Friday, October 18, 2024

ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਦੀ ਮਦਦ ਨੇ ਸ਼੍ਰੋਮਣੀ ਕਮੇਟੀ ਦਾ ਸੰਸਾਰ ਵਿਚ ਸਿੱਖ ਕੌਮ ਦਾ ਸਿਰ ਉੱਚਾ ਕੀਤਾ

Diljit Singh Bedi

-ਦਿਲਜੀਤ ਸਿੰਘ ‘ਬੇਦੀ’

ਐਡੀ. ਸਕੱਤਰ,
ਸ਼੍ਰੋਮਣੀ ਗੁ:ਪz: ਕਮੇਟੀ, ਸ੍ਰੀ ਅੰਮ੍ਰਿਤਸਰ।

ਜੰਮੂ-ਕਸ਼ਮੀਰ ਦੀ ਜਿਹੜੀ ਵਾਦੀ ਆਪਣੀ ਕੁਦਰਤੀ ਖ਼ੂਬਸੂਰਤੀ ਕਰਕੇ ਸੰਸਾਰ ਭਰ ਵਿਚ ਜਾਣੀ ਜਾਂਦੀ ਹੈ, ਵੰਨ ਸੁਵੰਨੇ ਫੁਲਾਂ ਨਾਲ ਸਿੰਗਾਰੇ ਇਸ ਖਿਤੇ ਨੂੰ ਧਰਤੀ ਦਾ ਸਵਰਗ ਵੀ ਕਿਹਾ ਜਾਂਦਾ ਹੈ ਇਸ ਦੇ ਹਰੇ ਭਰੇ ਜੰਗਲ, ਜੂਹਾਂ, ਮਖਮਲੀ ਮੈਦਾਨ ਵੰਨ ਸੁਵੰਨੇ ਫੁਲ ਤੇ ਫਲ, ਰੰਗ ਬਰੰਗੇ ਬਾਗ ਬੂਟੇ, ਠੰਡੇ ਮਿਠੇ ਪਾਣੀ ਦੇ ਚਸ਼ਮੇ, ਝਰਨੇ, ਝੀਲਾਂ, ਨਦੀ ਨਾਲੇ ਤੇ ਪਹਾੜਾਂ ਦੀਆਂ ਬਰਫ ਨਾਲ ਕਜੀਆਂ ਚੋਟੀਆਂ ਹਰ ਇਕ ਨੂੰ ਆਪਣੇ ਵਲ ਆਕਰਸ਼ਤ ਕਰਦੀਆਂ ਹਨ। ਕਸ਼ਮੀਰ ਦੀ ਜੰਨਤ ਬਾਰੇ ਫ਼ਾਰਸੀ ਦੇ ਉੱਚ ਕੋਟੀ ਦੇ ਕਵੀ ਸ਼ੇਖ ਸੇਦੀ ਨੇ ਬਿਆਨ ਕੀਤਾ-
ਅਗਰ ਫਿਰਦੋਸ਼ ਬਰ ਰੋਏ ਜਮੀਨ ਅਸਤ, ਹਮੀ ਅਸਤੋ ਹਮੀ ਅਸਤੋ ਹਮੀ ਅਸਤੋ।
ਭਾਵ-ਜੇਕਰ ਦੁਨੀਆਂ ਵਿਚ ਧਰਤੀ ਤੇ ਕਿਤੇ ਜਨੰਤ ਹੈ ਤਾਂ ਉਹ ਇਥੇ ਹੈ, ਇਹ ਹੀ ਹੈ, ਇਹ ਹੀ ਹੈ।
ਇਕ ਪੁਰਾਤਣ ਕਥਾ ਅਨੁਸਾਰ ਕਸ਼ਪਰਿਸ਼ੀ ਨੇ ਲਗਭਗ ਛੇ ਹਜ਼ਾਰ ਸਾਲ ਪਹਿਲਾਂ ਇਸ ਖਿਤੇ ਨੂੰ ਵਸਾਇਆ। ਇਸ ਤੋਂ ਪਹਿਲਾਂ ਇਹ ਵਾਦੀ ਪਾਣੀ ਦੀ ਇਕ ਝੀਲ ਸੀ ਜਿਸ ਦੇ ਕਸ਼ਪ ਨਾਮ ਤੇ ਵਸਾਈ ਹੋਣ ਕਰਕੇ ਕਸ਼ਮੀਰ ਨਾਂ ਪੈ ਗਿਆ। ਕਸ਼ਮੀਰ ਦਾ ਖਿਤਾ ਹਿਮਾਲੀਆ ਪਹਾੜ ਦੇ ਦਾਮਨ ਵਿਚ ਇਕ ਅਤਿ ਸੁੰਦਰ,ਸੁਹਾਵਨਾ,ਕੁਦਰਤੀ ਦ੍ਰਿਸ਼ਾਂ ਨਾਲ ਭਰਪੂਰ ਪਹਾੜੀ ਖਿੱਤਾ ਹੈ। ਇਸ ਰਾਜ ਦਾ ਕੁਲ ਰਕਬਾ 84248 ਵਰਗਮੀਲ ਹੈ ਤੇ 1941 ਦੀ ਜਨਸੰਖਿਆ ਦੇ ਅੰਕੜਿਆਂ ਅਨੁਸਾਰ ਜਨ ਸੰਖਿਆ 40 ਲੱਖ ਮਨੁੱਖਾ ਤੇ ਨਿਰਭਰ ਸੀ ਜੋ ਹੁਣ 65 ਲੱਖ ਤੋਂ ਵੀ ਵੱਧ ਚੁਕੀ ਹੈ।ਜਿਸ ਵਿਚ ਬਹੁ ਗਿਣਤੀ ਮੁਸਲਮ ਅਬਾਦੀ ਹੈ ਅਤੇ ਸਿੱਖਾਂ ਦੀ ਅਬਾਦੀ ਸਮੁੱਚੇ ਕਸ਼ਮੀਰ ਵਿਚ 55 ਤੋਂ 60 ਹਜ਼ਾਰ ਅੰਦਾਜਨ ਹੈ।

SGPCArticle13011502
ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਕਿਸੇ ਸਮੇਂ ਕਸ਼ਮੀਰ ਦੀ ਅਬਾਦੀ ਕੇਵਲ ਹਿੰਦੂ ਸੀ ਜੋ ਹੌਲੀ ਹੌਲੀ ਜਬਰ ਜ਼ੁਲਮ ਦਾ ਸ਼ਿਕਾਰ ਹੋਏ ਤੇ ਧਰਮ ਤਬਦੀਲ ਕੀਤਾ ਜਿਸ ਦੀ ਇਕ ਵਿਸ਼ਾਲ ਮਿਸਾਲ ਗੁਰੂ ਤੇਗ ਬਹਾਦੁਰ ਸਾਹਿਬ ਦੇ ਸਮੇਂ ਦੀ ਮਿਲਦੀ ਹੈ ਇਸ ਤਬਦੀਲੀ ਵਿਚ ਇਕ ਵਿਸ਼ੇਸ਼ ਰੋਲ ਅਮੀਰ ਕਬੀਰ ਸਯਦ ਅਲੀ ਹਮਦਾਨੀ ਦਾ ਰਿਹਾ ਹੈ ਜੋ ਈਰਾਨ ਤੋਂ ਆਪਣੇ ਨਾਲ ਪ੍ਰਚਾਰਕ ਲੈ ਕੇ ਵਾਦੀ ਵਿਚ ਦਾਖਲ ਹੋਇਆ ਸੀ। ਡਾ. ਜੋਗਿੰਦਰ ਸਿੰਘ ਸ਼ਾਨ ਲਿਖਦੇ ਹਨ ਕਿ ਹੁਣ ਭਾਵੇਂ ਵਾਦੀ ਕਸ਼ਮੀਰ ਦੀ ਬੋਲੀ ਕਸ਼ਮੀਰੀ ਹੈ ਪਰ ਫਿਰ ਵੀ ਵਾਦੀ ਦਾ ਪੰਜਾਬੀ ਬੋਲਦਾ ਇਲਾਕਾ ਖਾਦਿਨਆਰ (ਬਾਰਾਮੂਲਾ) ਤੋਂ ਲੈ ਕੇ ਕਾਜ਼ੀਘੁੰਡ ਤੀਕ ਫੈਲਿਆ ਹੋਇਆ ਹੈ।ਜ਼ਿਲਾ, ਬਾਰਾਂਮੂਲਾ ਵਿਚ ਕਰੂਣ ਤੇ ਕਾਮਰਾਜ ਤਹਿਸੀਲ, ਊੜੀ ਤੇ ਤਹਿਸੀਲ ਕਰਨਾਹ, ਜਿਲ੍ਹਾ ਅਨੰਤਨਾਗ ਵਿਚ ਮਟਨ, ਚਿਠੀ ਸਿੰਘਪੁਰਾ ਆਦਿ ਸੁਰੁੰਗਸੈ, ਪਹਿਲਗਾਮ ਤਕ ਪੁਲਵਾਮਾ ਵਿਚ ਤ੍ਰਾਲ ਅਤੇ ਬਡਗਾਮ ਜਿਲ੍ਹਾ ਤੇ ਬੇਰਵਾ ਆਦਿ ਇਲਾਕਿਆਂ ਵਿੱਚ ਬਿਨਾਂ ਮਜ਼ਹਬੀ ਪਖਪਾਤ ਦੇ ਲੋਕੀਂ ਪੰਜਾਬੀ ਬੋਲਦੇ ਹਨ।ਇਸ ਸਚਾਈ ਨੂੰ ਸਵੀਕਾਰ ਕਰਕੇ ਹੀ ਸਰਕਾਰ ਨੇ 1947 ਦੀ ਜੰਗਬੰਦੀ ਮਗਰੋਂ ਊੜੀ ਤੇ ਕਰਨਾਹ ਤਹਿਸੀਲ ਨੂੰ ਪੰਜਾਬੀ ਬੋਲਦਾ ਹਿੱਸਾ ਕਰਾਰ ਦਿੱਤਾ ਹੈ।1971 ਦੀ ਮਰਦਮਸ਼ਮਾਰੀ ਅਨੁਸਾਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 13 ਲੱਖ ਦੱਸੀ ਗਈ ਹੈ ਜੇ ਇਸ ਵਿਚ ਪਹਾੜੀ ਵੀ ਸ਼ਾਮਲ ਕੀਤੀ ਜਾਏ ਜੋ ਪੰਜਾਬੀ ਦੀ ਉਪ ਭਾਸ਼ਾ ਹੈ ਤਾਂ ਗਿਣਤੀ ਹੋਰ ਵੱਧ ਸਕਦੀ ਹੈ।ਇਸ ਖੂਬਸੂਰਤ ਵਾਦੀ ਦੇ ਮਨਭਾਂਉਦੇ ਨਜ਼ਾਰੇ ਨੂੰ ਭਾਈ ਵੀਰ ਸਿੰਘ ਨੇ ਆਪਣੀ ਕਵਿਤਾ ‘ਟੁਕੜੀ ਜਗ ਤੋਂ ਨਿਆਰੀ” ਵਿਚ ਲਿਖਿਆ ਹੈ-
“ਚਸ਼ਮੇ ਨਾਲੇ ਨਦੀਆਂ ਝੀਲਾਂ, ਨਿੱਕੇ ਜਿਵੇਂ ਸਮੁੰਦਰ,
ਠੰਡੀਆਂ ਛਾਵਾਂ ਮਿੱਠੀਆਂ ਹਵਾਵਾਂ, ਬਨ ਬਾਗਾਂ ਜਿਹੇ ਸੁੰਦਰ,
ਬਰਫਾਂ ਮੀਂਹ ਧੁੱਪਾਂ ਤੇ ਬਦਲ, ਰੁਤਾਂ ਮੇਵੇ ਪਿਆਰ,
ਅਰਸ਼ਾਂ ਨਾਲ ਨਜ਼ਾਰੇ ਆਏ, ਉਸ ਮੁਠੀ ਵਿਚ ਸਾਰੇ।’

SGPCArticle13011501
ਅਜਿਹੀ ਖੂਬਸੂਰਤ ਵਾਦੀ ਅਚਾਨਕ ਭਿਆਨਕ ਹੜ੍ਹਾਂ ਦੀ ਲਪੇਟ ਵਿਚ ਆ ਗਈ, ਸੁਪਨਈ ਤਬਾਹੀ ਕਾਰਨ ਉਹ ਲੋਕਾਂ ਦੇ ਤਰਸ ਦੀ ਪਾਤਰ ਬਣ ਗਈ। ਇਸ ਕੁਦਰਤੀ ਸੰਕਟ ਸਮੇਂ ਪੀੜਤ ਲੋਕਾਂ ਨਾਲ ਖੜ੍ਹਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੇਵਾ ਦੀ ਇੱਕ ਮਿਸਾਲ ਕਾਇਮ ਕੀਤੀ ਹੈ। ਜੰਮੂ-ਕਸ਼ਮੀਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਸੰਸਾਰ ਭਰ ਵਿਚ ਹਰ ਪਾਸਿਉਂ ਹੋਈ ਹੈ, ਜਿਸ ਨਾਲ ਸਿੱਖਾਂ ਦੇ ਸੇਵਾ-ਭਾਵਨਾ ਵਾਲੇ ਅਕਸ ਨੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਅਸਲ ਵਿੱਚ ‘ਸੇਵਾ’ ਸਿੱਖਾਂ ਦਾ ਮੂਲ ਸਿਧਾਂਤ ਹੈ। ਗੁਰਮਤਿ ਦਰਸ਼ਨ ਵਿੱਚ ਸੇਵਾ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਅੰਦਰ ਸੇਵਾ ਦੇ ਅਰਥ ਖਿਦਮਤ ਅਤੇ ਉਪਾਸਨਾ ਦੇ ਰੂਪ ਵਿੱਚ ਕੀਤੇ ਹਨ। ‘ਸੇਵਾ’ ਸ਼ਬਦ ਸੰਸਕ੍ਰਿਤ ਦੇ ‘ਸੇਵੁ’ ਦਾ ਵਿਕਸਤ ਰੂਪ ਹੈ। ਗੁਰਬਾਣੀ ਅੰਦਰ ਸੇਵਾ ਕਰਨ ਵਾਲੇ ਲਈ ਚਾਕਰ, ਸੇਵਕ, ਖਿਜਮਤਦਾਰ, ਬੈਖਰੀਦ ਆਦਿ ਸ਼ਬਦ ਵਰਤੇ ਗਏ ਹਨ। ਗੁਰਮਤਿ ਅਨੁਸਾਰ ਜੇਕਰ ਸੇਵਾ ਦੇ ਸਿਧਾਂਤਕ ਪ੍ਰਸੰਗ ਵਿੱਚ ਗੱਲ ਕਰੀਏ ਤਾਂ ਇਹ ਕਹਿਣਾ ਵਾਜਬ ਹੈ ਕਿ ਗੁਰਮਤਿ ਨੇ ਸੇਵਾ ਨੂੰ ਨਿੱਜਵਾਦ ਦੀ ਵਲਗਣ ਵਿੱਚੋਂ ਕੱਢ ਕੇ ਸਮੂਹਕਤਾ ਦੇ ਵਿਸ਼ਾਲ ਦਾਇਰੇ ਤੱਕ ਲਿਆਂਦਾ ਹੈ। ਅਸਲ ਵਿੱਚ ਭਾਰਤੀ ਧਾਰਮਿਕ ਪ੍ਰੰਪਰਾ ਅਨੁਸਾਰ ਸੇਵਾ ਨੂੰ ਆਪਣੇ ਨਿੱਜੀ ਸਵਾਰਥ ਨਾਲ ਜੋੜ ਕੇ ਵੇਖਿਆ ਜਾਂਦਾ ਸੀ, ਪਰ ਗੁਰਮਤਿ ਦਾ ਨਜ਼ਰੀਆ ਹਉਮੈ ਅਤੇ ਲਾਲਸਾ ਤੋਂ ਮੁਕਤ ਕਰਦਾ ਹੈ ਅਤੇ ਸਿੱਖ ਨੂੰ ਸਵਾਰਥ ਰਹਿਤ ਹੋ ਕੇ ਸੇਵਾ ਕਰਨ ਲਈ ਪ੍ਰੇਰਿਤ ਤੇ ਉਤਸ਼ਾਹਤ ਕਰਦਾ ਹੈ। ਗੁਰਮਤਿ ਨੇ ਨਿਸ਼ਕਾਮ ਸੇਵਾ ਦੀ ਗੱਲ ਕਰਦਿਆਂ ਸੇਵਾ ਦੇ ਤਿਆਗ ਵਾਲੇ ਪੱਖ ਨੂੰ ਪ੍ਰਮੁੱਖਤਾ ਦਿੱਤੀ ਹੈ। ਨਿਸ਼ਕਾਮ ਭਾਵਨਾ ਨਾਲ ਸੇਵਾ ਕਰਦਿਆਂ ਮਨੁੱਖ ਅੰਦਰ ਸੱਚ, ਸੰਤੋਖ, ਸਹਿਜ, ਪਰਉਪਕਾਰ ਤੇ ਤਿਆਗ ਜਿਹੇ ਸਦਗੁਣਾਂ ਦਾ ਪ੍ਰਵੇਸ਼ ਹੁੰਦਾ ਹੈ ਅਤੇ ਉਸ ਦੀ ਸ਼ਖ਼ਸੀਅਤ ਸਵੈ-ਮੁਖੀ ਨਾ ਹੋ ਕੇ ਲੋਕ ਹਿਤਕਾਰੀ ਬਣ ਜਾਂਦੀ ਹੈ। ਲੋੜਵੰਦਾਂ ਦੀ ਸੇਵਾ ਕਰਨ ਲਈ ਸਿੱਖ ਹਮੇਸ਼ਾਂ ਤਤਪਰ ਰਹਿੰਦਾ ਹੈ।ਤਨ ਦੁਆਰਾ ਸੇਵਾ ਕਰਨ ਦੇ ਨਾਲ-ਨਾਲ ਆਪਣੀ ਕਿਰਤ ਕਮਾਈ ਵਿੱਚੋਂ ਬੇਸਹਾਰਾ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਸਦਾ ਤਿਆਰ ਰਹਿਣਾ ਸਿੱਖ ਲਈ ਗੁਰੂ ਦਾ ਹੁਕਮ ਹੈ।
ਗੁਰਮਤਿ ਦੀ ਰੌਸ਼ਨੀ ਵਿੱਚ ਸੇਵਾ ਦਾ ਸਿਧਾਂਤਕ ਪ੍ਰਸੰਗ ਸਾਂਝਾ ਕਰਨ ਦਾ ਮਨੋਰਥ ਕੇਵਲ ਇਹੀ ਹੈ ਕਿ ‘ਸਿੱਖ’ ਅਤੇ ‘ਸੇਵਾ’ ਇੱਕ ਦੂਸਰੇ ਵਿੱਚ ਏਨਾ ਘੁਲ-ਮਿਲ ਗਏ ਹਨ ਕਿ ਇਨ੍ਹਾਂ ਨੂੰ ਨਿਖੇੜਨਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੈ। ਇਸੇ ਲਈ ਜਦੋਂ ਵੀ ਕਿਧਰੇ ਮਨੁੱਖਤਾ ਉੱਤੇ ਕੋਈ ਮੁਸ਼ਕਿਲ ਬਣਦੀ ਹੈ ਤਾਂ ਸਿੱਖ ਮਦਦ ਲਈ ਸਭ ਤੋਂ ਅੱਗੇ ਹੁੰਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਜਥੇਬੰਦੀ ਹੈ, ਇਸ ਲਈ ਇਹ ਸਮੁੱਚੇ ਸਿੱਖਾਂ ਦੀ ਪ੍ਰਤੀਨਿਧਤਾ ਕਰਦੀ ਹੋਈ ਦੁੱਖ ਦੀ ਘੜੀ ਮਨੁੱਖਤਾ ਦੀ ਸੇਵਾ ਵਿੱਚ ਖੜ੍ਹਨਾ ਆਪਣਾ ਫਰਜ਼ ਸਮਝਦੀ ਹੈ। ਆਪਣੇ ਇਸੇ ਫਰਜ਼ ਤਹਿਤ ਸ਼੍ਰੋਮਣੀ ਕਮੇਟੀ ਨੇ ਸਦਾ ਹੀ ਕੁਦਰਤੀ ਆਫ਼ਤਾਂ ਸਮੇਂ ਧਰਮ-ਕਰਮ ਅਨੁਸਾਰ ਲੋਕਾਂ ਦੀ ਸੇਵਾ ਕੀਤੀ ਹੈ। ਗੁਜਰਾਤ ਦੇ ਭੂਚਾਲ, ਅੰਡੇਮਾਨ-ਨਿੱਕੋਬਾਰ ਦੀ ਸੁਨਾਮੀ, ਲੇਹ-ਲਦਾਖ ਅਤੇ ਉੱਤਰਾਖੰਡ ਵਿਚ ਬੱਦਲ ਫੱਟਣ ਤੇ ਹੜ੍ਹ ਆਉਣ ਸਮੇਂ ਇਸ ਸ਼੍ਰੋਮਣੀ ਸਿੱਖ ਸੰਸਥਾ ਵੱਲੋਂ ਨਿਭਾਈ ਸ਼ਾਨਦਾਰ ਭੂਮਿਕਾ ਯਾਦ ਰੱਖਣਯੋਗ ਹੈ। ਇਸੇ ਤਰ੍ਹਾਂ ਸਹਾਰਨਪੁਰ ਵਿਖੇ ਹੋਏ ਦੰਗਿਆਂ ਵਿਚ ਸਿੱਖਾਂ ਦੀ ਸੰਪਤੀ ਦੇ ਨੁਕਸਾਨ ਦੀ ਭਰਪਾਈ ਲਈ ਇਕ ਕਰੋੜ ਰੁਪਿਆ ਸ਼੍ਰੋਮਣੀ ਕਮੇਟੀ ਵੱਲੋਂ ਦਿੱਤਾ ਗਿਆ। ਈਰਾਕ ਵਿਚ ਬੰਦੀ ਬਣਾਏ ਗਏ ਭਾਰਤੀਆਂ ਦੀ ਰਿਹਾਈ ਲਈ ਯਤਨ ਕੀਤੇ ਗਏ ਅਤੇ ਬੰਦੀ ਪੰਜਾਬੀਆਂ ਤੇ ਭਾਰਤੀਆਂ ਦੇ ਵਾਰਸਾਂ ਨੂੰ 50-50 ਹਜ਼ਾਰ ਰੁਪਏ ਦਿੱਤੇ ਗਏ। ਹੁਣ ਤੱਕ ਕੈਂਸਰ ਪੀੜਤਾਂ ਨੂੰ 12 ਕਰੋੜ ਰੁਪਏ ਤੋਂ ਵੱਧ, ਧਰਮੀਂ ਫੌਜੀਆਂ ਨੂੰ 7 ਕਰੋੜ ਰੁਪਏ ਤੋਂ ਜ਼ਿਆਦਾ, 1984 ਦੇ ਦੰਗਾ ਪੀੜਤਾਂ ਦੇ ਬੱਚਿਆਂ ਨੂੰ ਉਚੇਰੀ ਪੜ੍ਹਾਈ ਲਈ ਲੱਗਭਗ 85 ਲੱਖ ਰੁਪਏ, ਹਰਿਆਣਾ ਦੇ ਪਿੰਡ ਕੁਪੀਆ ਪਲਾਟ ਵਿਖੇ ਜ਼ਮੀਨਾਂ ਤੋਂ ਵਾਂਝੇ ਕੀਤੇ ਗਏ ਪੰਜਾਬੀ ਕਿਸਾਨਾਂ ਨੂੰ 21 ਲੱਖ ਰੁਪਏ ਅਤੇ ਰਾਸ਼ਨ-ਪਾਣੀ ਆਦਿ ਹੁਣ ਤੀਕ ਚਿੱਠੀ ਸਿੰਘਪੁਰਾ, ਜੰਮੂ-ਕਸ਼ਮੀਰ ਦੇ 36 ਪੀੜਤਾਂ ਨੂੰ 28 ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ। ਭਾਵ ਕਿ ਸਿੱਖਾਂ ਨਾਲ ਕਿਤੇ ਵੀ ਹੋਏ ਧੱਕੇ ਅਤੇ ਬੇਇਨਸਾਫੀ ਵਿਰੁੱਧ ਸ਼੍ਰੋਮਣੀ ਕਮੇਟੀ ਅੱਗੇ ਹੋ ਕੇ ਖੜ੍ਹਦੀ ਤੇ ਸੇਵਾ ਕਰਦੀ ਰਹੀ ਹੈ।
ਹੁਣ ਜੰਮੂ-ਕਸ਼ਮੀਰ ਵਿਚ ਭਿਆਨਕ ਹੜ੍ਹਾਂ ਸਮੇਂ ਇਸ ਸ਼੍ਰੋਮਣੀ ਸੰਸਥਾ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਾਂਹ ਫੜੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਹੜ੍ਹ ਦੀ ਮਾਰ ਤੋਂ ਤੁਰੰਤ ਬਾਅਦ ਕਮੇਟੀ ਦੇ ਨੁਮਾਇੰਦਿਆਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚ ਕੇ ਰਾਹਤ ਸੇਵਾਵਾਂ ਆਰੰਭ ਕਰ ਦਿੱਤੀਆਂ ਗਈਆਂ, ਜੋ ਬਿਨਾਂ ਕਿਸੇ ਭੇਦ-ਭਾਵ ਤੋਂ ਹਰ ਵਰਗ/ਫਿਰਕੇ ਦੇ ਲੋਕਾਂ ਲਈ ਸਮਾਨਾਂਤਰ ਚੱਲਦੀਆਂ ਰਹੀਆਂ। ਜਥੇਦਾਰ ਅਵਤਾਰ ਸਿੰਘ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ ਜਿੰਨੀ ਦੇਰ ਤੱਕ ਹੜ੍ਹ ਪੀੜਤ ਲੋਕ ਆਪੋ-ਆਪਣੇ ਘਰਾਂ ਵਿੱਚ ਰੈਣ-ਬਸੇਰਾ ਨਹੀਂ ਕਰ ਲੈਂਦੇ, ਓਨੀ ਦੇਰ ਤੱਕ ਸ਼੍ਰੋਮਣੀ ਕਮੇਟੀ ਰਾਹਤ ਸੇਵਾਵਾਂ ਜਾਰੀ ਰੱਖੇਗੀ। ਇਹ ਇੱਕ ਮਿਸਾਲੀ ਫੈਸਲਾ ਸੀ ਅਤੇ ਇਸੇ ਤਹਿਤ ਹੀ ਸ਼੍ਰੋਮਣੀ ਕਮੇਟੀ ਜੰਮੂ-ਕਸ਼ਮੀਰ ਵਿੱਚ ਨਿਰੰਤਰ ਤਿੰਨ ਮਹੀਨੇ ਕਾਰਜਸ਼ੀਲ ਰਹੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਪਹਿਲੀ ਟੀਮ 9 ਸਤੰਬਰ ਨੂੰ ਭੇਜੀ ਗਈ ਸੀ, ਜਿਹੜੀ ਤੁਰੰਤ ਹੜ੍ਹਾਂ ਵਿੱਚ ਫਸੇ ਲੋਕਾਂ ਦੀ ਮਦਦ ਲਈ ਸੇਵਾ ਵਿੱਚ ਜੁਟ ਗਈ। ਇਸ ਟੀਮ ਵਿੱਚ ਮੇਰੇ (ਦਿਲਜੀਤ ਸਿੰਘ ਬੇਦੀ) ਨਾਲ ਸ. ਬਲਵਿੰਦਰ ਸਿੰਘ ਜੌੜਾਸਿੰਘਾ ਤੇ ਸ. ਭੁਪਿੰਦਰਪਾਲ ਸਿੰਘ ਗਏ। ਸ਼੍ਰੋਮਣੀ ਕਮੇਟੀ ਵੱਲੋਂ ਪਹਿਲੇ ਹੀ ਦਿਨ ਦਾਲ, ਚਾਵਲ, ਖੰਡ, ਚਾਹ ਪੱਤੀ, ਸੁੱਕਾ ਦੁੱਧ, ਤੇਲ, ਘਿਉ, ਲੂਣ, ਹਲਦੀ, ਮਸਾਲੇ, ਰਸ, ਬਿਸਕਿਟ, ਬੱਚਿਆਂ ਲਈ ਬੇਬੀ ਫੂਡ ਆਦਿ ਸਮਾਨ ਹਵਾਈ ਜਹਾਜ਼ ਰਾਹੀਂ ਪ੍ਰਭਾਵਿਤਾਂ ਲਈ ਭੇਜਿਆ ਗਿਆ। ਇਹ ਸਮਾਂ ਹਰ ਤਰ੍ਹਾਂ ਨਾਲ ਬੇਹੱਦ ਚੁਣੌਤੀ ਭਰਿਆ ਸੀ। ਕਿਉਂਕਿ ਲੋਕਾਂ ਦੇ ਘਰਾਂ ਅੰਦਰ ਵੱਡੀ ਮਾਤਰਾ ਵਿੱਚ ਭਾਵ 15 ਤੋਂ 20 ਫੁੱਟ ਤੱਕ ਪਾਣੀ ਭਰਿਆ ਹੋਇਆ ਸੀ। ਹੜ੍ਹ ਦੀ ਮਾਰ ਨੇ ਵੱਡਾ ਮਾਲੀ ਨੁਕਸਾਨ ਤਾਂ ਕੀਤਾ ਹੀ ਸੀ, ਨਾਲ ਦੀ ਨਾਲ ਇਸ ਨੇ ਅਨੇਕਾਂ ਮਨੁੱਖੀ ਜ਼ਿੰਦਗੀਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਸਾਧਨਾਂ ਦੁਆਰਾ ਜੰਮੂ-ਕਸ਼ਮੀਰ ਵਿਖੇ ਪਹੁੰਚ ਕੇ ਜਿਥੇ ਗੁਰਦੁਆਰਾ ਸ਼ਹੀਦ ਬੁੰਗਾ, ਬਗਾਤ, ਬਰਜੁਲਾ, (ਬਡਗਾਮ) ਵਿਖੇ ਰਾਹਤ ਕੈਂਪ ਸਥਾਪਤ ਕੀਤਾ ਗਿਆ, ਉਥੇ ਕਮੇਟੀ ਵੱਲੋਂ ਭੇਜੀ ਰਾਹਤ ਟੀਮ ਦੀ ਇਹ ਵੀ ਕੋਸ਼ਿਸ਼ ਰਹੀ ਕਿ ਕਿਵੇਂ ਨਾ ਕਿਵੇਂ ਆਪਣੇ ਘਰਾਂ ਅੰਦਰ ਫਸ ਚੁੱਕੇ ਲੋਕਾਂ ਨੂੰ ਬਾਹਰ ਕੱਢਿਆ ਜਾਵੇ। ਇਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਹੱਦ ਤੱਕ ਸਫਲ ਰਹੀ, ਕਿਉਂਕਿ ਸਰਕਾਰਾਂ ਦੇ ਰਾਹਤ ਕਾਰਜਾਂ ਦੀ ਗੈਰ-ਹਾਜ਼ਰੀ ਨਾਲ ਲੋਕ ਰੋਹ ਵਿੱਚ ਸਨ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲ ਪੀੜਤਾਂ ਲਈ ਵੱਡੇ ਸਹਾਰੇ ਵਜੋਂ ਸਾਹਮਣੇ ਹੋਣ ਕਰਕੇ ਲੋਕ ਸਿੱਖਾਂ ਦੀ ਤਾਰੀਫ਼ ਕਰ ਰਹੇ ਸਨ।
ਅਗਲੇ ਦਿਨਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਰਾਹਤ ਸਮੱਗਰੀ ਭੇਜੀ ਜਾਂਦੀ ਰਹੀ, ਜੋ ਕਮੇਟੀ ਦੀ ਸ੍ਰੀਨਗਰ ਪਹੁੰਚੀ ਟੀਮ ਵੱਲੋਂ ਪ੍ਰਭਾਵਿਤਾਂ ਤੱਕ ਪੁੱਜਦੀ ਕੀਤੀ ਜਾਂਦੀ ਰਹੀ। ਸ੍ਰੀਨਗਰ ਦੇ ਗੁਰਦੁਆਰਾ ਸ਼ਹੀਦ ਬੁੰਗਾ, ਬਡਗਾਮ ਵਿਖੇ ਸਥਾਪਤ ਕੀਤੇ ਗਏ ਰਾਹਤ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਪ੍ਰਭਾਵਿਤ ਲੋਕਾਂ ਨੂੰ ਲੰਗਰ-ਪ੍ਰਸ਼ਾਦੇ ਦੇ ਨਾਲ-ਨਾਲ ਰੋਜ਼ਮਰਾ ਦੀਆਂ ਲੋੜੀਂਦੀਆਂ ਵਸਤੂਆਂ ਦਿੱਤੀਆਂ ਜਾਂਦੀਆਂ ਰਹੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਾਹਤ ਟੀਮ ਵੱਲੋਂ ਰਾਹਤ ਕੈਂਪ ਵਿੱਚ ਲੋਕਾਂ ਦਾ ਸਹਾਰਾ ਬਣਨ ਦੇ ਨਾਲ-ਨਾਲ ਮਕਾਨਾਂ ਦੇ ਮਲਬੇ ਹੇਠ ਦੱਬੀਆਂ ਲਾਸ਼ਾਂ ਕੱਢਣ ਅਤੇ ਉਨ੍ਹਾਂ ਦਾ ਸਸਕਾਰ ਕਰਨ ਦੀ ਸੇਵਾ ਵੀ ਕੀਤੀ ਗਈ। ਸ੍ਰੀਨਗਰ ਵਿਖੇ ਜਵਾਹਰ ਨਗਰ, ਜਿਥੇ ਸਿੱਖਾਂ ਦੀ ਕਾਫੀ ਆਬਾਦੀ ਹੈ, ਵਿਖੇ ਅਨੇਕਾਂ ਮਕਾਨ ਡਿੱਗਣ ਕਾਰਨ ਕਈ ਜ਼ਿੰਦਗੀਆਂ ਮਲਬੇ ਹੇਠ ਦਫ਼ਨ ਹੋ ਗਈਆਂ। ਇਸੇ ਹੀ ਆਬਾਦੀ ਵਿੱਚ ਇੱਕ ਮਕਾਨ ਦੇ ਮਲਬੇ ਹੇਠੋਂ 14 ਲਾਸ਼ਾਂ ਕੱਢੀਆਂ ਗਈਆਂ। ਇਨ੍ਹਾਂ ਲਾਸ਼ਾਂ ਨੂੰ ਕੱਢਣ ਅਤੇ ਸਸਕਾਰ ਕਰਨ ਦਾ ਕਾਰਜ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਗੁਰਦੁਆਰਾ ਕਮੇਟੀ ਸ਼ਹੀਦ ਬੁੰਗਾ ਅਤੇ ਵਲੰਟੀਅਰਾਂ ਦਾ ਸਹਿਯੋਗ ਲੈ ਕੇ ਕਰਦੀ ਰਹੀ। ਸ਼੍ਰੋਮਣੀ ਕਮੇਟੀ ਦੀ ਰਾਹਤ ਟੀਮ ਨੂੰ ਹੜ੍ਹ ਵਿਚ ਫਸੇ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕਿਉਂਕਿ ਘਰਾਂ ਅੰਦਰ ਫਸੇ ਲੋਕਾਂ ਲਈ ਜੋ ਸਮਾਨ ਹੈਲੀਕਾਪਟਰ ਰਾਹੀਂ ਸੁਟਿਆ ਜਾ ਰਿਹਾ ਸੀ, ਉਹ ਪਾਣੀ ਵਿਚ ਡਿੱਗ ਕੇ ਵਿਅਰਥ ਹੀ ਚਲਾ ਜਾਂਦਾ ਸੀ। ਇਹ ਸਮੱਸਿਆ ਘਰਾਂ ਦੀਆਂ ਛੱਤਾਂ ਢਾਲਵੀਆਂ ਹੋਣ ਕਾਰਨ ਆ ਰਹੀ ਸੀ। ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਮੁਸ਼ਕਿਲ ਹਾਲਾਤ ਵਿਚ ਵਲੰਟੀਅਰਾਂ ਦੀ ਮੱਦਦ ਨਾਲ ਘਰਾਂ ਵਿਚ ਫਸ ਚੁੱਕੇ ਲੋਕਾਂ ਨੂੰ ਰਾਸ਼ਨ ਅਤੇ ਹੋਰ ਲੋੜੀਂਦਾ ਸਮਾਨ ਪਹੁੰਚਾਇਆ ਜਾਂਦਾ ਰਿਹਾ। ਦੱਸਣਯੋਗ ਹੈ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਾਹਤ ਟੀਮ ਇਹ ਸੇਵਾਵਾਂ ਦੇ ਰਹੀ ਸੀ ਤਾਂ ਉਸ ਵੇਲੇ ਨਾ ਕੋਈ ਹੋਰ ਸੰਸਥਾ ਅਤੇ ਨਾ ਹੀ ਸਰਕਾਰੀ ਯਤਨ ਕਿਧਰੇ ਨਜ਼ਰ ਆ ਰਹੇ ਸਨ, ਸਭ ਕੁਝ ਬਿਲਕੁਲ ਠੱਪ ਸੀ।
ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਦੂਰ-ਅੰਦੇਸ਼ੀ, ਡੂੰਘੀ ਦਿਲਚਸਪੀ ਤੇ ਉਨ੍ਹਾਂ ਦੇ ਆਦੇਸ਼ਾਂ ਅਨੁਸਾਰ ਸਮੇਂ-ਸਮੇਂ ‘ਤੇ ਵਿਸ਼ੇਸ਼ ਟੀਮਾਂ ਸ੍ਰੀਨਗਰ ਵਿਖੇ ਭੇਜੀਆਂ ਗਈਆਂ, ਜੋ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕਾਰਜਸ਼ੀਲ ਰਹੀਆਂ। ਇਨ੍ਹਾਂ ਟੀਮਾਂ ਵਿੱਚ ਸ. ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ. ਸੁਖਦੇਵ ਸਿੰਘ ਭੌਰ ਜਰਨਲ ਸਕੱਤਰ, ਸ. ਰਜਿੰਦਰ ਸਿੰਘ ਮਹਿਤਾ, ਸ. ਕਰਨੈਲ ਸਿੰਘ ਪੰਜੋਲੀ, ਸ. ਨਿਰਮਲ ਸਿੰਘ ਜੌਲਾਂ ਤੇ ਸ. ਮੋਹਨ ਸਿੰਘ ਬੰਗੀ ਅੰਤ੍ਰਿੰਗ ਮੈਂਬਰ, ਸਕੱਤਰ ਸਾਹਿਬਾਨ ਵਿਚ ਸ. ਦਲਮੇਘ ਸਿੰਘ ਖੱਟੜਾ, ਸ. ਸਤਬੀਰ ਸਿੰਘ, ਸ. ਰੂਪ ਸਿੰਘ, ਸ. ਮਨਜੀਤ ਸਿੰਘ ਅਤੇ ਸ. ਅਵਤਾਰ ਸਿੰਘ, ਐਡੀ. ਸਕੱਤਰ ਸ. ਦਿਲਜੀਤ ਸਿੰਘ ‘ਬੇਦੀ’, ਸ. ਬਲਵਿੰਦਰ ਸਿੰਘ ਜੌੜਾਸਿੰਘਾ ਤੇ ਸ. ਮਹਿੰਦਰ ਸਿੰਘ ਆਹਲੀ, ਮੀਤ ਸਕੱਤਰ ਸ. ਭੁਪਿੰਦਰਪਾਲ ਸਿੰਘ ਤੇ ਸ. ਜਗਜੀਤ ਸਿੰਘ ਜੱਗੀ, ਡਾ: ਗੁਰਮੋਹਨ ਸਿੰਘ ਵਾਲੀਆ ਵਾਇਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਸ. ਮਨਪ੍ਰੀਤ ਸਿੰਘ ਐਕਸੀਅਨ, ਸ. ਪਰਮਿੰਦਰ ਸਿੰਘ ਡੰਡੀ ਇੰਚਾਰਜ ਯਾਤਰਾ ਵਿਭਾਗ ਸ. ਲਖਵਿੰਦਰ ਸਿੰਘ, ਸ. ਬਲਜਿੰਦਰ ਸਿੰਘ ਬੱਦੋਵਾਲ ਸਮੇਤ ਦਰਜਾ-ਬ-ਦਰਜਾ ਅਧਿਕਾਰੀ ਅਤੇ ਕਰਮਚਾਰੀ ਸ਼ਮੂਲੀਅਤ ਕਰਦੇ ਰਹੇ।
ਸ਼੍ਰੋਮਣੀ ਕਮੇਟੀ ਵੱਲੋਂ ਬਡਗਾਮ ਦੇ ਗੁਰਦੁਆਰਾ ਸ਼ਹੀਦ ਬੁੰਗਾ ਵਿਖੇ ਲਗਾਏ ਗਏ ਰਾਹਤ ਕੈਂਪ ਵਿੱਚ ਮੈਡੀਕਲ ਕੈਂਪ ਦੀ ਵੀ ਸਥਾਪਨਾ ਕੀਤੀ ਗਈ, ਜਿਸ ਵਿੱਚ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ, ਵੱਲਾ (ਅੰਮ੍ਰਿਤਸਰ) ਦੇ ਮਾਹਿਰ ਡਾਕਟਰਾਂ ਦੀ ਪੂਰੀ ਟੀਮ ਲੋੜਵੰਦਾਂ ਨੂੰ ਮੈਡੀਕਲ ਸੇਵਾਵਾਂ ਦਿੰਦੀ ਰਹੀ। ਸ਼੍ਰੋਮਣੀ ਕਮੇਟੀ ਵੱਲੋਂ ਲੱਖਾਂ ਰੁਪਏ ਦੀਆਂ ਦਵਾਈਆਂ ਲੋੜਵੰਦਾਂ ਲਈ ਭੇਜੀਆਂ ਗਈਆਂ। ਇਸ ਕੈਂਪ ਵਿੱਚ ਹਰ ਵਰਗ ਦੇ ਲੋਕਾਂ ਨੂੰ ਬਿਨਾਂ ਕਿਸੇ ਭੇਦ-ਭਾਵ ਤੋਂ ਮੁਫ਼ਤ ਦਿਵਾਈਆਂ ਦਿੱਤੀਆਂ ਜਾਂਦੀਆਂ ਰਹੀਆਂ। ਮੈਡੀਕਲ ਟੀਮ ਵੱਲੋਂ ਮੁਸਲਮਾਨ ਮੁਹੱਲਿਆਂ ਅੰਦਰ ਜਾ ਕੇ ਵੀ ਸਿਹਤ ਸੇਵਾਵਾਂ ਦਿੱਤੀਆਂ ਜਾਂਦੀਆਂ ਰਹੀਆਂ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਕਿ ਜੋ ਵੀ ਹੜ੍ਹ ਪੀੜਤ ਇਲਾਜ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਸਪਤਾਲ ਵਿਖੇ ਦਾਖਲ ਹੋਏਗਾ, ਉਸ ਦਾ ਮੁਫਤ ਇਲਾਜ ਕੀਤਾ ਜਾਵੇਗਾ। ਇਸ ਫੈਸਲੇ ਦੀ ਰੌਸ਼ਨੀ ਵਿੱਚ ਸ੍ਰੀ ਗੁਰੂ ਰਾਮਦਾਸ ਹਸਪਤਾਲ, ਅੰਮ੍ਰਿਤਸਰ ਵਿਖੇ ਹੜ੍ਹ ਪੀੜਤ ਮਰੀਜਾਂ ਦੇ ਇਲਾਜ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ। ਸ਼੍ਰੋਮਣੀ ਕਮੇਟੀ ਨੇ ਜੰਮੂ-ਕਸ਼ਮੀਰ ਵਾਸੀਆਂ ਦੇ ਜੋ ਬੱਚੇ ਸ਼੍ਰੋਮਣੀ ਕਮੇਟੀ ਦੇ ਕਾਲਜਾਂ ਵਿੱਚ ਪੜ੍ਹ ਰਹੇ ਹਨ, ਉਨ੍ਹਾਂ ਦੀਆਂ ਫੀਸਾਂ ਤੇ ਹੋਸਟਲ ਖ਼ਰਚ ਮੁਆਫ਼ ਕਰਨ ਦੇ ਨਾਲ-ਨਾਲ ਜੇਬ੍ਹ ਖਰਚ ਵਜੋਂ ਪ੍ਰਤੀ ਵਿਦਿਆਰਥੀ ਪੰਜ-ਪੰਜ ਹਜ਼ਾਰ ਰੁਪਏ ਮਹੀਨਾ ਦੇਣ ਦਾ ਵੱਡਾ ਫੈਸਲਾ ਵੀ ਕੀਤਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਇਹ ਸਹਾਇਤਾ ਓਨੀ ਦੇਰ ਤੱਕ ਦੇਣ ਦੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ, ਜਿੰਨਾਂ ਚਿਰ ਇਨ੍ਹਾਂ ਵਿਦਿਆਰਥੀਆਂ ਦੇ ਮਾਪੇ ਪੈਸੇ ਭੇਜਣ ਦੇ ਯੋਗ ਨਹੀ ਹੋ ਜਾਂਦੇ। ਇਨ੍ਹਾਂ ਬੱਚਿਆਂ ਨੂੰ ਜੇਬ ਖਰਚ ਪੰਜ-ਪੰਜ ਹਜ਼ਾਰ ਅਦਾ ਕੀਤਾ ਗਿਆ ਅਤੇ ਅੱਗੋਂ ਜਾਰੀ ਹੈ।
ਹੜ੍ਹ ਦੌਰਾਨ ਫਸੇ ਲੋਕਾਂ ਵਿੱਚੋਂ ਬਹੁਤ ਸਾਰੇ ਲੋਕ ਅਜਿਹੇ ਵੀ ਸਨ, ਜਿਹੜੇ ਕੰਮਕਾਜੀ ਸਨ ਅਤੇ ਸ੍ਰੀਨਗਰ ਵਿਖੇ ਰੋਜ਼ੀ-ਰੋਟੀ ਦੀ ਖ਼ਾਤਰ ਰਹਿ ਰਹੇ ਸਨ। ਇਨ੍ਹਾਂ ਫਸੇ ਲੋਕਾਂ ਨੂੰ ਵਾਪਸ ਘਰਾਂ ਤੱਕ ਪਹੁੰਚਣ ਲਈ ਵੀ ਸ਼੍ਰੋਮਣੀ ਕਮੇਟੀ ਵੱਲੋਂ ਸਾਰਥਿਕ ਭੂਮਿਕਾ ਨਿਭਾਈ ਗਈ। ਜਿਹੜੀਆਂ ਵਿਸ਼ੇਸ਼ ਟੀਮਾਂ ਸ੍ਰੀਨਗਰ ਵਿਖੇ ਹਾਲਤਾਂ ਦਾ ਜਾਇਜ਼ਾ ਲੈਣ ਲਈ ਜਾਂਦੀਆਂ ਰਹੀਆਂ, ਉਨ੍ਹਾਂ ਦੇ ਮੈਂਬਰਾਂ ਦੀ ਸਰਪ੍ਰਸਤੀ ਹੇਠ ਫਸੇ ਲੋਕਾਂ ਨੂੰ ਹਵਾਈ ਮਾਰਗ ਰਾਹੀਂ ਵਾਪਸ ਭੇਜਿਆ ਜਾਂਦਾ ਰਿਹਾ। ਇਹ ਲੋਕ ਸ੍ਰੀਨਗਰ ਤੋਂ ਅੰਮ੍ਰਿਤਸਰ, ਜੰਮੂ, ਚੰਡੀਗੜ੍ਹ ਅਤੇ ਦਿੱਲੀ ਆਦਿ ਥਾਵਾਂ ‘ਤੇ ਭੇਜੇ ਗਏ। ਹਵਾਈ ਜਹਾਜ਼ ਤੋਂ ਇਲਾਵਾ ਜਦੋਂ ਸੜਕੀ ਆਵਾਜਾਈ ਆਰੰਭ ਹੋਈ ਤਾਂ ਬੱਸਾਂ ਰਾਹੀਂ ਵੀ ਬਹੁਤ ਸਾਰੇ ਲੋਕਾਂ ਨੂੰ ਭੇਜਣ ਦਾ ਪ੍ਰਬੰਧ ਕੀਤਾ ਗਿਆ। ਇਨ੍ਹਾਂ ਲੋਕਾਂ ਨੂੰ ਭੇਜਣ ਲਈ ਟਿਕਟਾਂ ਦਾ ਸਾਰਾ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਂਦਾ ਰਿਹਾ। ਸ਼੍ਰੋਮਣੀ ਕਮੇਟੀ ਦੀ ਟੀਮ ਵੱਲੋਂ ਦੋ ਹਜ਼ਾਰ ਤੋਂ ਵੱਧ ਵਿਅਕਤੀ ਰਿਸਕਿਊ ਕੀਤੇ ਗਏ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫੌਜ ਅਤੇ ਸਥਾਨਕ ਆਗੂਆਂ ਦੀ ਮੰਗ ‘ਤੇ ਸ੍ਰੀ ਗੁਰੂ ਰਾਮਦਾਸ ਲੰਗਰ ਵਿੱਚੋਂ ਤਿਆਰ ਕਰ ਕੇ ਲੰਗਰ ਵੀ ਭੇਜਿਆ ਜਾਂਦਾ ਰਿਹਾ। ਪਹਿਲਾਂ 50 ਹਜ਼ਾਰ ਤੇ ਫਿਰ ਇੱਕ ਲੱਖ ਲੋਕਾਂ ਲਈ ਤਿਆਰ ਲੰਗਰ ਭੇਜਿਆ ਗਿਆ। ਇਸ ਵਿੱਚ ਪਰਾਂਠੇ, ਨਿਊਟਰੀ ਅਤੇ ਆਲੂਆਂ ਦੀ ਸਬਜ਼ੀ ਤੋਂ ਇਲਾਵਾ ਆਚਾਰ ਆਦਿ ਵੀ ਸ਼ਾਮਲ ਕੀਤਾ ਗਿਆ ਸੀ। ਬੇਸ਼ੱਕ ਆਰਮੀ ਵੱਲੋਂ ਮਨ੍ਹਾਂ ਕਰਨ ‘ਤੇ ਤਿਆਰ ਲੰਗਰ ਭੇਜਣਾ ਬੰਦ ਕਰ ਦਿੱਤਾ ਗਿਆ ਪਰ ਲੰਗਰ ਲਈ ਸੁੱਕੀਆਂ ਰਸਦਾਂ ਅਤੇ ਹੋਰ ਲੋੜੀਂਦਾ ਸਮਾਨ ਭੇਜਣ ਦਾ ਸਿਲਸਿਲਾ ਨਿਰੰਤਰ ਚੱਲਦਾ ਰਿਹਾ। ਸ੍ਰੀਨਗਰ ਦੇ ਗੁਰਦੁਆਰਾ ਸ਼ਹੀਦ ਬੁੰਗਾ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਲਗਾਏ ਗਏ ਰਾਹਤ ਕੈਂਪ ਦਾ ਹੁਰੀਅਤ ਆਗੂ ਸਈਅਦ ਡਾ. ਅਲੀ ਸ਼ਾਹ ਗਿਲਾਨੀ ਅਤੇ ਭਾਜਪਾ ਆਗੂ ਨਿਤਿਨ ਗਡਕਰੀ ਨੇ ਵੀ ਦੌਰਾ ਕੀਤਾ। ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦੇ ਆਗੂ ਯਾਸੀਨ ਮਲਿਕ, ਮੀਰਵਾਇਜ਼ ਡਾ. ਉਮਰ ਫਾਰੂਕ ਚੇਅਰਮੈਨ ਸਰਬ ਪਾਰਟੀ ਹੁਰੀਅਤ ਕਾਨਫਰੰਸ, ਬੇਗਮ ਸ਼ਮੀਮ ਫਰਦੋਸ ਚੇਅਰਪਰਸਨ ਜੰਮੂ-ਕਸ਼ਮੀਰ ਸਟੇਟ ਕਮਿਸ਼ਨ ਫਾਰ ਵੋਮੈਨ ਵਧਾਇਕ ਹਬਾਕਦਲ ਹਲਕਾ, ਮੁਫਤੀ ਸਈਅਦ ਸ਼ਰੀਫ ਹੱਕ ਬੁਖਾਰੀ ਪ੍ਰਧਾਨ ਨੈਸ਼ਨਲ ਵੈਲਫਰ ਰਲੀਫ ਟ੍ਰਸਟ ਜੰਮੂ ਐਂਡ ਕਸ਼ਮੀਰ, ਪੀਰ ਸੈਫ ਓਲਾਹ ਚੇਅਰਮੈਨ ਸੈਂਟਰਲ ਰਲੀਫ ਕਮੇਟੀ ਰਹਿਮਤਾਬਾਦ ਹਾਈਡਰਪੈਰਾ ਸ੍ਰੀਨਗਰ ਆਦਿ ਨੇ ਸ਼੍ਰੋਮਣੀ ਕਮੇਟੀ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਮੁਸਲਮਾਨ ਵੱਸੋਂ ਵਾਲੇ ਇਲਾਕਿਆਂ ਲਈ ਰਾਹਤ ਸਮੱਗਰੀ ਦੀ ਮੰਗ ਕੀਤੀ। ਇਨ੍ਹਾਂ ਆਗੂਆਂ ਦੀ ਮੰਗ ‘ਤੇ ਵੱਖ-ਵੱਖ ਇਲਾਕਿਆਂ ਵਿਚ ਲੋੜੀਂਦਾ ਸਮਾਨ ਰਾਹਤ ਭੇਜੀ ਗਈ। ਇੰਜ ਸ਼੍ਰੋਮਣੀ ਕਮੇਟੀ ਵੱਲੋਂ 16 ਸੌ ਟਨ ਤੋਂ ਵੱਧ ਸਮਾਨ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸ੍ਰੀਨਗਰ ਵਿਖੇ ਭੇਜਿਆ ਗਿਆ।
ਮੌਸਮ ਵਿੱਚ ਆਈ ਤਬਦੀਲੀ ਕਾਰਨ ਗਰਮ ਕੱਪੜਿਆਂ ਅਤੇ ਬਿਸਤਰਿਆਂ ਦੀ ਮੰਗ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਨੇ ਗਰਮ ਕੱਪੜੇ ਅਤੇ ਬਿਸਤਰੇ ਭੇਜਣ ਦਾ ਵਿਸ਼ੇਸ਼ ਪ੍ਰਬੰਧ ਕੀਤਾ। ਅੰਦਾਜਨ ਦਸ ਹਜ਼ਾਰ ਤੋਂ ਵੱਧ ਬਿਸਤਰਾ ਸ਼੍ਰੋਮਣੀ ਕਮੇਟੀ ਵੱਲੋਂ ਭੇਜਿਆ ਗਿਆ, ਜਿਸ ਵਿਚ ਰਜਾਈਆਂ, ਤਲਾਈਆਂ, ਸਿਰਾਣੇ ਅਤੇ ਚਾਦਰਾਂ ਸ਼ਾਮਲ ਸਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਆਪੋ-ਆਪਣੇ ਹਲਕੇ ਵਿੱਚੋਂ ਬਿਸਤਰੇ ਇਕੱਠੇ ਕਰਨ ਦੀਆਂ ਡਿਊਟੀਆਂ ਲਗਾਈਆਂ ਗਈਆਂ ਤਾਂ ਕਿ ਵੱਡੀ ਗਿਣਤੀ ਲੋਕਾਂ ਨੂੰ ਠੰਡ ਤੋਂ ਬਚਣ ਲਈ ਮੱਦਦ ਮਿਲ ਸਕੇ। ਇਹ ਰਾਹਤ ਸੇਵਾਵਾਂ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੰਡਾਂ ਵਿੱਚੋਂ ਕੀਤੀਆਂ ਗਈਆਂ, ਉਥੇ ਹੀ ਸ਼੍ਰੋਮਣੀ ਕਮੇਟੀ ਦੇ ਸਮੂਹ ਮੁਲਾਜ਼ਮਾਂ ਵੱਲੋਂ ਦੋ-ਦੋ ਦਿਨ ਦੀ ਤਨਖਾਹ ਰਾਹਤ ਫੰਡ ਵਿੱਚ ਦੇ ਕੇ ਵਡਮੁੱਲਾ ਯੋਗਦਾਨ ਪਾਇਆ ਗਿਆ। ਇਸੇ ਤਰ੍ਹਾਂ ਸਿੱਖ ਸੰਗਤਾਂ ਅਤੇ ਜਥੇਬੰਦੀਆਂ ਨੇ ਵੀ ਰਾਹਤ ਫੰਡ ਲਈ ਆਪੋ-ਆਪਣਾ ਯੋਗਦਾਨ ਦਿੱਤਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਉਨ੍ਹਾਂ ਨੇ ਇਸ ਦੌਰੇ ਦੌਰਾਨ ਜਿਥੇ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਲੋੜਾਂ ਨੂੰ ਜਾਣਿਆ, ਉਥੇ ਹੜ੍ਹ ਦੇ ਪ੍ਰਭਾਵ ਹੇਠ ਆਏ ਗੁਰਦੁਆਰਿਆਂ ਦੀ ਸਥਿਤੀ ਸਬੰਧੀ ਵੀ ਜਾਣਕਾਰੀ ਪ੍ਰਾਪਤ ਕੀਤੀ। ਇਸ ਫੇਰੀ ਦੌਰਾਨ ਜਥੇਦਾਰ ਅਵਤਾਰ ਸਿੰਘ ਨੇ ਜੰਮੂ-ਕਸ਼ਮੀਰ ਦੇ ਗਵਰਨਰ ਸ੍ਰੀ ਐਨ.ਐਨ. ਵੋਹਰਾ ਅਤੇ ਮੁੱਖ ਮੰਤਰੀ ਜਨਾਬ ਉਮਰ ਫਾਰੂਕ ਅਬਦੁੱਲਾ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਨੇ ਦੋਹਾਂ ਆਗੂਆਂ ਨੂੰ ਜੰਮੂ-ਕਸ਼ਮੀਰ ਅੰਦਰ ਵੱਸਦੇ ਸਿੱਖਾਂ ਦੀਆਂ ਮੁਸ਼ਕਿਲਾਂ ਅਤੇ ਮੁੜ ਵਸੇਬੇ ਸਬੰਧੀ ਵਿਸਥਾਰਤ ਗੱਲਬਾਤ ਕੀਤੀ ਅਤੇ ਮੰਗ-ਪੱਤਰ ਦਿੱਤੇ। ਇਸ ‘ਤੇ ਗਵਰਨਰ ਅਤੇ ਮੁੱਖ ਮੰਤਰੀ ਨੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।
ਜੰਮੂ-ਕਸ਼ਮੀਰ ਵਿਚ ਸਿੱਖਾਂ ਦੇ ਮੁੜ-ਵਸੇਬੇ ਲਈ ਸ਼੍ਰੋਮਣੀ ਕਮੇਟੀ ਨੇ ਪੂਰੀ ਵਚਨਬੱਧਤਾ ਦਾ ਪ੍ਰਗਟਾਵਾ ਕਰਦਿਆਂ ਦੋ ਕੋਰੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਫੈਸਲਾ ਵੀ ਕੀਤਾ। ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਜੰਮੂ-ਕਸ਼ਮੀਰ ਵਿਖੇ ਸਿੱਖਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਆਈ ਸਬ-ਕਮੇਟੀ ਜਿਸ ਵਿਚ ਅੰਤਿ੍ਰੰਗ ਮੈਂਬਰ ਸ. ਰਜਿੰਦਰ ਸਿੰਘ ਮਹਿਤਾ ਤੇ ਸ. ਕਰਨੈਲ ਸਿੰਘ ਪੰਜੋਲੀ, ਸ. ਨਿਰਮੈਲ ਸਿੰਘ ਜੌਲਾ, ਸ. ਅਵਤਾਰ ਸਿੰਘ ਸਕੱਤਰ ਸਬ-ਆਫਿਸ ਚੰਡੀਗੜ੍ਹ ਅਤੇ ਦਾਸ (ਦਿਲਜੀਤ ਸਿੰਘ ‘ਬੇਦੀ’) ਸ਼ਾਮਲ ਸਨ, ਦੀਆਂ ਸਿਫਾਰਸ਼ਾਂ ਦੇ ਆਧਾਰ ‘ਤੇ ਇਹ ਸਹਾਇਤਾ ਰਾਸ਼ੀ ਨੁਕਸਾਨ ਅਨੁਸਾਰ ਤਿੰਨ ਵਰਗਾਂ ਵਿਚ ਵੰਡ ਕੇ ਦਿੱਤੀ ਗਈ। ਬਹੁਤ ਜ਼ਿਆਦਾ ਨੁਕਸਾਨੇ ਗਏ ਘਰਾਂ ਲਈ 50-50 ਹਜ਼ਾਰ, ਘੱਟ ਨੁਕਸਾਨੇ ਗਏ ਘਰਾਂ ਲਈ 30-30 ਹਜ਼ਾਰ ਰੁਪਏ ਅਤੇ ਮਾਮੂਲੀ ਨੁਕਸਾਨ ਪਹੁੰਚਣ ਵਾਲੇ ਘਰਾਂ ਲਈ 25-25 ਹਜ਼ਾਰ ਰੁਪਏ ਦਿੱਤੇ ਗਏ। ਹੜ੍ਹ ਦੌਰਾਨ ਅਕਾਲ ਚਲਾਣਾ ਕਰ ਗਏ ਸਿੱਖਾਂ ਲਈ ਵੀ ਉਨ੍ਹਾਂ ਦੇ ਪਰਿਵਾਰਾਂ ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ ਦਿੱਤੇ ਗਏ। ਇਹ ਸਹਾਇਤਾ ਦੇਣ ਲਈ ਸ਼੍ਰੋਮਣੀ ਕਮੇਟੀ ਦੀ ਟੀਮ ਵੱਲੋਂ ਘਰ-ਘਰ ਜਾ ਕੇ ਸਰਵੇ ਕੀਤਾ ਗਿਆ। ਰਾਜੌਰੀ ਪੁਣਛ ਵਿਖੇ ਹੜ੍ਹ ਦੌਰਾਨ ਰੁੜ੍ਹ ਗਈ ਬੱਸ ਦੇ ਮ੍ਰਿਤਕ ਮੁਸਾਫਰਾਂ ਦੇ ਪਰਿਵਾਰਾਂ ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ ਅਤੇ ਹੜ੍ਹ ਤੋਂ ਪ੍ਰਭਾਵਿਤ ਹੋਏ ਗੁਰਦੁਆਰਾ ਸਾਹਿਬਾਨ ਲਈ ਵੀ ਇੱਕ-ਇੱਕ ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਗਿਆ। ਇਹ ਰਾਹਤ ਸ. ਕਰਨੈਲ ਸਿੰਘ ਪੰਜੋਲੀ, ਸ. ਨਿਰਮੈਲ ਸਿੰਘ ਜੌਲਾਂ ਤੇ ਸ. ਅਵਤਾਰ ਸਿੰਘ ਸਕੱਤਰ ਦੀ ਨਿਗਰਾਨੀ ਹੇਠ ਤਕਸੀਮ ਕੀਤੀ ਗਈ। ਇਹ ਰਾਹਤ ਦੇਣ ਲਈ ਮੇਰੀ ਟੀਮ ਵਿਚ ਸ. ਜਗਜੀਤ ਸਿੰਘ ਜੱਗੀ ਮੀਤ ਸਕੱਤਰ, ਸ. ਪਰਮਿੰਦਰ ਸਿੰਘ ਡੰਡੀ, ਸ. ਸੁਖਜਿੰਦਰ ਸਿੰਘ ਜੇ.ਈ., ਸ. ਗੁਰਜਿੰਦਰ ਸਿੰਘ ਜੇ.ਈ., ਸ. ਇੰਦਰਪਾਲ ਸਿੰਘ ਅਕਾਊਂਟੈਂਟ, ਸ. ਹਰਜੀਤ ਸਿੰਘ ਤੇ ਕਿਰਪਾਲ ਸਿੰਘ ਅਕਾਊਂਟ ਕਲਰਕ ਤੋਂ ਇਲਾਵਾ ਸ੍ਰੀਨਗਰ ਦੇ ਸ. ਸੁਰਿੰਦਰ ਸਿੰਘ ਸੋਢੀ, ਸੀ.ਐਚ.ਐਸ. ਲਵਲੀ ਦੋਵੇਂ ਇੰਜਿਨੀਅਰਾਂ ਨੇ ਸਾਡੀ ਟੀਮ ਨੂੰ ਸਹਿਯੋਗ ਦੇ ਕੇ ਇਹ ਕਾਰਜ ਮੁਕੰਮਲ ਕਰਵਾਇਆ।
ਸ਼੍ਰੋਮਣੀ ਕਮੇਟੀ ਵੱਲੋਂ ਲਗਾਤਾਰ ਤਿੰਨ ਮਹੀਨੇ ਸ੍ਰੀਨਗਰ ਵਿਖੇ ਰਾਹਤ ਕੈਂਪ ਚਲਾਇਆ ਗਿਆ। ਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਨਿਭਾਈਆਂ ਰਾਹਤ ਸੇਵਾਵਾਂ ਕਾਰਨ ਕਸ਼ਮੀਰੀ ਲੋਕ ਬਾਰ-ਬਾਰ ਸਿੱਖਾਂ ਦੀ ਤਾਰੀਫ਼ ਕਰਦੇ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਸਾਡੇ ਪੇਕੇ ਹਨ ਅਤੇ ਸ਼੍ਰੋਮਣੀ ਕਮੇਟੀ ਨੇ ਇਸ ਅਤਿ ਮੁਸ਼ਕਿਲ ਸਮੇਂ ਢਾਰਸ ਬਣਦਿਆਂ ਏਨੀ ਵੱਡੀ ਪੱਧਰ ‘ਤੇ ਸਾਡੀ ਮਦਦ ਕਰ ਕੇ ਮਿਸਾਲ ਪੈਦਾ ਕਰ ਦਿੱਤੀ ਹੈ।
ਅੰਤ ਵਿਚ ਇਹ ਕਹਿਣਾ ਵਾਜਬ ਹੈ ਕਿ ਜੰਮੂ-ਕਸ਼ਮੀਰ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ-ਪੀੜਤਾਂ ਦੀ ਮੱਦਦ ਲਈ ਨਿਭਾਈ ਭੂਮਿਕਾ ਨੇ ਸਿੱਖਾਂ ਦੇ ਸੇਵਾ-ਭਾਵਨਾ ਵਾਲੇ ਅਕਸ ਨੂੰ ਪੂਰੀ ਦੁਨੀਆ ਵਿਚ ਉਭਾਰਿਆ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਪੂਰੀ ਸੁਹਿਰਦਤਾ ਨਾਲ ਨਿਭਾਈਆਂ ਰਾਹਤ ਸੇਵਾਵਾਂ ਮਿਸਾਲੀ ਹੋ ਨਿਬੜੀਆਂ ਹਨ।

Check Also

ਪਿਓ-ਪੁੱਤ ਦੇ ਰਿਸ਼ਤੇ ਦੀ ਕਹਾਣੀ ਹੈ ਫ਼ਿਲਮ `ਸ਼ਿੰਦਾ-ਸ਼ਿੰਦਾ ਨੋ ਪਾਪਾ`

ਪੰਜਾਬੀ ਸਿਨੇਮਾ ਤੇਜ਼ੀ ਨਾਲ ਅੱਗੇ ਵੱਲ ਨੂੰ ਵੱਧ ਰਿਹਾ ਹੈ ਤੇ ਦਰਸ਼ਕਾਂ ਲਈ ਨਵੇਂ-ਨਵੇਂ ਵਿਸ਼ੇ …

Leave a Reply