ਅਣਗਹਿਲੀ ਵਰਤਣ ਵਾਲੇ ਲੋਕਾਂ ਦੇ ਵੱਧ ਤੋਂ ਵੱਧ ਚਲਾਨ ਕੱਟੇ ਜਾਣ ਦੀ ਹਦਾਇਤ
ਨਵਾਂਸ਼ਹਿਰ, 22 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹੇ ਵਿਚ ਡੇਂਗੂ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਅਧਿਕਾਰੀਆਂ ਨੂੰ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।ਇਸ ਸਬੰਧੀ ਜਿਥੇ ਉਨ੍ਹਾਂ ਨਗਰ ਕੌਂਸਲ ਅਧਿਕਾਰੀਆਂ ਨੂੰ ਲਗਾਤਾਰ ਫੌਗਿੰਗ ਕਰਨ ਦੇ ਆਦੇਸ਼ ਦਿੱਤੇ ਹਨ, ਉਥੇ ਸਿਹਤ ਵਿਭਾਗ ਨੂੰ ਵੀ ਪੂਰੀ ਮੁਸਤੈਦੀ ਨਾਲ ਕੰਮ ਕਰਨ ਦੀ ਤਾਕੀਦ ਕੀਤੀ ਹੈ।ਉਨ੍ਹਾਂ ਕਿਹਾ ਕਿ ਇਸ ਪ੍ਰਤੀ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਅਤੇ ਹੋਰਨਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਕੀਤੀ ਮੀਟਿੰਗ ਦੌਰਾਨ ਉਨ੍ਹਾਂ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ।ਉਨ੍ਹਾਂ ਨਗਰ ਕੌਂਸਲਾਂ ਦੇ ਕਾਰਜ਼ ਸਾਧਕ ਅਫ਼ਸਰਾਂ ਨੂੰ ਕਿਹਾ ਕਿ ਡੇਂਗੂ ਨੂੰ ਫੈਲਣ ਤੋਂ ਰੋਕਣ ਲਈ ਵੱਧ ਤੋਂ ਵੱਧ ਫੌਗਿੰਗ ਕੀਤੀ ਜਾਵੇ ਅਤੇ ਲੋੜ ਅਨੁਸਾਰ ਫੌਗਿੰਗ ਮਸ਼ੀਨਾਂ ਦੀ ਗਿਣਤੀ ਵਧਾਈ ਜਾਵੇ।ਉਨ੍ਹਾਂ ਖਾਸ ਕਰਕੇ ਨਗਰ ਕੌਂਸਲ ਬਲਾਚੌਰ ਨੂੰ ਇਸ ਸਬੰਧੀ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਕੀਤੀ, ਜਿਥੇ ਕਿ ਡੇਂਗੂ ਕੇਸਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਡੇਂਗੂ ਦਾ ਫੈਲਾਅ ਰੋਕਣ ਲਈ ਪਹਿਲਾਂ ਕੌਂਸਲਾਂ ਦੇ ਕਰਮਚਾਰੀਆਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਆਪਣੇ-ਆਪਣੇ ਇਲਾਕਿਆਂ ਵਿਚ ਸਾਰੇ ਘਰਾਂ ਵਿਚ ਜਾਗਰੂਕਤਾ ਫੈਲਾਉਣ ਦੀ ਹਦਾਇਤ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਇਸ ਸਬੰਧੀ ਮੰਦਿਰਾਂ, ਗੁਰਦੁਆਰਿਆਂ ਅਤੇ ਹੋਰਨਾਂ ਧਾਰਮਿਕ ਥਾਵਾਂ ਤੋਂ ਅਨਾਊਂਸਮੈਂਟਾਂ ਕਰਵਾਈਆਂ ਜਾਣ।ਘਰਾਂ ਦੀ ਲਗਾਤਾਰ ਚੈਕਿੰਗ ਕੀਤੀ ਜਾਵੇ ਅਤੇ ਡੇਂਗੂ ਪ੍ਰਤੀ ਅਣਗਹਿਲੀ ਵਰਤਣ ਵਾਲੇ ਲੋਕਾਂ ਦੇ ਵੱਧ ਤੋਂ ਵੱਧ ਚਲਾਨ ਕੱਟੇ ਜਾਣ।
ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਡੇਂਗੂ ਪ੍ਰਤੀ ਹੋਰ ਵਧੇਰੇ ਚੌਕਸੀ ਵਰਤਣ ਦੇ ਆਦੇਸ਼ ਦਿੱਤੇ।ਉਨ੍ਹਾਂ ਕਿਹਾ ਕਿ ਲੋਕਾ ਨੂੰ ਇਸ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਲਾਰਵੇ ਨੂੰ ਨਸ਼ਟ ਕਰਨ ਲਈ ਸਰਵੇ ਗਤੀਵਿਧੀਆਂ ਵਿਚ ਹੋਰ ਤੇਜ਼ੀ ਲਿਆਂਦੀ ਜਾਵੇ।ਉਨ੍ਹਾਂ ਕਿਹਾ ਕਿ ਬੁਖਾਰ ਤੋਂ ਪੀੜਤ ਹਰੇਕ ਮਰੀਜ਼ ਦੇ ਖ਼ੂਨ ਦੇ ਨਮੂਨੇ ਲੈ ਕੇ ਡੇਂਗੂ ਦੀ ਜਾਂਚ ਕਰਵਾਈ ਜਾਵੇ ਅਤੇ ਪੁਸ਼ਟੀ ਹੋਣ ਉਪਰੰਤ ਉਸ ਦਾ ਤੁਰੰਤ ਇਲਾਜ਼ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਮੱਛਰਾਂ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ, ਕਿਉਂਕਿ ਇਲਾਜ਼ ਨਾਲੋਂ ਪਰਹੇਜ਼ ਜ਼ਿਆਦਾ ਬਿਹਤਰ ਹੈ।ਉਨ੍ਹਾਂ ਕਿਹਾ ਕਿ ਡੇਂਗੂ ਮਾਦਾ ਏਡੀਜ਼ ਅਜਿਪਟੀ ਨਾਂਅ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਜਿਸ ਦੇ ਸਰੀਰ ’ਤੇ ਟਾਈਗਰ ਵਰਗੀਆਂ ਕਾਲੀਆਂ-ਚਿੱਟੀਆਂ ਧਾਰੀਆਂ ਹੁੰਦੀਆਂ ਹਨ।ਇਸ ਲਈ ਜਿਸ ਨੂੰ ‘ਟਾਈਗਰ ਮੱਛਰ’ ਵੀ ਕਿਹਾ ਜਾਂਦਾ ਹੈ।ਇਹ ਮੱਛਰ ਕੂਲਰਾਂ, ਕੰਨਟੇਨਰਾਂ, ਫਰਿਜ ਦੇ ਪਿੱਛੇ ਲੱਗੀਆਂ ਟਰੇਆਂ, ਗਮਲਿਆਂ, ਘਰਾਂ ਦੀਆਂ ਛੱਤਾਂ ’ਤੇ ਪਏ ਟਾਇਰ, ਕਬਾੜ ਆਦਿ ਵਿਚ ਖੜ੍ਹੇ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਮੱਛਰ ਜ਼ਿਆਦਾਤਰ ਦਿਨ ਵੇਲੇ ਸਵੇਰ ਤੇ ਸ਼ਾਮ ਨੂੰ ਕੱਟਦਾ ਹੈ।ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਅਜਿਹੇ ਕੱਪੜੇ ਪਹਿਨੇ ਜਾਣ, ਜਿਨ੍ਹਾਂ ਨਾਲ ਸਰੀਰ ਪੂਰੀ ਤਰ੍ਹਾਂ ਢੱਕਿਆ ਰਹੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਡੇਂਗੂ ਦੇ ਮਰੀਜ਼ਾਂ ਲਈ ਵੱਖਰਾ ਵਾਰਡ ਬਣਾਇਆ ਗਿਆ ਹੈ।ਇਸੇ ਤਰ੍ਹਾਂ ਜ਼ਿਲ੍ਹੇ ਦੇ ਹੋਰਨਾਂ ਸਿਹਤ ਕੇਂਦਰਾਂ ਵਿਚ ਵੀ ਡੇਂਗੂ ਦੇ ਮਰੀਜ਼ਾਂ ਲਈ ਬੈਡ ਰਾਖਵੇਂ ਰੱਖੇ ਗਏ ਹਨ।