ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਘਰੋਟਾ ਵੱਲੋਂ ਵਿਸ਼ਵ ਜਲ ਦਿਵਸ ਮਨਾਇਆ ਗਿਆ
ਪਠਾਨਕੋਟ, 22 ਮਾਰਚ (ਪੰਜਾਬ ਪੋਸਟ ਬਿਊਰੋ) – ਜ਼ਮੀਨ ਹੇਠਲੇ ਪਾਣੀ ਦਾ ਪੱਧਰ ਇਸ ਹੱਦ ਤੱਕ ਨੀਵਾਂ ਜਾ ਚੁੱਕਾ ਹੈ ਕਿ ਕੇਂਦਰੀ ਜ਼ਿਲਿਆਂ ਵਿੱਚ ਹਾਲਾਤ ਹੋਰ ਵੀ
ਗੰਭੀਰ ਹਨ, ਜਿਸ ਨਾਲ ਭਵਿੱਖ ਦੀ ਖੇਤੀ ਲਈ ਪਾਣੀ ਦੀ ਘਾਟ ਦੇ ਨਾਲ-ਨਾਲ ਬੇਰੁਜ਼ਗਾਰੀ ਵਧਣ ਦਾ ਖਤਰਾ ਬਣ ਗਿਆ ਹੈ।ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਡਾਇਰੈਕਟਰ ਖੇਤੀਬਾੜੀ ਡਾ. ਗੁਰਵਿੰਦਰ ਸਿੰਘ ਖਾਲਸਾ ਅਤੇ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ‘ਤੇ ਬਲਾਕ ਪਠਾਨਕੋਟ ਦੇ ਪਿੰਡ ਟੋਲਾ ‘ਚ ਵਿਸ਼ਵ ਪਾਣੀ ਦਿਵਸ ਮਨਾਉਣ ਮੌਕੇ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਹੇ।ਸਰਪੰਚ ਭੁਪਿੰਦਰ ਸਿੰਘ, ਸੁਰੈਣ ਸਿੰਘ, ਬਲਵਿੰਦਰ ਕੁਮਾਰ, ਮਨਦੀਪ ਕੁਮਾਰ, ਸਾਹਿਲ ਕੁਮਾਰ, ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ ਸਮੇਤ ਕਈ ਹੋਰ ਕਿਸਾਨ ਇਸ ਸਮੇਂ ਹਾਜ਼ਰ ਸਨ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਵਿਸ਼ਵ ਪੱਧਰ ‘ਤੇ ਮਨਾਏ ਜਾ ਰਹੇ ਵਿਸ਼ਵ ਪਾਣੀ ਦਿਵਸ ਦਾ ਮੁੱਖ ਵਿਸ਼ਾ “ਭੂ ਜਲ ਅਦ੍ਰਿਸ਼ ਨੂੰ ਦ੍ਰਿਸ਼ਮਾਨ ਬਣਾਉਣਾ ਹੈ।” ਉਨਾਂ ਕਿਹਾ ਕਿ ਸਾਲ ਭਰ ਚਲਾਈ ਜਾਣ ਵਾਲੀ ਮੁਹਿੰਮ ਦਾ ਵਿਸ਼ਾ ਵਿਅਰਥ ਪਾਣੀ ਦੀ ਮਾਤਰਾ ਨੂੰ ਘੱਟ ਕਰਨਾ ਅਤੇ ਦੁਬਾਰਾ ਵਰਤੋਂ ਰਹੇਗਾ।ਉਨਾਂ ਕਿਹਾ ਕਿ ਇੱਕ ਅੰਦਾਜ਼ੇ ਮੁਤਾਬਿਕ 1.8 ਬਿਲੀਅਨ ਲੋਕ ਸੀਵਰੇਜ ਨਾਲ ਪ੍ਰਦੂਸ਼ਿਤ ਪਾਣੀ ਦੀ ਵਰਤੋਂ ਕਰ ਰਹੇ ਹਨ।ਜਿਸ ਨਾਲ ਹੈਜ਼ਾ, ਟਾਈਫਾਈਡ, ਪੇਚਸ, ਪੋਲੀਓ ਆਦਿ ਬਿਮਾਰੀਆਂ ਕਾਰਨ ਹਰ ਸਾਲ ਤਕਰੀਬਨ 842000 ਮੌਤਾਂ ਹੋ ਜਾਂਦੀਆਂ ਹਨ।ਉਨਾਂ ਕਿਹਾ ਕਿ ਪ੍ਰਦੂਸ਼ਿਤ/ਵਿਅਰਥ ਪਾਣੀ ਨੂੰ ਸੋਧ ਕੇ ਖੇਤੀ ਲਈ ਵਰਤਿਆ ਜਾ ਸਕਦਾ ਹੈ।ਇੱਕ ਅੰਦਾਜ਼ੇ ਮੁਤਾਬਿਕ ਵਿਸ਼ਵ ਪੱਧਰ ‘ਤੇ ਤਕਰੀਬਨ 40000-60000 ਵਰਗ ਕਿਲੋਮੀਟਰ ਰਕਬੇ ਵਿੱਚ ਪ੍ਰਦੂਸ਼ਿਤ ਵਿਅਰਥ ਪਾਣੀ ਸਿੰਚਾਈ ਲਈ ਵਰਤਿਆ ਜਾਂਦਾ ਹੈ, ਜੋ ਕਿਸਾਨਾਂ ਅਤੇ ਖੱਪਤਕਾਰਾਂ ਦੀ ਸਿਹਤ ਲਈ ਖਤਰਨਾਕ ਹੈ।ਉਨਾ ਕਿਹਾ ਕਿ ਅੱਜ ਅਜਿਹੀਆਂ ਤਕਨੀਕਾਂ ਉਪਲੱਬਧ ਹਨ ਜਿੰਨਾਂ ਨਾਲ ਵਿਅਰਥ ਪਾਣੀ ਨੂੰ ਸੋਧ ਕੇ ਖੇਤੀ ਲਈ ਵਰਤਿਆ ਜਾ ਸਕਦਾ ਹੈ।ਉਨਾਂ ਕਿਹਾ ਕਿ ਇਸਰਾਈਲ ਵਿੱਚ ਖੇਤੀਬਾੜੀ ਸਿੰਚਾਈ ਲਈ 50 ਫੀਸਦੀ ਵਿਅਰਥ ਸੋਧਿਆ ਹੋਇਆ ਪਾਣੀ ਵਰਤਿਆ ਜਾਂਦਾ ਹੈ।ਸੋਧੇ ਹੋਏ ਵਿਅਰਥ ਪਾਣੀ ਵਿੱਚ ਖੁਰਾਕੀ ਤੱਕ ਵਧੇਰੇ ਹੋਣ ਕਾਰਨ ਫਸਲਾਂ ਲਈ ਬਹੁਤ ਹੀ ਫਾਇਦੇਮੰਦ ਰਹਿੰਦਾ ਹੈ।ਉਨਾਂ ਕਿਹਾ ਕਿ ਯੂ.ਐਨ.ਓ ਦੀ ਰਿਪੋਰਟ ਮੁਤਾਬਕ ਵਿਸ਼ਵ ਭਰ ਵਿੱਚ 1.5 ਬਿਲੀਅਨ ਵਿਅਕਤੀ ਪਾਣੀ ਨਾਲ ਸੰਬੰਧਤ ਕਿੱਤਿਆਂ (ਖੇਤੀਬਾੜੀ, ਮੱਛੀ ਪਾਲਣਾ, ਵਣ ਖੇਤੀ ਅਤੇ ਹੋਰ ਸਹਾਇਕ ਕਿੱਤੇ) ਵਿੱਚ ਲੱਗੇ ਹੋਏ ਹਨ।ਉਨਾਂ ਕਿਹਾ ਕਿ ਜੇਕਰ ਵਕਤ ਰਹਿੰਦੇ ਪਾਣੀ ਦੀ ਸੁਚੱਜੀ ਵਰਤੋਂ ਨਾਂ ਕੀਤੀ ਤਾਂ ਭਵਿੱਖ ਵਿੱਚ ਪਾਣੀ ਦੀ ਘਾਟ ਨਾਲ ਬੇਰੁਜ਼ਗਾਰੀ ਵੱਧਣ ਦੀਆਂ ਪ੍ਰਬਲ ਸੰਭਾਵਨਾਵਾਂ ਪੈਦਾ ਹੋਣਗੀਆਂ।ਉਨਾਂ ਕਿਹਾ ਕਿ ਭਾਰਤ ਦੀ ਵਸੋਂ ਵਿੱਚ ਹੋ ਰਹੇ ਤੇਜ਼ੀ ਨਾਲ ਵਾਧੇ ਕਾਰਨ 2050 ਤੱਕ ਮੌਜ਼ੂਦਾ 233 ਮਿਲੀਅਨ ਟਨ ਦੇ ਮੁਕਾਬਲੇ 450 ਮਿਲੀਅਨ ਟਨ ਅਨਾਜ ਦੀ ਲੋੜ ਪਵੇਗੀ ਪਰ ਇਸ ਦੇ ਮੁਕਾਬਲੇ 2050 ਤੱਕ ਖੇਤੀਬਾੜੀ ਲਈ ਪਾਣੀ ਦੀ ਮੰਗ ਮੌਜ਼ੂਦਾ 688 ਕਿਲੋਮੀਟਰ ਕਿਊਬਿਕ ਕਿਲੋਮੀਟਰ ਤੋਂ ਵਧ ਕੇ 1072 ਕਿਊਬਿਕ ਕਿਲੋਮੀਟਰ ਹੋਣ ਦੀ ਸੰਭਾਵਨਾ ਹੈ।
ਉਨਾਂ ਕਿਹਾ ਕਿ ਪਾਣੀ ਦੇ ਸੋਮਿਆਂ ਦੇ ਘਟਣ ਕਾਰਨ ਇਸ ਵਧਣ ਵਾਲੀ ਮੰਗ ਨੂੰ ਪੂਰਿਆਂ ਕਰਨਾ ਸੰਭਵ ਨਹੀ ਲੱਗਦਾ।ਉਨਾਂ ਕਿਹਾ ਕਿ ਪੰਜਾਬ ਦੇ 141 ਬਲਾਕਾਂ ਵਿੱਚੋਂ 110 ਬਲਾਕਾਂ ਨੂੰ ਪਹਿਲਾਂ ਹੀ ਜ਼ਮੀਨਦੋਜ਼ ਪਾਣੀ ਦੇ ਵਧੇਰੇ ਨਿਕਾਸੀ ਕਰਨ ਕਾਲੇ ਖੇਤਰ ਐਲਾਨਿਆ ਜਾ ਚੁੱਕਾ ਹੈ ਅਤੇ ਹੁਣੇ ਹੁਣੇ ਕੇਂਦਰੀ ਭੂ ਜਲ ਬੋਰਡ ਵਲੋਂ 18 ਬਲਾਕਾਂ ਨੂੰ ਕਾਲੇ ਖੇਤਰ ਵਾਲੇ ਬਲਾਕ ਐਲਾਨ ਕਰਕੇ ਹੋਰ ਟਿਊਬਵੈਲ ਲਗਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ।ਅਗੇਤੇ ਝੋਨੇ ਦੀ ਲਵਾਈ ’ਤੇ ਪਾਬੰਦੀ ਕਾਰਨ ਪਾਣੀ ਦੇ ਹੇਠਾਂ ਜਾ ਰਹੇ ਪੱਧਰ ਵਿੱਚ ਕਮੀ ਰਿਕਾਰਡ ਕੀਤੀ ਗਈ ਹੈ।
ਉਨਾਂ ਕਿਹਾ ਕਿ ਪਾਣੀ ਦੀ ਸੁਯੋਗ ਵਰਤੋਂ ਲਈ ਬੈਡ ਪਲਾਂਟਿੰਗ, ਤੁਪਕਾ ਸਿੰਚਾਈ ਵਿਧੀ, ਫੁਹਾਰਾ ਸਿੰਚਾਈ ਤਕਨੀਕ ਅਪਨਾਉਣ ਦੀ ਜ਼ਰੂਰਤ ਹੈ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵਲੋਂ ਦਿੱਤੀ ਜਾ ਰਹੀ ਮੁਫਤ ਪਾਣੀ ਅਤੇ ਬਿਜਲੀ ਦੀ ਸਹੂਲਤ ਦਾ ਦੁਰਉਪਯੋਗ ਨਾ ਕਰਨ ਸਗੋਂ ਫਸਲਾਂ ਖਾਸ ਕਰਕੇ ਝੋਨੇ ਵਿੱਚ ਲਗਾਤਾਰ ਪਾਣੀ ਖੜਾ ਰੱਖਣ ਦੀ ਬਜ਼ਾਏ ਜ਼ਰੂਰਤ ਅਨੁਸਾਰ ਹੀ ਸਿੰਚਾਈ ਲਈ ਪਾਣੀ ਦੀ ਵਰਤੋਂ ਕਰਨ ।
ਅਖੀਰ ਵਿੱਚ ਸਰਪੰਚ ਭੁਪਿੰਦਰ ਸਿੰਘ ਨੇ ਖੇਤੀਬਾੜੀ ਮਾਹਿਰਾਂ ਦਾ ਧੰਨਾਵਾਦ ਕੀਤਾ।
Punjab Post Daily Online Newspaper & Print Media