Friday, November 22, 2024

 ਖ਼ਾਲਸਾ ਕਾਲਜ ਵਿਖੇ ਸ਼ਿਵ ਕੁਮਾਰ ਬਟਾਲਵੀ ‘ਤੇ ਵਿਸ਼ੇਸ਼ ਸਮਾਗਮ

ਸ: ਛੀਨਾ ਨੇ ਪੰਜਾਬੀ ਵਿਭਾਗ ਦਾ ਰਿਸਰਚ ਜਨਰਲ ‘ਸੰਵਾਦ’ ਕੀਤਾ ਲੋਕ ਅਰਪਣ

PPN1604201516

ਅੰਮ੍ਰਿਤਸਰ, 16 ਅਪ੍ਰੈਲ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਵਿਖੇ ‘ਥਰੂ ਮਾਈ ਵਿੰਡੋ’ ਪ੍ਰੋਗਰਾਮ ਤਹਿਤ ‘ਸ਼ਿਵ ਕੁਮਾਰ ਬਟਾਲਵੀ ਜੀਵਨ ਅਤੇ ਰਚਨਾ’ ਵਿਸ਼ੇ ‘ਤੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਾਹਿਤ ਅਕਾਦਮੀ ਵੱਲੋਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਅਗਵਾਈ ਅਤੇ ਪੰਜਾਬੀ ਅਧਿਐਨ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਸੈਮੀਨਾਰ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੇਵਾ ਮੁਕਤ ਪ੍ਰਾਧਿਆਪਕ ਡਾ ਦੀਪਕ ਮਨਮੋਹਨ ਸਿੰਘ ਮੁੱਖ ਵਕਤਾ ਵਜੋਂ ਸ਼ਿਰਕਤ ਕਰਦਿਆਂ ਆਪਣੇ ਸੰਬੋਧਨ ਵਿੱਚ ਸ਼ਿਵ ਕੁਮਾਰ ਦੇ ਨਿੱਜੀ ਜੀਵਨ ਅਤੇ ਉਸ ਦੀ ਸਾਹਿਤ ਸਿਰਜਣਾ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਉਦੇ ਸ਼ਿਵ ਬਟਾਲਵੀ ਨੂੰ ਸਾਹਿਤ ਦੇ ਖੇਤਰ ਵਿੱਚ ਨਵੀਆਂ ਪੈੜਾਂ ਸਿਰਜਣ ਵਾਲਾ ਅਤੇ ਹਰ ਵਿਚਾਰਧਾਰਾ ਤੋਂ ਮੁਕਤ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਵਿੱਚ ਵਾਰਿਸ ਸ਼ਾਹ ਤੋਂ ਬਾਅਦ ਸ਼ਿਵ ਕੁਮਾਰ ਹੀ ਅਜਿਹਾ ਸ਼ਾਇਰ ਹੈ, ਜਿਸਨੇ ਪੰਜਾਬੀ ਸੱਭਿਆਚਾਰ ਅਤੇ ਇਸਦੇ ਅਮੀਰ ਵਿਰਸੇ ਨੂੰ ਆਪਣੀਆਂ ਰਚਨਾਵਾ ਵਿੱਚ ਸੰਭਾਲਿਆ ਅਤੇ ਪੇਸ਼ ਕੀਤਾ ਹੈ। ਇਸ ਮੌਕੇ ਉਨ੍ਹਾਂ ਸ਼ਿਵ ਦੀ ਕਈ ਨਿੱਜੀ ਗੱਲਾਂ ਅਤੇ ਯਾਦਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ।
ਇਸ ਮੌਕੇ ਸ: ਛੀਨਾ ਨੇ ਸ਼ਿਵ ਨੂੰ ਆਪਣੇ ਦੌਰ ਦਾ ਨਿਵੇਕਲਾ ਸ਼ਾਇਰ ਅਤੇ ਉਸਨੂੰ ਮਹਾਨ ਸ਼ਖਸ਼ੀਅਤ ਕਰਾਰ ਦਿੰਦਿਆ ਕਿਹਾ ਕਿ ਉਸਦੀਆਂ ਰਚਨਾਵਾਂ ਲੋਕ ਮੁਹਾਵਰੇ ਅਤੇ ਮਿੱਠੀ ਬੋਲੀ ਕਾਰਨ ਜਿੱਥੇ ਪੰਜਾਬੀ ਸਾਹਿਤ ਵਿੱਚ ਆਪਣਾ ਨਿਵੇਕਲਾ ਸਥਾਨ ਨਿਰਧਾਰਿਤ ਕਰਦੀਆਂ ਹਨ, ਉਥੇ ਨਾਲ ਹੀ ਉਸਦਾ ਆਪਣੇ ਜੀਵਨ ਕਾਲ ਦੌਰਾਨ ਆਪਣੀ ਧੁਨ ਵਿੱਚ ਆਪਣੀ ਸਾਹਿਤ ਸਿਰਜਣਾ ਵਿੱਚ ਮਸਤ ਰਹਿਣਾ, ਧੜੇਬੰਦੀ ਤੋਂ ਮੁਕਤ ਹੋ ਇਕੱਲਾ ਤੁਰਨਾ ਅਤੇ ਆਲੋਚਕਾ ਦੀ ਪ੍ਰਵਾਹ ਨਾ ਕਰਨਾ ਆਦਿ ਉਸਦੀ ਉੱਚੀ ਸ਼ਖਸੀਅਤ ਦੇ ਉਹ ਗੁਣ ਹਨ, ਜੋ ਹਰ ਕਿਸੇ ਦਾ ਮੁਕੱਦਰ ਨਹੀਂ ਬਣਦੇ।
ਪ੍ਰੋਗਰਾਮ ਦੇ ਕੋਆਡੀਨੇਟਰ ਸਾਹਿਤ ਅਕਾਦਮੀ ਦੇ ਗਵਰਨਿੰਗ ਕੌਸਲ ਦੇ ਮੈਂਬਰ ਅਤੇ ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ ਰਮਿੰਦਰ ਕੌਰ ਨੇ ਅਕਾਦਮੀ ਦੇ ਇਤਿਹਾਸ, ਕੰਮਾਂ ਅਤੇ ਸਾਹਿਤ ਦੇ ਖੇਤਰ ਅਕਾਦਮੀ ਵਲੋਂ ਨਿਭਾਈ ਜਾ ਰਹੀ ਭੂਮਿਕਾ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਉਹੀ ਲੋਕ ਹਮੇਸ਼ਾ ਅਮਰ ਰਹਿੰਦੇ ਹਨ, ਜੋ ਕਿਸੇ ਵਿਚਾਰਧਾਰਾ ਤੋਂ ਮੁਕਤ ਹੋ ਕੇ ਆਪਣੇ ਜੀਣ, ਥੀਣ ਅਤੇ ਹੱਕ ਦੀ ਲੜਾਈ ਲੜਦੇ ਹਨ। ਉਨ੍ਹਾਂ ਇਸ ਸੰਦਰਭ ਵਿਚ ਸ਼ੇਖ ਫਰੀਦ, ਭਗਤ ਸਿੰਘ ਅਤੇ ਸ਼ਿਵ ਕੁਮਾਰ ਦੀ ਸ਼ਾਇਰੀ ਦੀ ਵਿਆਖਿਆ ਕਰਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪਦ ਚਿੰਨ੍ਹਾਂ ‘ਤੇ ਚਲਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਪੰਜਾਬੀ ਅਧਿਐਨ ਵਿਭਾਗ ਵੱਲੋਂ ਨਵੇਂ ਸ਼ੁਰੂ ਕੀਤੇ ਰਿਸਰਚ ਜਨਰਲ ‘ਸੰਵਾਦ’ ਨੂੰ ਸ: ਛੀਨਾ ਨੇ ਡਾ. ਮਹਿਲ ਸਿੰਘ, ਦੀਪਕ ਮਨਮੋਹਨ ਸਿੰਘ ਨਾਲ ਮਿਲਕੇ ਲੋਕ ਅਰਪਣ ਕੀਤਾ।
ਇਸ ਮੌਕੇ ਵਿਭਾਗ ਮੁੱਖੀ ਡਾ. ਸੁਖਬੀਰ ਸਿੰਘ ਪ੍ਰਿੰ: ਡਾ. ਸ਼ਿੰਦਰ ਪਾਲ ਸਿੰਘ, ਡਾ. ਆਤਮ ਰੰਧਾਵਾ, ਡਾ. ਦਵਿੰਦਰ ਕੌਰ, ਡਾ. ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿੱਲੋਂ, ਡਾ. ਭੁਪਿੰਦਰ ਸਿੰਘ ਮਲੋਹਤਰਾ, ਡਾ. ਜਸਬੀਰ ਸਿੰਘ, ਸੁਖਦੇਵ ਸਿੰਘ ਰੰਧਾਵਾ, ਪ੍ਰੋ: ਅਵਤਾਰ ਸਿੰਘ, ਪ੍ਰੋ ਸਤਨਾਮ ਸਿੰਘ, ਮਿਊੁਜਿਕ ਵਿਭਾਗ ਦੀ ਹਰਲੀਨ ਕੌਰ, ਡਾ. ਦਲਜੀਤ ਸਿੰਘ ਆਦਿ ਹਾਜਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply