Saturday, September 21, 2024

ਅਵਾਸ ਪਲੱਸ ਐਪਲੀਕੇਸ਼ਨ ਅਧੀਨ ਹੋਰ 2376 ਲਾਭਪਾਤਰੀਆਂ ਦੀ ਹੋਈ ਰਜਿਸਟ੍ਰੇਸ਼ਨ – ਬਲਰਾਜ ਸਿੰਘ

ਪਠਾਨਕੋਟ, 29 ਅਗਸਤ (ਪੰਜਾਬ ਪੋਸਟ ਬਿਊਰੋ) – ਸਰਕਾਰ ਵੱਲੋਂ ਲੋਕਾਂ ਦੀਆਂ ਸਹੂਲਤਾਂ ਲਈ ਵੱਖ-ਵੱਖ ਸਮੇਂ ਯੋਜਨਾਵਾਂ ਚਲਾਈਆਂ ਜਾਂਦੀਆਂ ਹਨ।ਜਿਨ੍ਹਾਂ ਵਿੱਚੋਂ ਪ੍ਰਾਧਨ ਮੰਤਰੀ ਅਵਾਸ ਯੋਜਨਾ (ਗ੍ਰਾਮੀਣ) ਸਕੀਮ ਜਿਲ੍ਹਾ ਪਠਾਨਕੋਟ ਵਿੱਚ ਯੋਗ ਲਾਭਪਾਤਰੀਆਂ (ਜਿਨ੍ਹਾਂ ਕੋਲ ਅਪਣਾ ਘਰ ਨਹੀਂ ਸੀ) ਨੂੰ ਪੱਕੇ ਘਰ ਬਣਾ ਕੇ ਦਿੱਤੇ ਗਏ ਹਨ ਅਤੇ ਕੁੱਝ ਯੋਗ ਲਾਭਪਾਤਰੀਆਂ ਦੇ ਘਰ ਦਾ ਨਿਰਮਾਣ ਚੱਲ ਵੀ ਰਿਹਾ ਹੈ।ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਲਰਾਜ ਸਿੰਘ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਸਰਕਾਰ ਵਲੋਂ ਬੇਘਰੇ ਲੋਕਾਂ ਨੂੰ ਪੱਕੇ ਮਕਾਨ ਬਨਾਉਣ ਲਈ ਪਹਿਲਾਂ ਇੰਦਰਾ ਅਵਾਸ ਯੋਜਨਾ ਸਕੀਮ ਚੱਲ ਰਹੀ ਸੀ।ਜਿਸ ਨੂੰ ਸਾਲ 2016 ਵਿੱਚ ਬਦਲ ਕੇ ਪ੍ਰਧਾਨ ਮੰਤਰੀ ਅਵਾਸ ਯੋਜਨਾ (ਗ੍ਰਾਮੀਣ) ਕਰ ਦਿੱਤਾ ਗਿਆ।ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਪੱਕੇ ਮਕਾਨ ਬਣਾਉਣ ਲਈ ਸਰਕਾਰ ਵਲੋਂ 1,20,000/- ਰਪੁਏ ਦੀ ਗ੍ਰਾਂਟ ਦਿੱਤੀ ਜਾਂਦੀ ਹੈ।ਇਸ ਰਕਮ ਦੀ ਅਦਾਇਗੀ ਤਿੰਨ ਕਿਸ਼ਤਾਂ ਵਿੱਚ ਆਨਲਾਈਨ ਮਕਾਨ ਬਣਾਉਣ ਉਪਰੰਤ ਸਿੱਧੇ ਤੌਰ ‘ਤੇ ਲਾਭਪਾਤਰੀ ਦੇ ਬੈਂਕ ਖਾਤੇ ਵਿੱਚ ਕੀਤੀ ਜਾਂਦੀ ਹੈ।ਪਹਿਲੀ ਕਿਸ਼ਤ 30000/- ਰੁਪਏ, ਦੂਸਰੀ ਕਿਸ਼ਤ 72000/- ਰੁਪਏ ਅਤੇ ਤੀਸਰੀ 18000/- ਦਿੱਤੇ ਜਾਂਦੇ ਹਨ।
ਜਾਣਕਾਰੀ ਦਿੰਦਿਆਂ ਮਿਨਾਕਸ਼ੀ ਸ਼ਰਮਾ ਜਿਲ੍ਹਾ ਕੋਆਰਡੀਨੇਟਰ ਪ੍ਰਧਾਨ ਮੰਤਰੀ ਅਵਾਸ ਯੋਜਨਾ (ਗ੍ਰਾਮੀਣ) ਸਕੀਮ ਨੇ ਦੱਸਿਆ ਕਿ ਘਰ ਬਣਾਉਣ ਦੀ ਮਨਜ਼ੂਰੀ ਲਈ ਲਾਭਪਾਤਰੀ ਵੱਲੋਂ ਦਿੱਤੀ ਗਈ ਅਰਜ਼ੀ ‘ਤੇ ਕਾਰਜ਼ ਕਰਦਿਆਂ ਸਬੰਧਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਵਲੋਂ ਪੜਤਾਲ ਕਰਨ ਉਪਰੰਤ ਯੋਗ ਲਾਭਪਾਤਰੀਆਂ ਦੀ ਤਜਵੀਜ਼ ਭੇਜੀ ਜਾਂਦੀ ਹੈ ਅਤੇ ਉਸ ਤਜਵੀਜ਼ ਦੇ ਅਧਾਰ ‘ਤੇ ਕੀਤੀ ਗਈ ਆਨਲਾਈਨ ਜੀਓ ਟੈਗਿੰਗ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਵਿ) ਵੱਲੋਂ ਚੈਕ ਕਰਨ ਉਪਰੰਤ ਯੋਗ ਲਾਭਪਾਤਰੀ ਨੂੰ ਪ੍ਰਵਾਨਗੀ ਦੇ ਦਿੱਤੀ ਜਾਂਦੀ ਹੈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ ਲਾਭਪਾਤਰੀ ਨੂੰ 90 ਦਿਨਾਂ ਦੀਆਂ ਦਿਹਾੜੀਆਂ ਆਪਣੇ ਘਰ ਵਿਚ ਹੀ ਕੰਮ ਕਰਨ ਲਈ ਦਿੱਤੀਆਂ ਜਾਂਦੀਆਂ ਹਨ।ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ 2011 ਅਧੀਨ ਜਿਲ੍ਹਾ ਪਠਾਨਕੋਟ ਦੇ ਕੁੱਲ 866 ਲਾਭਪਾਤਰੀਆਂ ਦੀ ਚੋਣ ਕੀਤੀ ਗਈ ਸੀ।ਜਿਨ੍ਹਾਂ ਵਿਚੋਂ 542 ਯੋਗ ਪਾਏ ਗਏ।ਇਸ ਵਿਚੋਂ ਸਾਲ 2016-17 ਅਤੇ 2017-18 ਦੋਰਾਨ 335 ਘਰਾਂ ਸੈਕਸ਼ਨ ਉਪਰੰਤ ਬਣਾ ਦਿੱਤੇ ਗਏ ਹਨ ਅਤੇ ਬਕਾਇਆ 207 ਘਰਾਂ ਨੂੰ ਸਾਲ 2019-20 ਦੇ ਟੀਚੇ ਮੁਤਾਬਿਕ ਮਨਜ਼ੂਰੀ ਦੇ ਦਿੱਤੀ ਗਈ ਹੈ।ਇਸ ਵਿਚ 203 ਨੂੰ ਪਹਿਲੀ ਕਿਸ਼ਤ ਜਾਰੀ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਜਿਹੜੇ ਯੋਗ ਲਾਭਪਾਤਰੀ 2011 ਵਿਚ ਸ਼ਾਮਿਲ ਨਹੀਂ ਹੋ ਸਕੇ ਸਨ, ਉਨ੍ਹਾਂ ਯੋਗ ਲਾਭਪਾਤਰੀਆਂ ਨੂੰ ਸਕੀਮ ਦਾ ਲਾਭ ਦੇਣ ਲਈ ਭਾਰਤ ਸਰਕਾਰ ਵਲੋਂ ਅਵਾਸ ਪਲੱਸ ਐਪਲੀਕੇਸ਼ਨ ਚਲਾਈ ਗਈ ਸੀ, ਤਾਂ ਜੋ ਯੋਗ ਲਾਭਪਾਤਰੀਆਂ ਨੂੰ ਲਾਭ ਦੇਣ ਲਈ ਆਨਲਾਈਨ ਰਜਿਸਟਰ ਕੀਤਾ ਜਾ ਸਕੇ।ਇਸੇ ਤਰ੍ਹਾਂ ਜਿਲ੍ਹੇ ਵਿੱਚ ਅਵਾਸ ਪਲੱਸ ਮੋਬਾਇਲ ਐਪ ਰਾਹੀਂ 2376 ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਹੋਰ ਕੀਤੀ ਜਾ ਚੁੱਕੀ ਹੈ।ਜਿਨ੍ਹਾਂ ਦੀ ਵੈਰੀਫਿਕੇਸ਼ਨ ਉਪਰੰਤ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲਾਭ ਦਿੱਤਾ ਜਾਵੇਗਾ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …