ਅੰਮ੍ਰਿਤਸਰ ਵਿੱਚ ਬਤੌਰ ਜਿਲ੍ਹਾ ਅਧਿਕਾਰੀ ਕੰਮ ਕਰਕੇ ਮਾਨਸਿਕ ਖੁਸ਼ੀ ਮਿਲੀ – ਖਹਿਰਾ
ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵੱਲੋਂ ਰਾਸ਼ਟਰੀ ਵੋਟਰ ਦਿਵਸ ਮੌਕੇ ਨਵੀਂ ਦਿੱਲੀ ਵਿਖੇ ਕਰਵਾਏ ਗਏ ਸਮਾਗਮ ਵਿੱਚ ਅੰਮ੍ਰਿਤਸਰ ਦੇ ਤਤਕਾਲੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਭਾਰਤ ਦੇ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ ਵਲੋਂ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਵੋਟਰਾਂ ਲਈ ਕੀਤੇ ਨਿਵੇਕਲੇ ਉਦਮ ਸਦਕਾ ਸਨਮਾਨਤ ਕੀਤਾ ਗਿਆ। ਦੱਸਣਯੋਗ ਹੈ ਕਿ ਜਿਲ੍ਹਾ ਅੰਮਿ੍ਰਤਸਰ ਦੇ ਫਲੈਗਸ਼ਿਪ ਪ੍ਰੋਜੈਕਟ ‘ਸਨਮਾਨ’ ਜਿਸ ਤਹਿਤ ਬਜ਼ੁਰਗ ਤੇ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਨੂੰ ਚੋਣ ਬੂਥ ਤੱਕ ਲਿਆਉਣ ਲਈ ਆਓ ਵੋਟ ਪਾਉਣ ਚੱਲੀਏ ਦਾ ਨਾਅਰਾ ਦਿੱਤਾ ਗਿਆ ਸੀ, ਨੂੰ ਪਹੁੰਚਯੋਗ ਚੋਣਾਂ ਤਹਿਤ ਦੇਸ਼ ਦਾ ਸਭ ਤੋਂ ਵਧੀਆ ਉਪਰਾਲਾ ਕਰਾਰ ਦਿੰਦੇ ਹੋਏ ਨੈਸ਼ਨਲ ਅਵਾਰਡ ਦਿੱਤਾ ਗਿਆ।
ਤਹਿਸੀਲਦਾਰ ਚੋਣਾਂ ਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿਲ੍ਹੇ ਦੇ ਨੌਜਵਾਨਾਂ ਨੇ ਭਰਵਾਂ ਹੁੰਗਾਰਾ ਦਿੱਤਾ ਅਤੇ ਨੌਜਵਾਨ, ਬਜ਼ੁਰਗ ਵੋਟਰਾਂ ਨੇ ਵੱਧ-ਚੜ੍ਹ ਕੇ ਵੋਟਾਂ ਪਾਈਆਂ।ਉਨਾਂ ਦੱਸਿਆ ਕਿ ਇਹ ਪ੍ਰੋਜੈਕਟ ਦੇਸ਼ ਦਾ ਪਹਿਲਾ ਅਜਿਹਾ ਪ੍ਰੋਜੈਕਟ ਸੀ, ਜਿਸ ਵਿੱਚ ਜਿਲ੍ਹਾ ਪ੍ਰਸ਼ਾਸਨ ਵਲੋਂ ਵਿਧਾਨ ਸਭਾ ਚੋਣਾਂ-2022 ਦੌਰਾਨ ਸਮਾਜ ਦੇ ਤਿੰਨ ਤਬਕੇ (ਯੁਵਾ/ਪਹਿਲੀ ਵਾਰ ਵੋਟ ਕਰਨ ਵਾਲੇ ਮਤਦਾਤਾ, ਸੀਨੀਅਰ ਸੀਟੀਜ਼ਨ ਅਤੇ ਦਿਵਆਂਗ ਵੋਟਰ) ਨੂੰ ਇਕੱਠੇ ਕਰਦੇ ਹੋਏ ਮਤਦਾਨ ਕਰਨ ਦਾ ਉਪਰਾਲਾ ਕੀਤਾ ਗਿਆ।
ਖਹਿਰਾ ਨੇ ਕਿਹਾ ਕਿ ਮੈਨੂੰ ਬਤੌਰ ਜਿਲ੍ਹਾ ਚੋਣ ਅਧਿਕਾਰੀ ਅੰਮ੍ਰਿਤਸਰ ਵਿੱਚ ਕੰਮ ਕਰਕੇ ਮਾਨਸਿਕ ਖੁਸ਼ੀ ਮਿਲੀ ਅਤੇ ਸਾਰੀ ਟੀਮ ਨੇ ਮਿਲ ਕੇ ਬਹੁਤ ਵਧੀਆ ਕੰਮ ਕੀਤਾ।ਉਨਾਂ ਨੇ ਇਸ ਪ੍ਰੋਜੈਕਟ ‘ਸਨਮਾਨ’ ਲਈ ਕੰਮ ਕਰਨ ਵਾਲੇ ਹਰੇਕ ਕਰਮਚਾਰੀ ਅਤੇ ਵਲੰਟੀਅਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।