸਲੇ ਨੇ ਦੇਸ਼ ਵਾਸੀਆਂ ਦੇ ਘਰ ਅੱਗੇ ਲਕਸ਼ਮਨ ਰੇਖਾ ਖਿੱਚ ਦਿਤੀ ਹੈ, ਜਿਸ ਨੂੰ ਪਾਰ ਕਰਨਾ ਘਾਤਕ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ 15000 ਕਰੋੜ ਦਾ ਪ੍ਰਾਵਧਾਨ ਕੀਤਾ ਹੈ। ਜਿਸ ਨਾਲ ਕੋਰੋਨਾ ਟੈਸਟਾਂ, ਆਈਸੋਲੇਸ਼ਨ, ਵੈਂਟੀਲੇਟਰ ਦਾ ਪ੍ਰਬੰਧ ਕਰਨ ਤੋਂ ਇਲਾਵਾ ਮੈਡੀਕਲ ਤੇ ਪੈਰਾ ਮੈਡੀਕਲ ਟਰੇਨਿੰਗ ਦਾ ਪ੍ਰਬੰਧ ਕੀਤਾ ਜਾਵੇਗਾ।ਉਨਾਂ ਕਿਹਾ ਕਿ ‘ਕੋਰੋਨਾ’ ਦਾ ਸਿੱਧਾ ਮਤਲਬ ਇੱਹ ਹੈ ਕਿ ਕੋਈ ਰੋਡ ਤੇ ਨਾ ਨਿਕਲੇ।
ਮਿਲੀ ਸੂਚਨਾ ਅਨੁਸਾਰ ਜੋ ਐਡਵਾਈਜ਼ਰੀ ਜਾਰੀ ਹੋਈ ਹੈ ਉਸ ਮੁਤਾਬਿਕ ਲਾਕ ਡਾਊਨ ਦੀ ਉਲੰਘਣਾ ਕਰਨ ਅਤੇ ਕੋਰੋਨਾ ਬਾਰੇ ਅਫਵਾਹਾਂ ਫੈਲਾਉਣ ‘ਤੇ ਇੱਕ ਸਾਲ ਦੀ ਸਜ਼ਾ ਦਿੱਤੀ ਜਾਵੇਗੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …