Saturday, September 21, 2024

ਸਕੂਲ ਸਿੱਖਿਆ ਵਿਭਾਗ ਵਲੋਂ ਨੰਨੇ-ਮੁੰਨੇ ਵਿਦਿਆਰਥੀਆਂ ਲਈ ‘ਆਓ ਖੇਡੀਏ, ਆਓ ਗਾਈਏ‘ ਦੀ ਮੁਹਿੰਮ ਸ਼ੁਰੂ

ਪਠਾਨਕੋਟ, 29 ਅਗਸਤ (ਪੰਜਾਬ ਪੋਸਟ ਬਿਊਰੋ) – ਸਰਕਾਰੀ ਸਕੂਲਾਂ ‘ਚ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਕਰਕੇ, ਦੇਸ਼ ਭਰ ‘ਚ ਨਵੀਂ ਪਹਿਲਕਦਮੀ ਕਰਨ ਵਾਲੇ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਇੰਨ੍ਹਾਂ ਜਮਾਤਾਂ ਦੇ ਨੰਨੇ-ਮੁੰਨੇ ਵਿਦਿਆਰਥੀਆਂ ਨੂੰ ਮਨੋਰੰਜ਼ਕ ਤਰੀਕੇ ਨਾਲ ਵਿਦਿਅਕ ਲੀਹਾਂ ‘ਤੇ ਤੋਰਨ ਹਿੱਤ ‘ਆਓ ਖੇਡੀਏ, ਆਓ ਗਾਈਏ‘ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।ਜਿਸ ਤਹਿਤ ਪੜ੍ਹੋ ਪੰਜਾਬ ਪੜਾਓ ਪੰਜਾਬ ਪ੍ਰੋਜੈਕਟ ਤਹਿਤ ਪ੍ਰੀ-ਪ੍ਰਾਇਮਰੀ-1 ਤੇ ਪ੍ਰੀ-ਪ੍ਰਾਇਮਰੀ-2 ਜਮਾਤਾਂ ਲਈ ਆਕਰਸ਼ਕ ਤੇ ਮਨੋਰੰਜਕ ਪੁਸਤਕਾਂ ਤਿਆਰ ਕੀਤੀਆਂ ਗਈਆਂ ਹਨ।ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਦੀ ਅਗਵਾਈ ‘ਚ ਸਕੂਲੀ ਸਿੱਖਿਆ ਦੇ ਵਿਕਾਸ ਲਈ ਨਿਰੰਤਰ ਕੀਤੇ ਜਾ ਰਹੇ ਹਨ।
                   ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਐਲੀ.) ਬਲਦੇਵ ਰਾਜ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋ ਪ੍ਰੀ-ਪ੍ਰਾਇਮਰੀ-1 ਅਤੇ ਪ੍ਰੀ- ਪ੍ਰਾਇਮਰੀ-2 ਜਮਾਤਾਂ ਲਈ ਜੋ ਕਿਤਾਬਾਂ ਸਕੂਲਾਂ ਵਿੱਚ ਭੇਜੀਆਂ ਗਈਆਂ ਹਨ ਉਨ੍ਹਾਂ ਦੀ ਸਿਰਜਣਾ ਬੱਚਿਆਂ ਦੇ ਸਿੱਖਣ ਪੱਧਰਾਂ ਅਤੇ ਰੁਚੀਆਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ।ਬੱਚਿਆਂ ਦੀ ਕਵਿਤਾਵਾਂ ਪ੍ਰਤੀ ਰੁਚੀ ਪੈਦਾ ਕਰਨ ਲਈ ‘ਆਓ ਗਾਈਏ‘ ਕਿਤਾਬ (ਰਾਈਮ ਬੁੱਕ) ਲਗਾਈ ਗਈ ਹੈ।ਦੁਹਰਾਈ ਲਈ ਗਿਆਨ ਦਾ ਰੰਗੀਨ ਖਜ਼ਾਨਾ ਪ੍ਰੀ- ਪ੍ਰਾਇਮਰੀ-1 ਅਤੇ ਲਿਖਣ ਕਲਾ ਪ੍ਰੀ-ਪ੍ਰਾਇਮਰੀ-1 ਅਭਿਆਸ ਪੁਸਤਕਾਂ (ਵਰਕ ਬੁੱਕਸ) ਲਗਾਈਆਂ ਗਈਆਂ ਹਨ।
                  ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਰਮੇਸ਼ ਲਾਲ ਠਾਕੁਰ ਅਤੇ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਜਿਲ੍ਹਾ ਕੋਆਰਡੀਨੇਟਰ ਵਨੀਤ ਮਹਾਜਨ ਨੇ ਦੱਸਿਆ ਕਿ ਪ੍ਰੀ-ਪ੍ਰਾਇਮਰੀ-2 ਜਮਾਤ ਲਈ ਕਹਾਣੀਆਂ ਦੀ ਪੁਸਤਕ ‘ਅੰਬਰੋਂ ਟੁੱਟਿਆ ਤਾਰਾ, ਗੁੱਲੂ ਦਾ ਗਜ਼ਬ ਪਟਾਰਾ, ਮਾਣੋ ਦੀ ਚੋਰੀ, ਸੈਰ ਸਪਾਟਾ, ਉਡਦੇ-ਉਡਦੇ ਤੇ ਮੇਰੇ ਦੋਸਤ ਵਰਗੀਆਂ ਦਿਲਕਸ਼ ਕਿਤਾਬਾਂ ਤਿਆਰ ਕੀਤੀਆਂ ਗਈਆਂ ਹਨ।ਇਸ ਤੋਂ ਇਲਾਵਾ ਗਿਆਨ ਦਾ ਰੰਗੀਨ ਖਜ਼ਾਨਾ ਪ੍ਰੀ-ਪ੍ਰਾਇਮਰੀ-2 ਅਤੇ ਲਿਖਣ ਕਲਾ ਪ੍ਰੀ-ਪ੍ਰਾਇਮਰੀ-2 ਵਰਕ ਬੁੱਕਸ ਲਗਾਈਆਂ ਗਈਆਂ ਹਨ।
                  ਦੱਸਣਯੋਗ ਹੈ ਕਿ ਨਵੀਂ ਰਾਸਟਰੀ ਸਿੱਖਿਆ ਨੀਤੀ ਵਿੱਚ ਪ੍ਰੀ ਪ੍ਰਾਇਮਰੀ ਸਿੱਖਿਆ ਨੂੰ ਬਹੁਤ ਜਿਆਦਾ ਮਹੱਤਵ ਦਿੱਤਾ ਗਿਆ ਹੈ।ਪਰ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਇਹ ਜਮਾਤਾਂ ਨਵੰਬਰ 2017 ‘ਚ ਆਰੰਭ ਕਰ ਦਿੱਤੀਆਂ ਗਈਆਂ ਸਨ।ਇਸ ਉਦਮ ਨਾਲ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖ਼ਲਿਆਂ ਵਿੱਚ ਅਥਾਹ ਵਾਧਾ ਹੋਇਆ ਹੈ।ਇਸ ਮੌਕੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਵੀ ਹਾਜ਼ਰ ਸੀ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …