ਅੰਮ੍ਰਿਤਸਰ, 17 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਪੰੰਥ ਅਕਾਲੀ ਬੁੱਢਾ ਦਲ ਦੇ ਮੁਖੀ ਨਿਹੰਗ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਅਮਰੀਕਾ ਦੇ ਸੂਬੇ ਕਨੈਕਟੀਕੱਟ ਵਿੱਚ ਸਿੱਖ ਧਰਮ ਦੇ ਝੰਡਾ “ਨਿਸ਼ਾਨ ਸਾਹਿਬ ਅਤੇ ਸਿੱਖ ਇਤਿਹਾਸਕ ਦਿਵਸ” 11 ਮਾਰਚ ਨੂੰ “ਸਿੱਖ ਝੰਡਾ ਦਿਵਸ” ਵਜੋਂ ਮਾਨਤਾ ਮਿਲ ਜਾਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਇਸ ਨੂੰ ਅਮਰੀਕਾ ਵੱਸਦੇ ਸਿੱਖ ਆਗੂਆਂ ਦੀ ਮੇਹਨਤ ਦਾ ਫਲ ਦੱਸਿਆ ਹੈ।
ਅੱਜ ਜਾਰੀ ਪ੍ਰੈਸ ਬਿਆਨ ਵਿੱਚ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਨਵੰਬਰ 1984 ਸਿਖ ਨਸਲਕੁਸੀ ਨੂੰ ਵੀ ਅਮਰੀਕਾ ਸਰਕਾਰ ਵੱਲੋਂ ਮਾਨਤਾ ਮਿਲ ਜਾਣ ਨਾਲ ਸਿੱਖ ਪਹਿਚਾਣ ਨੂੰ ਮਜ਼ਬੂਤੀ ਹਾਸਲ ਹੋਈ ਹੈ।ਉਨ੍ਹਾਂ ਕਿਹਾ 11 ਮਾਰਚ 1783 ਨੂੰ ਜਦੋਂ ਬੁੱਢਾ ਦਲ ਦੇ ਚੌਥੇ ਮੁਖੀ ਜਥੇ: ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ, ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਰਾਮਗੜੀਆਂ, ਭਾਗ ਸਿੰਘ, ਗੁਰਦਿੱਤ ਸਿੰਘ, ਰਾਜ ਸਿੰਘਾਸਣ ‘ਤੇ ਬੈਠੇ ਸਨ ਅਤੇ ਦਿੱਲੀ ਨਿਵਾਸੀਆਂ ਤੋਂ ਨਜ਼ਰਾਨੇ ਪ੍ਰਵਾਨ ਕੀਤੇ ਸਨ।ਇਸ ਦਿਨ 11 ਮਾਰਚ ਨੂੰ ਸਿੱਖ ਫੌਜ ਨੇ ਦਿੱਲੀ ਫਤਹਿ ਕਰਦਿਆਂ ਲਾਲ ਕਿਲੇ ‘ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਸੀ।ਇਸ ਇਤਿਹਾਸਕ ਦਿਹਾੜੇ ਨੂੰ ਅਮਰੀਕਾ ਦੇ ਕਨੈਕਟੀਕੱਟ ਸੂਬੇ ਦੀ ਸਰਕਾਰ ਵੱਲੋਂ ਮਾਨਤਾ ਦਿੱਤੀ ਗਈ ਹੈ।ਉਨ੍ਹਾਂ ਕਿਹਾ ਸਵਰਨਜੀਤ ਸਿੰਘ ਖਾਲਸਾ ਅਤੇ ਮਨਮੋਹਣ ਸਿੰਘ ਭਰਾਰਾ ਨੇ ਇਸ ਕਾਰਜ਼ ਨੂੰ ਮੁਕੰਮਲ ਕਰਨ ਲਈ ਜੋ ਮੇਹਨਤ ਤੇ ਅਗਵਾਈ ਕੀਤੀ ਹੈ ਉਹ ਸ਼ਲਾਘਾਯੋਗ ਹੈ।
ਉਨ੍ਹਾਂ ਨਾਲ ਹੀ ਕਿਹਾ ਕਿ ਸਮੂਹ ਨਿਹੰਗ ਸਿੰਘ ਦਲਾਂ ਵੱਲੋਂ ਹੋਲਾ ਮਹੱਲਾ ਪੂਰੀ ਸ਼ਾਨੋ ਸ਼ੋਕਤ ਨਾਲ ਮਨਾਇਆ ਜਾਵੇਗਾ।ਸਾਰੇ ਦਲ ਸ੍ਰੀ ਅਨੰਦਪੁਰ ਸਾਹਿਬ ਆਪੋ ਆਪਣੀਆਂ ਛਾਵਣੀਆਂ ਵਿੱਚ ਪੁਜ ਗਏ ਹਨ।ਪੁਰਾਤਨ ਰਵਾਇਤ ਮੁਤਾਬਕ ਨਿਹੰਗ ਸਿੰਘ ਫੌਜਾਂ ਹੋਲਾ ਮਹੱਲਾ ਚੜ੍ਹਦੀ ਕਲਾ ‘ਚ ਮਨਾਉਣਗੀਆਂ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …