Wednesday, July 3, 2024

ਪ੍ਰੀਤ ਨਗਰ `ਚ ਬਣੀ ਨਾਵਲਕਾਰ ਸ੍ਰ. ਨਾਨਕ ਸਿੰਘ ਦੀ ਯਾਦਗਾਰ ਤੇ ਘਰ ਦਾ ਹੋਵੇਗਾ ਨਵੀਨੀਕਰਨ – ਲਿਟਰੇਰੀ ਫਾਊਂਡੇਸ਼ਨ

ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਦੇ ਉੱਘੇ ਨਾਵਲਕਾਰ ਸ੍ਰ. ਨਾਨਕ ਸਿੰਘ ਦੀ ਪ੍ਰੀਤ ਨਗਰ ਵਿਖੇ ਬਣੀ ਯਾਦਗਾਰ ਅਤੇ ਉਨ੍ਹਾਂ ਦੇ ਜੱਦੀ ਘਰ ਨੂੰ ਸਾਂਭਣ ਅਤੇ ਨਵੀਂ ਦਿਖ ਦੇਣ ਲਈ ਨਾਨਕ ਸਿੰਘ ਲਿਟਰੇਰੀ ਫਾਉਂਡੇਸ਼ਨ ਵਲੋਂ ਨਵੇਂ ਸਿਰੇ ਤੋਂ ਉਪਰਾਲੇ ਕੀਤੇ ਜਾਣਗੇ।ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਦੇ ਸਕੱਤਰ ਅਤੇ ਸ੍ਰ. ਨਾਨਕ ਸਿੰਘ ਦੇ ਪੋਤਰੇ ਨਵਦੀਪ ਸਿੰਘ ਸੂਰੀ ਨੇ ਇਹ ਜਾਣਕਾਰੀ ਦਿੱਤੀ।
ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਅਤੇ ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਵਲੋਂ ਉਪ-ਕੁਲਪਤੀ ਪ੍ਰੋਫ਼ੈਸਰ ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਹੇਠ ਅਤੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਦੀ ਅਗਵਾਈ ਅਧੀਨ ਦੂਜਾ ਸ. ਨਾਨਕ ਸਿੰਘ ਯਾਦਗਾਰੀ ਭਾਸ਼ਣ “ਬਟਵਾਰੇ ਨਾਲ ਸੰਬੰਧਿਤ ਨਾਨਕ ਸਿੰਘ ਦੇ ਨਾਵਲ : ਵਰਤਮਾਨ ਪ੍ਰਸੰਗਿਕਤਾ ਅਤੇ ਪੜ੍ਹਤ” ਵਿਸ਼ੇ ਬਾਰੇ ਰੱਖੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਨੇਟ ਹਾਲ ਵਿੱਚ ਵੱਡੀ ਗਿਣਤੀ ‘ਚ ਪੁੱਜੀਆਂ ਸਖਸ਼ੀਅਤਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੇ ਜਿਥੇ ਪੱਛਮੀ ਦੇਸ਼ਾਂ ਵਲੋਂ ਆਪਣੇ ਸਾਹਿਤਕਾਰਾਂ ਦੀਆਂ ਬਣਾਈਆਂ ਗਈਆਂ ਯਾਦਗਾਰਾਂ ਦਾ ਹਵਾਲਾ ਦਿੱਤਾ, ਉਥੇ ਉਨ੍ਹਾਂ ਇਸੇ ਮਕਸਦ ਲਈ ਯੂਨੀਵਰਸਿਟੀ ਵਲੋਂ ਸ੍ਰ. ਨਾਨਕ ਸਿੰਘ ਸੈਂਟਰ ਭਾਈ ਗੁਰਦਾਸ ਲਾਇਬ੍ਰੇਰੀ ਵਿੱਚ ਸਥਾਪਤ ਕਰਨ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਜਲਦੀ ਹੀ ਸ੍ਰ. ਨਾਨਕ ਸਿੰਘ ਦੇ ਸਮੁਚੇ ਜੀਵਨ ਅਤੇ ਉਨ੍ਹਾਂ ਦੀ ਪੰਜਾਬੀ ਸਾਹਿਤ ਨੂੰ ਦੇਣ ਤੋਂ ਇਲਾਵਾ ਸਮੇਂ-ਸਮੇਂ ਉਨ੍ਹਾਂ ਦੀਆਂ ਸਾਹਿਤਕ ਕਿਰਤਾਂ `ਤੇ ਹੁੰਦੇ ਕੰਮ ਨੂੰ ਅਪਡੇਟ ਰੱਖਣ ਲਈ ਵੈਬਸਾਈਟ ਵੀ ਬਣਾ ਦਿੱਤੀ ਜਾਵੇਗੀ ਤਾਂ ਜੋ ਦੇਸ਼-ਵਿਦੇਸ਼ ਵਿੱਚ ਸਾਹਿਤ ਨਾਲ ਜੁੜੇ ਵਿਦਿਆਰਥੀ ਇਸ ਦਾ ਵੱਧ ਤੋਂ ਵੱਧ ਲਾਭ ਲੈ ਸਕਣ।
ਇਸ ਤੋਂ ਪਹਿਲਾਂ ਮੁੱਖ ਵਕਤਾ ਡਾ. ਗੁਰਮੁੱਖ ਸਿੰਘ, ਮੁਖੀ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਨ ਜਦੋਂਕਿ ਡਾ. ਪਲਵਿੰਦਰ ਸਿੰਘ, ਕੰਟਰੋਲਰ ਪ੍ਰੀਖਿਆਵਾਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ।ਸਮਾਗਮ ਵਿੱਚ ਨਾਨਕ ਸਿੰਘ ਦੇ ਸਪੁੱਤਰ ਕੁਲਬੀਰ ਸਿੰਘ ਸੂਰੀ ਤੇ ਜਤਿੰਦਰ ਬਰਾੜ (ਉਪ-ਪ੍ਰਧਾਨ ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ) ਵੀ ਮੰਚ ‘ਤੇ ਸੁਸ਼ੋਭਿਤ ਸਨ।
ਪ੍ਰੋਗਰਾਮ ਦੇ ਆਰੰਭ ਵਿੱਚ ਡਾ. ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬ੍ਰੇਰੀ ਵਿੱਚ ਨਾਨਕ ਸਿੰਘ ਨਾਲ ਸੰਬੰਧਿਤ ਵਸਤੂਆਂ ਦਾ ਸੰਗ੍ਰਿਹ ਵਿਭਿੰਨ ਵਿਦਿਆਰਥੀਆਂ ਅਤੇ ਖੋਜ਼-ਵਿਦਿਆਰਥੀਆਂ ਲਈ ਪ੍ਰੇਰਣਾ-ਸਰੋਤ ਹੈ।ਉਹਨਾਂ ਕਿਹਾ ਕਿ ਨਾਨਕ ਸਿੰਘ ਦੇ ਨਾਵਲਾਂ ਦੇ ਸਰੋਕਾਰ ਉਹਨਾਂ ਨੂੰ ਵਿਸ਼ਵ-ਸਾਹਿਤ ਦੇ ਕੁੱਝ ਚੁਨਿੰਦਾ ਸਾਹਿਤਕਾਰਾਂ ਵਿੱਚ ਸ਼ਾਮਲ ਕਰਦੇ ਹਨ। ਇਸ ਲਈ ਪੰਜਾਬੀ ਨਾਵਲਨਿਗਾਰੀ ਦੀ ਚਰਚਾ ਕਰਦੇ ਸਮੇਂ ਨਾਨਕ ਸਿੰਘ ਹੁਰਾਂ ਨੂੰ ਪੜ੍ਹਨਾ ਲਾਜ਼ਮੀ ਹੈ।
ਇਸ ਉਪਰੰਤ ਡਾ. ਪਲਵਿੰਦਰ ਸਿੰਘ ਨੇ ਸਰੋਤਿਆਂ ਨੂੰ ਸੰਬੋਧਿਤ ਹੁੰਦੇ ਕਿਹਾ ਕਿ ਸਮਾਜ ਪ੍ਰਤੀ ਵਿਗਿਆਨਕ ਸਮਝ ਨਾਨਕ ਸਿੰਘ ਦੀ ਗਲਪੀ ਦ੍ਰਿਸ਼ਟੀ ਦੀ ਖ਼ਾਸੀਅਤ ਹੈ।ਇਸ ਲਈ ਹੀ ਇਹ ਵਰਤਮਾਨ ਸਮੇਂ ਵਿੱਚ ਵੀ ਪ੍ਰਸੰਗਿਕ ਹੈ।
ਇਸ ਤੋਂ ਬਾਅਦ ਮੁੱਖ ਵਕਤਾ ਡਾ. ਗੁਰਮੁੱਖ ਸਿੰਘ ਨੇ ਕਿਹਾ ਕਿ ਕਥਾਕਾਰ ਦੀ ਕਿਸੇ ਵੀ ਸਮੂਹ ਦੀ ਸ਼ਨਾਖ਼ਤ ਨੂੰ ਘੜਨ ਵਿੱਚ ਮਹੱਤਵਪੂਰਨ ਭੁਮਿਕਾ ਹੁੰਦੀ ਹੈ, ਜੋ ਕਿ ਨਾਨਕ ਸਿੰਘ ਦੀ ਕਲਾਤਮਕ ਵਿਸ਼ੇਸ਼ਤਾ ਹੈ।ਉਹ ਇਸ ਪ੍ਰਸੰਗ ਵਿੱਚ ਇਕ ਵਿਸ਼ੇਸ਼ ਕਾਲਖੰਡ ਦਾ ਸਜੀਵ ਚਿਤਰਣ ਪ੍ਰਸਤੁੱਤ ਕਰਦੇ ਹਨ। ਉਹਨਾਂ ਨਾਨਕ ਸਿੰਘ ਦੀ ਸਿਰਜਨਾਤਮਕ ਆਲੋਚਨਾ ਨਾਲ ਸੰਬੰਧਿਤ ਵਿਭਿੰਨ ਸ਼੍ਰੇਣੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਮੁੱਚਾ ਤਨਕੀਦੀ ਜਗਤ ਹੀ ਇਸ ਨੁਕਤੇ ‘ਤੇ ਇਕ ਮੱਤ ਹੈ ਕਿ ਨਾਨਕ ਸਿੰਘ ਸੰਕਟਕਾਲੀਨ ਸਮੇਂ ਦੀ ਪੇਸ਼ਕਾਰੀ ਵਿੱਚ ਮਾਹਿਰ ਨਾਵਲਕਾਰ ਹਨ।ਉਹਨਾਂ ਦੇ ਦੇਸ਼-ਵੰਡ ਨਾਲ ਸੰਬੰਧਿਤ ਨਾਵਲ ਨਾ ਕੇਵਲ ਸੰਪਰਦਾਇਕ ਸਦਭਾਵ ਦਾ ਸੁਝਾਉ ਪੇਸ਼ ਕਰਦੇ ਹਨ ਬਲਕਿ ਅਜਿਹੇ ਸੰਕਟ ਦੇ ਸਮੇਂ ਸ਼ੋਸ਼ਣ ਦਾ ਸ਼ਿਕਾਰ ਹਾਸ਼ੀਆਗਤ ਸ਼੍ਰੇਣੀਆਂ ਨੂੰ ਨੈਤਿਕਤਾ ਦੇ ਸੰਦਰਭ ਵਿੱਚ ਜ਼ੁਬਾਨ ਵੀ ਪ੍ਰਦਾਨ ਕਰਦੇ ਹਨ।
ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦੇ ਹੋਏ ਨਾਨਕ ਸਿੰਘ ਸੈਂਟਰ ਦੇ ਕੋਆਰਡੀਨੇਟਰ ਡਾ. ਹਰਿੰਦਰ ਸੋਹਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਸਮਾਗਮ ਵਿਚ ਪੰਜਾਬੀ ਸਾਹਿਤ ਜਗਤ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਵਿੱਚ ਡਾ. ਸਰਬਜੋਤ ਸਿੰਘ ਬਹਿਲ, ਕੇਵਲ ਧਾਲੀਵਾਲ, ਪ੍ਰੋ. ਗੁਰਿੰਦਰ ਕੌਰ ਸੂਰੀ, ਪ੍ਰੋ. ਰਵਿੰਦਰ ਕੌਰ ਸੋਢੀ, ਡਾ. ਹਸਨ ਰੇਹਾਨ, ਪ੍ਰਵੀਨ ਪੁਰੀ ਅਤੇ ਅਰਤਿੰਦਰ ਸੰਧੂ ਸ਼ਾਮਿਲ ਹੋਏ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …