Wednesday, June 26, 2024

ਸੁਰਜੀਤ ਪਾਤਰ ਦੀ ਯਾਦ `ਚ ਹਰ ਸਾਲ ਕਰਵਾਇਆ ਜਾਵੇਗਾ ਕਵੀ ਦਰਬਾਰ – ਡਾ. ਓਬਰਾਏ

ਆਨੰਦਪੁਰ ਸਾਹਿਬ ਵਿਖੇ ਪਾਤਰ ਦੀ ਯਾਦ ਨੂੰ ਸਮਰਪਿਤ ਲਾਇਬਰੇਰੀ ਵੀ ਖੋਲ੍ਹੇਗਾ ਟਰੱਸਟ

ਅੰਮ੍ਰਿਤਸਰ, 25 ਮਈ (ਜਗਦੀਪ ਸਿੰਘ) – ਲਫਜ਼ਾਂ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਪੰਜਾਬੀ ਸਾਹਿਤ ਦੇ ਨਾਮਵਰ ਹਸਤਾਖ਼ਰ ਮਰਹੂਮ ਸੁਰਜੀਤ ਪਾਤਰ ਦੀ ਯਾਦ ਵਿੱਚ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਹਰ ਸਾਲ ਆਨੰਦਪੁਰ ਸਾਹਿਬ ਵਿਖੇ ਜਿਥੇ ਇਕ ਕਵੀ ਦਰਬਾਰ ਕਰਵਾਇਆ ਜਾਵੇਗਾ, ਉਥੇ ਹੀ ਇੱਕ ਲਾਇਬਰੇਰੀ ਦੀ ਸਥਾਪਨਾ ਵੀ ਕੀਤੀ ਜਾਵੇਗੀ।
ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਅਤੇ ਉੱਘੇ ਸਮਾਜ ਸੇਵਕ ਡਾ. ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਆਨੰਦਪੁਰ ਸਾਹਿਬ ਵਿੱਚ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵੋਲੋਂ ਚਲਾਏ ਜਾ ਰਹੇ ਸੰਨੀ ਓਬਰਾਏ ਵਿਵੇਕ ਸਦਨ (ਐਡਵਾਂਸ ਇੰਸਟੀਚਿਊਟ) ਵਿਖੇ ਸੁਰਜੀਤ ਪਾਤਰ ਦੀ ਯਾਦ ਵਿੱਚ ਜਿਥੇ ਹਰ ਸਾਲ ਕਵੀ ਦਰਬਾਰ ਕਰਵਾਇਆ ਜਾਵੇਗਾ, ਉਥੇ ਹੀ ਵਿਵੇਕ ਸਦਨ ਵਿੱਚ ਮੌਜ਼ੂਦ ਉਨ੍ਹਾਂ ਦੇ ਠਹਿਰਨ ਵਾਲੇ ਕਮਰੇ ਨੂੰ ਲਾਇਬ੍ਰੇਰੀ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਕੁੁੱਝ ਸਮਾਂ ਪਹਿਲਾਂ ਆਨੰਦਪੁਰ ਸਾਹਿਬ ਵਿਚਲੇ ਸੰਨੀ ਓਬਰਾਏ ਵਿਵੇਕ ਸਦਨ ਅਤੇ ਅਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਵਿਖੇ `ਸੰਮਲਿਤਾ ਦਾ ਵਿਚਾਰ : ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ, ਰਮਣੀਕ, ਅਲੌਕਿਕ ਧਰਤਿ` ਵਿਸ਼ੇ `ਤੇ ਸਰਬਤ ਦਾ ਭਲਾ ਟਰੱਸਟ ਵਲੋਂ ਦੋ ਦਿਨਾਂ ਵਿਸ਼ਵ ਪੱਧਰੀ ਕਾਨਫਰੰਸ ਡਾ. ਸੁਰਜੀਤ ਪਾਤਰ ਦੀ ਪ੍ਰਧਾਨਗੀ ਹੇਠ ਕਰਵਾਈ ਗਈ ਸੀ, ਜਿਸ ਵਿੱਚ ਪੰਜਾਬੀ ਦੇ 28 ਨਾਮਵਰ ਵਿਦਵਾਨ ਬੁਲਾਏ ਗਏ ਸਨ, ਡਾ: ਸੁਰਜੀਤ ਪਾਤਰ ਵੀ ਦੋ ਦਿਨ ਇਥੇ ਠਹਿਰੇ ਸਨ।ਡਾ. ਐਸ.ਪੀ ਸਿੰਘ ਦੱਸਿਆ ਕਿ ਸੁਰਜੀਤ ਪਾਤਰ ਹੁਰੀਂ ਵਿਵੇਕ ਸਦਨ ਦੇ ਜਿਸ ਕਮਰੇ ਵਿੱਚ ਪਾਤਰ ਸਾਹਿਬ ਠਹਿਰੇ ਸਨ, ਤਾਂ ਉਹ ਕਮਰਾ ਉਨ੍ਹਾਂ ਨੂੰ ਪੱਕਾ ਅਲਾਟ ਕਰ ਦਿੱਤਾ ਸੀ।ਡਾ. ਉਬਰਾਏ ਨੇ ਦੱਸਿਆ ਕਿ ਸੁਰਜੀਤ ਪਾਤਰ ਨੇ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ 52 ਕਵੀਆਂ ਦਾ ਕਵੀ ਦਰਬਾਰ ਲਗਾਉਂਦੇ ਸੀ, ਸੋ ਆਪਾਂ ਵੀ ਅਜਿਹਾ ਹੀ ਕਵੀ ਦਰਬਾਰ ਸ਼ੁਰੂ ਕਰੀਏ।ਪਾਤਰ ਹੁਰਾਂ ਦੀ ਸਲਾਹ ਮੁਤਾਬਿਕ 52 ਚੋਣਵੇਂ ਨਾਮਵਰ ਕਵੀ ਤਿਆਰ ਕਰਕੇ ਚਾਰ ਰੋਜ਼ਾ ਕਵੀ ਦਰਬਾਰ ਕਰਵਾਉਣ ਦੀ ਯੋਜਨਾ ਬਣਾਈ ਸੀ, ਜਿਸ ਦੀ ਪ੍ਰਧਾਨਗੀ ਵੀ ਪਾਤਰ ਸਾਹਿਬ ਨੇ ਹੀ ਕਰਨੀ ਸੀ, ਪਰ ਸੁਰਜੀਤ ਪਾਤਰ ਦੇ ਅਚਾਨਕ ਵਿਛੋੜੇ ਕਾਰਨ ਇਹ ਕਵੀ ਦਰਬਾਰ ਹੁਣ 2 ਮਹੀਨੇ ਅੱਗੇ ਪਾ ਦਿੱਤਾ ਗਿਆ ਹੈ, ਜਿਹੜਾ ਹੁਣ ਸੁਰਜੀਤ ਪਾਤਰ ਹੁਰਾਂ ਨੂੰ ਸਮਰਪਿਤ ਹੋਵੇਗਾ।
ਡਾ. ਓਬਰਾਏ ਦੱਸਿਆ ਕਿ ਪਾਤਰ ਸਾਹਿਬ ਨਾਲ ਉਨ੍ਹਾਂ ਦੀ ਬਹੁਤ ਗੂੜੀ ਮਿੱਤਰਤਾ ਸੀ ਅਤੇ ਉਹ ਸੰਨੀ ਓਬਰਾਏ ਵਿਵੇਕ ਸਦਨ ਅਤੇ ਅਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਦੀ ਪੰਜ ਮੈਂਬਰੀ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਵੀ ਸਨ।ਸੁਰਜੀਤ ਪਾਤਰ ਅਕਸਰ ਉਨ੍ਹਾਂ ਕੋਲ ਦੁਬਈ ਵੀ ਆਉਂਦੇ ਸਨ ਅਤੇ ਉਨਾਂ ਸਮੁੰਦਰ ਸਾਹਮਣੇ ਵਾਲੇ ਘਰ ਦੀ ਬਾਲਕੋਨੀ ‘ਚ ਬੈਠ ਕੇ ਕਈ ਰਚਨਾਵਾਂ ਵੀ ਲਿਖੀਆਂ ਸਨ।
ਡਾ. ਓਬਰਾਏ ਨੇ ਕਿਹਾ ਕਿ ਬੇਸ਼ੱਕ ਪਾਤਰ ਹੁਰੀਂ ਸਰੀਰਕ ਤੌਰ `ਤੇ ਸਾਨੂੰ ਛੱਡ ਗਏ ਹਨ, ਪਰ ਰੂਹਾਨੀ ਤੌਰ `ਤੇ ਉਨ੍ਹਾਂ ਦੀਆਂ ਯਾਦਾਂ ਹਮੇਸ਼ਾਂ ਹਰ ਪੰਜਾਬੀ ਨਾਲ ਜੁੜੀਆਂ ਰਹਿਣਗੀਆਂ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …