ਭਾਰਤ ਦੇ ਸਿੱਖਿਆ ਮਾਡਲ ਦੀ ਕੀਤੀ ਪ੍ਰਸੰਸਾ
ਅੰਮ੍ਰਿਤਸਰ, 7 ਮਾਰਚ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਅੱਜ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਆਪਣੇ ਹੋਰ ਸਾਥੀਆਂ ਦੇ ਨਾਲ ਪੁੱਜੇ ਅਣੂ ਵਿਗਿਆਨੀ ਡਾ. ਬਰਨਹਾਰਡ ਬਲੂਮਿਚ ਜੋ ਕਿ ਚੇਅਰਮੈਨ ਆਫ਼ ਮੈਕਰੋਮੋਲੀਕੂਲਰ ਕਮਿਸਟਰੀ ਵਿਭਾਗ (ਆਰ. ਡਬਲਯੂ. ਟੀ. ਐੱਚ.) ਆਚੈਨ ਯੂਨੀਵਰਸਿਟੀ, ਜਰਮਨੀ, ਵੀ ਹਨ ਨੇ ਆਪਣੇ ਭਾਸ਼ਣ ਵਿੱਚ ਭਾਰਤ ਦੇ ਸਿੱਖਿਆ ਮਾਡਲ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਮੌਲਿਕ ਸਿੱਖਿਆ ‘ਤੇ ਕਾਫ਼ੀ ਜ਼ੋਰ ਦਿੱਤਾ ਜਾਂਦਾ ਹੈ, ਜਿਸ ਦੀ ਸਮੁੱਚੇ ਜਗਤ ਨੂੰ ਅਤਿ ਜਰੂਰਤ ਹੈ।
ਉਨ੍ਹਾਂ ਤੋਂ ਇਲਾਵਾ ਪ੍ਰੋ: ਜੇਫ਼ੇਰੀ ਰਿਮਰ, ਗੂਡੂਲਾ ਸਿੰਗੇਟ ਅਤੇ ਕਰੈਨ ਰਿਮਰ ਨੇ ਵੀ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਮੇਲ-ਜੋਲ ਦੇ ਇਸ ਪ੍ਰੋਗਰਾਮ ਦੌਰਾਨ ਭਾਰਤ ਦੀ ਸਕੂਲੀ ਸਿੱਖਿਆ ਨੂੰ ਸਹਾਰਿਆ। ਉਨ੍ਹਾਂ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੂਰੀ ਦੁਨੀਆਂ ਵਿੱਚ ਇਹ ਵਿਚਾਰ ਉਭਰ ਕੇ ਸਾਹਮਣੇ ਆ ਰਿਹਾ ਹੈ ਕਿ ਮੌਲਿਕ ਸਿੱਖਿਆ ਤੋਂ ਬਿਨ੍ਹਾਂ ਰਵਾਇਤੀ ਸਿੱਖਿਆ ਦਾ ਕੋਈ ਅਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਆਪਸੀ ਭਾਈਚਾਰਕ ਸਾਂਝ, ਮੇਲ-ਜੋਲ ਅਤੇ ਸ਼ਾਂਤੀ ਵਰਗੇ ਸਿਧਾਂਤ ਬੱਚਿਆਂ ਨੂੰ ਸਕੂਲਾਂ ਵਿੱਚ ਸਿਖਾਉਣ ਦੀ ਜਰੂਰਤ ਹੈ।
ਪ੍ਰੋ: ਰਿਮਰ ਨੇ ਕਿਹਾ ਕਿ ਸਿੱਖਿਆ ਦਾ ਮੁੱਖ ਮਨੋਰਥ ਵਿਦਿਆਰਥੀਆਂ ਦੀ ਕਾਬਲੀਅਤ ਨੂੰ ਪਛਾਣ ਕੇ ਇਸ ਨੂੰ ਹੋਰ ਨਿਖਾਰਨਾ ਹੈ, ਤਾਂ ਕਿ ਉਹ ਦੇਸ਼ ਅਤੇ ਸਮਾਜ ਦੀ ਸੇਵਾ ਕਰ ਸਕਣ। ਪ੍ਰੋ: ਕਰੈਨ ਨੇ ਅਲੱਗ ਤਰ੍ਹਾਂ ਦੀ ਕਾਬਲੀਅਤ ਰੱਖਣ ਵਾਲੇ ਵਿਦਿਆਰਥੀਆਂ ਨੂੰ ਆਮ ਕਲਾਸ ਰੂਮਾਂ ਵਿੱਚ ਪੜ੍ਹਾਉਣ ਦੀਆਂ ਵਿਧੀਆਂ ‘ਤੇ ਬਲ ਦਿੱਤਾ। ਸਕੂਲ ਪ੍ਰਿੰ: ਸਰਵਜੀਤ ਕੌਰ ਬਰਾੜ ਨੇ ਆਏ ਹੋਏ ਮਹਿਮਾਨਾਂ ਨੂੰ ਫੁਲਕਾਰੀ, ਸਿਰੋਪਾਓ ਅਤੇ ਸਕੂਲ ਦੀ ‘ਸਿਰਜਨ’ ਪੁਸਤਕ ਭੇਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਉਕਤ ਮਾਹਿਰਾਂ ਵੱਲੋਂ ਵਿਦਿਆਰਥੀਆਂ ਨੂੰ ਪ੍ਰਦਾਨ ਕਰਵਾਈ ਜਾਣਕਾਰੀ ਉਨ੍ਹਾਂ ਲਈ ਫਾਇਦੇਮੰਦ ਸਾਬਿਤ ਹੋਵੇਗੀ।