Friday, September 20, 2024

ਔਰਤ ਉਦਮੀਆਂ ਨੂੰ ਹੁਲਾਰਾ ਦੇਣ ਲਈ ‘ਬੀਬੀਆਂ ਦੀ ਦੁਕਾਨ’ ਸ਼ੁਰੂ

ਡਿਪਟੀ ਕਮਿਸ਼ਨਰ ਬਣੇ ਪਹਿਲੇ ਗਾਹਕ-ਦੇਸੀ ਘਿਉ ਦੇ ਬਿਸਕੁੱਟ ਖਰੀਦੇ

ਕਪੂਰਥਲਾ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਵੈ ਸਹਾਇਤਾ ਗਰੁੱਪਾਂ ਨਾਲ ਜੁੜੀਆਂ ਔਰਤ ਉਦਮੀਆਂ ਨੂੰ ਉਤਸ਼ਾਹਿਤ ਕਰਨ ਤੇ ਉਨ੍ਹਾਂ ਦੇ ਉਤਪਾਦਾਂ ਨੂੰ ਬਜ਼ਾਰੀ ਪਲੇਟਫਾਰਮ ਮਹੱਈਆ ਕਰਵਾਉਣ ਦੇ ਮਕਸਦ ਨਾਲ ਕਪੂਰਥਲਾ ‘ਚ ‘ਬੀਬੀਆਂ ਦੀ ਦੁਕਾਨ’ ਸ਼ੁਰੂ ਕੀਤੀ ਗਈ ਹੈ।
                     ਇਸ ਦਾ ਸਭ ਤੋਂ ਨਿਵੇਕਲਾ ਪੱਖ ਇਹ ਹੈ ਕਿ ਇਸ ਦੁਕਾਨ ਉਪਰ ਕੇਵਲ ਔਰਤਾਂ ਵਲੋਂ ਆਪਣੇ ਘਰਾਂ, ਸਵੈ ਸਹਾਇਤਾ ਗਰੁੱਪਾਂ ਰਾਹੀਂ ਤਿਆਰ ਕੀਤਾ ਘਰੇਲੂ ਵਰਤੋਂ ਵਾਲਾ ਸਮਾਨ ਹੀ ਵੇਚਿਆ ਜਾਵੇਗਾ, ਜਿਸ ਦੀ ਗੁਣਵਤਾ ਵੱਲ ਵਿਸ਼ੇਸ਼ ਤਵੱਜ਼ੋਂ ਦਿੱਤੀ ਗਈ ਹੈ।
                      ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਸਥਾਨਕ ਬੀ.ਡੀ.ਪੀ.ਓ ਦਫਤਰ ਨੇੜੇ ਸੜਕ ਉਪਰ ਇਸ ਦੀ ਸ਼ੁਰੂਆਤ ਕੀਤੀ ਗਈ।ਇਸ ਦੁਕਾਨ ਤੋਂ ਦੇਸੀ ਘਿਊ ਦੇ ਬਿਸਕੁੱਟ ਖਰੀਦ ਕੇ ਉਹ ਪਹਿਲੇ ਗਾਹਕ ਬਣੇ।ਇਸ ਤੋਂ ਇਲਾਵਾ ਉਨ੍ਹਾਂ ਨੇ ਔਰਤਾਂ ਹੱਥੀਂ ਤਿਆਰ ਕੀਤੇ ਪਨੀਰ ਚਾਟ ਤੇ ਹੋਰ ਉਤਪਾਦਾਂ ਦਾ ਆਨੰਦ ਵੀ ਮਾਣਿਆ।
                   ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹੇ ਅੰਦਰ 188 ਸਵੈ ਸਹਾਇਤਾ ਗਰੁੱਪ ਹਨ, ਜਿਨ੍ਹਾਂ ਦੇ 1992 ਮੈਂਬਰਾਂ ਵਿਚੋਂ 1400 ਦੇ ਕਰੀਬ ਔਰਤਾਂ ਹਨ, ਜੋ ਕਿ ਘਰੇਲੂ ਵਰਤੋਂ ਵਾਲੀਆਂ ਵਸਤਾਂ ਤੋਂ ਇਲਾਵਾ ਸੂਟ, ਗਹਿਣੇ ਆਦਿ ਬਣਾਉਣ ਦਾ ਕੰਮ ਕਰਦੀਆਂ ਹਨ।
                    ‘ਬੀਬੀਆਂ ਦੀ ਦੁਕਾਨ’ ਦੇ ਸੁਪਨੇ ਨੂੰ ਰੂਪਮਾਨ ਕਰਨ ਵਾਲੀ ਮਹਿਲਾ ਵਿਕਾਸ ਅਫਸਰ ਹਰਪ੍ਰੀਤ ਕੌਰ ਨੇ ਦੱਸਿਆ ਕਿ ‘ਨਿਊਟਰੀ ਗਾਰਡਨ’ ਤੇ ‘ਆਜੀਵਕਾ ਮਿਸ਼ਨ’ ਤਹਿਤ ਕਿਸਾਨ ਔਰਤਾਂ ਕੋਲੋਂ ਹਰੀਆਂ ਸਬਜ਼ੀਆਂ ਜਿਵੇ ਕਿ ਕੱਦੂ, ਕਰੇਲੇ, ਮੂਲੀਆਂ, ਸਾਗ, ਹਲਵੇ ਆਦਿ ਲਿਆ ਕੇ ਇੱਥੇ ਵੇਚੇ ਜਾਣਗੇ ਜੋ ਕਿ ਬਿਲਕੁੱਲ ਆਰਗੈਨਿਕ ਹੋਣਗੇ।ਹਰ ਉਤਪਾਦ ਦੀ ਆਮਦ ਤੇ ਵਿਕਰੀ ਬਾਰੇ ਹਿਸਾਬ ਲਈ ‘ਸਟਾਕ ਐਂਟਰੀ’ ਦੀ ਵਿਵਸਥਾ ਕੀਤੀ ਗਈ ਹੈ।
                        ਘਰੇਲੂ ਵਰਤੋਂ ਵਾਲੀਆਂ ਵਸਤਾਂ ਵਿੱਚ ਔਰਤਾਂ ਵਲੋਂ ਤਿਆਰ ਅਚਾਰ, ਹਲਦੀ, ਚਨੇ, ਟੋਕਰੀਆਂ, ਦੇਸੀ ਘਿਉ ਦੇ ਬਿਸਕੁੱਟ, ਫਰਨੈਲ, ਆਟਾ, ਪੀਸੇ ਹੋਏ ਮਸਾਲੇ, ਚੌਲ ਤੇ ਕੱਪੜਿਆਂ ਵਿੱਚ ਸੂਟ, ਮਾਸਕ, ਫੁਲਕਾਰੀਆਂ, ਪੱਖੀਆਂ ਖਰੀਦੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਵਿਸ਼ੇਸ਼ ਤੌਰ ’ਤੇ ਜੂਟ ਦੇ ਸਮਾਨ ਵਿੱਚ ਦਰੀਆਂ, ਬੈਗ, ਟੋਕਰੀਆਂ ਵੀ ਉਪਲਬਧ ਹਨ।ਇਸ ਮੌਕੇ ਐਸ.ਡੀ.ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਬੀ.ਡੀ.ਪੀ.ਓ ਅਮਰਜੀਤ ਸਿੰਘ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …