Saturday, September 21, 2024

ਪਟਿਆਲਾ ਜਿਲ੍ਹੇ ’ਚ 7 ਕੋਵਿਡ ਪੌਜ਼ਟਿਵ ਕੇਸਾਂ ਦੀ ਹੋਈ ਪੁਸ਼ਟੀ

ਕਰੋਨਾ ਯੋਧਿਆਂ ਵਜੋ ਫ਼ਰੰਟਲਾਈਨ ‘ਤੇ ਨਿਰੰਤਰ ਲੜ ਰਹੇ ਹਨ ਡਾਕਟਰ – ਡਾ. ਮਲਹੋਤਰਾ

ਪਟਿਆਲਾ, 1 ਜੁਲਾਈ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾਂ ਦੀਆਂ ਹੁਣ ਤੱਕ ਪ੍ਰਾਪਤ ਹੋਈਆਂ 107 ਰਿਪੋਰਟਾਂ ਵਿਚੋਂ 102 ਕੋਵਿਡ ਨੈਗੇਟਿਵ ਅਤੇ 5 ਕੋਵਿਡ ਪੌਜ਼ਟਿਵ ਪਾਏ ਗਏ ਹਨ।ਕੋਵਿਡ ਪੌਜ਼ਟਿਵ ਕੇਸਾਂ ਵਿਚੋਂ 3 ਪੌਜ਼ਟਿਵ ਕੇਸ ਦੇ ਸੰਪਰਕ ਆਏ ਵਿਅਕਤੀ, ਇੱਕ ਫਲੂ ਟਾਈਪ ਲੱਛਣ ਹੋਣ ਅਤੇ ਇੱਕ ਫਲੂ ਟਾਈਪ ਲੱਛਣ ਨਾ ਹੋਣ ਨਾਲ ਸਬੰਧਤ ਹਨ।
                ਇਸ ਤੋਂ ਇਲਾਵਾ ਜਿਲ੍ਹੇ ਦੇ ਇੱਕ ਕੋਵਿਡ ਪੌਜ਼ਟਿਵ ਮਰੀਜ਼ ਦੀ ਸੂਚਨਾ ਸਿਵਲ ਸਰਜਨ ਲੁਧਿਆਣਾ ਅਤੇ ਇੱਕ ਕੋਵਿਡ ਮਰੀਜ਼ ਦੀ ਸੂਚਨਾ ਪੀ.ਜੀ.ਆਈ ਚੰਡੀਗੜ੍ਹ ਤੋਂ ਪ੍ਰਾਪਤ ਹੋਈ ਹੈ।ਡਾ. ਮਲਹੋਤਰਾ ਨੇ ਦੱਸਿਆ ਪਿਛਲੇ ਦਿਨੀਂ ਆਨੰਦ ਨਗਰ ਦਾ ਰਹਿਣ ਵਾਲਾ ਸਿੱਖਿਆ ਵਿਭਾਗ ਵਿੱਚ ਕੰਮ ਕਰਦਾ ਕਰਮਚਾਰੀ ਜੋ ਕਿ ਕੋਵਿਡ ਪੌਜ਼ਟਿਵ ਆਉਣ ‘ਤੇ ਉਸ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ, ਦੇ 22 ਸਾਲਾ ਪੁੱਤਰ ਅਤੇ 50 ਸਾਲਾ ਪਤਨੀ ਵਿੱਚ ਵੀ ਨੇੜਲੇ ਸੰਪਰਕ ਵਿੱਚ ਆਉਣ ਕਾਰਨ ਲਏ ਕੋਵਿਡ ਸੈਂਪਲ ਪੌਜ਼ਟਿਵ ਪਾਏ ਗਏ ਹਨ।ਇਸੇ ਤਰਾਂ ਹੀਰਾ ਨਗਰ ਦੀ ਰਹਿਣ ਵਾਲੀ 53 ਸਾਲਾ ਔਰਤ ਵੀ ਪੌਜ਼ਟਿਵ ਕੇਸ ਦੇ ਸੰਪਰਕ ਵਿੱਚ ਆਉਣ ‘ਤੇ ਕੋਵਿਡ ਪਜ਼ਟਿਵ ਪਾਈ ਗਈ ਹੈ।ਉਨ੍ਹਾਂ ਦੱਸਿਆ ਕਿ ਰਾਜਪੁਰਾ ਦੇ ਬਠੇਜਾ ਕਾਲੋਨੀ ਵਿਚ ਰਹਿਣ ਵਾਲੇ 23 ਸਾਲਾ ਵਿਅਕਤੀ ਵਿਚ ਫਲੂ ਟਾਈਪ ਲੱਛਣ ਹੋਣ ‘ਤੇ ਉਸ ਦੇ 52 ਸਾਲਾ ਪਿਤਾ ਦੇ ਵੀ ਕੋਵਿਡ ਜਾਂਚ ਸਬੰਧੀ ਲਏ ਸੈਂਪਲ ਵਿਚ ਦੋਨੋਂ ਕੋਵਿਡ ਪੌਜ਼ਟਿਵ ਪਾਏ ਗਏ ਹਨ।ਉਨ੍ਹਾਂ ਕਿਹਾ ਕਿ ਬਡੂੰਗਰ ਦੀ ਰਹਿਣ ਵਾਲੀ 20 ਸਾਲਾ ਲੜਕੀ ਜੋ ਕਿ ਵਿਦੇਸ਼ ਤੋਂ ਆਉਣ ਤੇ ਮੁਹਾਲੀ ਏਅਰਪੋਰਟ ‘ਤੇ ਉਸ ਦੇ ਕਰੋਨਾ ਜਾਂਚ ਸਬੰਧੀ ਲਏ ਸੈਂਪਲ ਵਿੱਚ ਕੋਵਿਡ ਦੀ ਪੁਸ਼ਟੀ ਹੋਈ ਹੈ।ਜਿਸ ਦੀ ਸੂਚਨਾ ਪੀ.ਜੀ.ਆਈ ਚੰਡੀਗੜ੍ਹ ਤੋਂ ਪ੍ਰਾਪਤ ਹੋਈ ਹੈ।ਇਸੇ ਤਰਾਂ ਨਾਭੇ ਦੀ ਗਰੀਨ ਵਿਊ ਕਲੋਨੀ ਵਿੱਚ ਰਹਿਣ ਵਾਲਾ 32 ਸਾਲਾ ਵਿਅਕਤੀ, ਜੋ ਕਿ ਕਿਸੇ ਬਿਮਾਰੀ ਕਾਰਨ ਲੁਧਿਆਣਾ ਵਿਖੇ ਡੀ.ਐਮ.ਸੀ ਹਸਪਤਾਲ ਵਿੱਚ ਦਾਖਲ ਹੈ, ਵਿਚ ਵੀ ਕੋਵਿਡ ਜਾਂਚ ਪੌਜ਼ਟਿਵ ਪਾਈ ਗਈ ਹੈ।ਜਿਸ ਦੀ ਸੂਚਨਾ ਸਿਵਲ ਸਰਜਨ ਲੁਧਿਆਣਾ ਤੋਂ ਪ੍ਰਾਪਤ ਹੋਈ ਹੈ।ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਪੌਜ਼ਟਿਵ ਆਏ ਇਹਨਾਂ ਵਿਅਕਤੀਆਂ ਨੂੰ ਗਾਈਡ ਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ਰਾਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫ਼ਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾਣਗੇ ਅਤੇ ਇਹਨਾਂ ਪੌਜ਼ਟਿਵ ਕੇਸਾਂ ਦੇ ਘਰਾਂ ਅਤੇ ਆਲੇ ਦੁਆਲੇ ਦੇ ਘਰਾਂ ਵਿੱਚ ਸੋਡੀਅਮ ਹਾਈਪੋਕਲੋਰਾਈਡ ਦੀ ਸਪਰੇਅ ਵੀ ਕਰਵਾਈ ਜਾ ਰਹੀ ਹੈ।
ਡਾ. ਮਲਹੋਤਰਾ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਤਹਿਤ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚੋਂ ਇੱਕ ਵਿਅਕਤੀ ਨੂੰ ਕੋਵਿਡ ਤੋਂ ਠੀਕ ਹੋਣ, ਦੋ ਵਿਅਕਤੀਆਂ ਨੂੰ ਆਈਸੋਲੇਸ਼ਨ ਦਾ 10 ਦਿਨ ਦਾ ਸਮਾਂ ਪੂਰਾ ਹੋਣ ਅਤੇ ਕੋਵਿਡ ਕੇਅਰ ਸੈਂਟਰ ਤੋਂ ਇੱਕ ਮਰੀਜ਼ ਨੂੰ ਛੁੱਟੀ ਦੇ ਕੇ ਅਗਲੇ 7 ਦਿਨ ਇਕਾਂਤਵਾਸ ਵਿੱਚ ਰਹਿਣ ਲਈ ਘਰ ਭੇਜ ਦਿੱਤਾ ਗਿਆ ਹੈ।
               ਅੱਜ ਡਾਕਟਰ ਦਿਵਸ ਦੇ ਮੌਕੇ ਉਨ੍ਹਾਂ ਕਿਹਾ ਕਿ ਉਹ ਸਾਰੇ ਡਾਕਟਰਾਂ ਨੂੰ ਸਲਾਮ ਕਰਦੇ ਹਨ ਜਿਹੜੇ ਕੋਵਿਡ 19 ਦੇ ਖਿਲਾਫ਼ ਕਰੋਨਾ ਯੋਧਿਆਂ ਵਜੋਂ ਫ਼ਰੰਟਲਾਈਨ ‘ਤੇ ਨਿਰੰਤਰ ਲੜ ਰਹੇ ਹਨ ਅਤੇ ਇਸ ਮਹਾਂਮਾਰੀ ਨੂੰ ਰੋਕਣ ਲਈ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਕੋਵਿਡ 19 ਤਹਿਤ ਜਿਲ੍ਹੇ ਦੇ ਸਮੂਹ ਡਾਕਟਰਾਂ ਵਲੋਂ ਕੋਵਿਡ ਪੌਜ਼ਟਿਵ ਕੇਸਾਂ ਦੀ ਦੇਖਭਾਲ ਕਰਨ ਅਤੇ ਜਿਲ੍ਹੇ ਨੂੰ ਕੋਵਿਡ ਤੋਂ ਮੁਕਤ ਕਰਾਉਣ ਲਈ ਪੂਰੀ ਤਨਦੇਹੀ ਨਾਲ ਦਿਨ ਰਾਤ ਇੱਕ ਕਰਕੇ ਡਿਊਟੀ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਡਾਕਟਰਾਂ ਵਲੋਂ ਇਸ ਮਹਾਂਮਾਰੀ ਨਾਲ ਲੜਨ ਲਈ ਅਜਿਹੀਆਂ ਸੇਵਾਵਾਂ ਜਾਰੀ ਰਹਿਣਗੀਆਂ।
               ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿ਼ਲ੍ਹੇ ਵਿਚ ਵੱਖ-ਵੱਖ ਥਾਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੁੱਲ 632 ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਨ੍ਹਾਂ ਵਿਚੋਂ ਪੌਜ਼ਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾਂ ਤੋਂ ਆ ਰਹੇ ਯਾਤਰੀਆਂ, ਲੇਬਰ, ਫਲੂ ਲੱਛਣਾਂ ਵਾਲੇ ਮਰੀਜ਼, ਟੀ.ਬੀ ਮਰੀਜ਼, ਸਿਹਤ ਵਿਭਾਗ ਦੇ ਫ਼ਰੰਟਲਾਈਨ ਵਰਕਰ, ਪੁਲਿਸ ਮੁਲਾਜ਼ਮ, ਪੌਜ਼ਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ।ਜਿਨ੍ਹਾਂ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ।
                  ਡਾ. ਮਲਹੋਤਰਾ ਨੇ ਕਿਹਾ ਕਿ ਹੁਣ ਤੱਕ ਜਿਲ੍ਹੇ ਵਿੱਚ ਕੋਵਿਡ ਜਾਂਚ ਸਬੰਧੀ 22965 ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾਂ ਵਿਚੋਂ ਜਿਲ੍ਹਾ ਪਟਿਆਲਾ 336 ਕੋਵਿਡ ਪੌਜ਼ਟਿਵ, 21430 ਨੈਗੇਟਿਵ ਅਤੇ 1158 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜ਼ਟਿਵ ਕੇਸਾਂ ਵਿਚੋਂ 9 ਪਜ਼ਟਿਵ ਕੇਸ ਦੀ ਮੌਤ ਹੋ ਚੁੱਕੀ ਹੈ 160 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 167 ਹੈ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …