ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨੂੰ ਮਿਲੇਗੀ ਕਿੱਤਾਮੁਖੀ ਸਿਖਲਾਈ
ਅੰਮ੍ਰਿਤਸਰ, 24 ਸਤੰਬਰ (ਗੁਰਚਰਨ ਸਿੰਘ) – ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਹੁਨਰ ਵਿਕਾਸ ਦੇ ਖੇਤਰ ਵਿਚ ਸੂਬੇ ਦਾ ਮੋਹਰੀ ਜ਼ਿਲ੍ਹਾ ਬਣੇਗਾ ਅਤੇ ਇਥੇ ਸਰਹੱਦੀ ਖੇਤਰ ਦੇ ਸਮਾਜਿਕ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨੂੰ ਕਿੱਤਾਮੁਖੀ ਟ੍ਰੇਨਿੰਗ ਦੇ ਕੇ ਆਪਣੇ ਪੈਰਾਂ ‘ਤੇ ਖੜ੍ਹਾ ਕੀਤਾ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਅੱਜ ਹੁਨਰ ਵਿਕਾਸ ਸਬੰਧੀ ਜ਼ਿਲ੍ਹਾ ਅਧਿਕਾਰੀਆਂ, ‘ਨਿਟਕਾਨ’ ਦੇ ਨੁਮਾਇੰਦਿਆਂ, ਸਨਅਤੀ ਅਦਾਰਿਆਂ ਤੇ ਸਨਅਤੀ ਸਿਖਲਾਈ ਸੰਸਥਾਵਾਂ ਦੇ ਮੁਖੀਆਂ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਰਹੱਦੀ ਏਰੀਆ ਹੁਨਰ ਵਿਕਾਸ ਪ੍ਰੋਗਰਾਮ ਤਹਿਤ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਉੱਤਰੀ ਭਾਰਤ ਤਕਨੀਕੀ ਸਲਾਹਕਾਰ ਸੰਗਠਨ (ਨਿਟਕੋਨ) ਦੇ ਸਹਿਯੋਗ ਨਾਲ ਮਾਰਚ 2016 ਤੱਕ 2000 ਦੇ ਕਰੀਬ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਨੂੰ ਸਿਖਲਾਈ ਦੇਣ ਦਾ ਟੀਚਾ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿਖੇ ਜਲਦ ਹੀ ਦੋ ਵੱਡੇ ਹੁਨਰ ਵਿਕਾਸ ਕੇਂਦਰ ਸ਼ੁਰੂ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚ ਇਕ 2000 ਬੱਚਿਆਂ ਦਾ ਇਕ ਹੁਨਰ ਵਿਕਾਸ ਕੇਂਦਰ ਅਤੇ ਇਕ ਸਿਹਤ ਵਿਕਾਸ ਕੇਂਦਰ ਸ਼ਾਮਿਲ ਹੈ। ਇਸ ਤੋਂ ਇਲਾਵਾ ਅੰਗਹੀਣ ਨੌਜਵਾਨਾਂ ਅਤੇ ਸਫ਼ਾਈ ਕਰਮੀਆਂ ਦੇ ਬੱਚਿਆਂ ਨੂੰ ਵੀ ਹੁਨਰ ਵਿਕਾਸ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਇਸੇ ਤਰ੍ਹਾਂ ਫਤਿਹਗੜ੍ਹ ਚੂੜੀਆਂ ਰੋਡ ‘ਤੇ ਮੁੜ ਵਸੇਬਾ ਕੇਂਦਰ ਵਿਖੇ ਨੌਜਵਾਨਾਂ ਨੂੰ ਮੁਫ਼ਤ ਮੋਬਾਈਲ ਰਿਪੇਅਰ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੱਪੜੇ ਅਤੇ ਖਾਧ ਪਦਾਰਥਾਂ ਜਿਵੇਂ ਪਾਪੜ, ਵੜੀਆਂ, ਆਚਾਰ, ਮੁਰੱਬੇ ਆਦਿ ਤਿਆਰ ਕਰਨ ਦੀ ਟ੍ਰੇਨਿੰਗ ਦਿਵਾ ਕੇ ਨੌਜਵਾਨਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਹੱਦੀ ਏਰੀਆ ਵਿਕਾਸ ਪ੍ਰੋਗਰਾਮ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਜੋ ਕਿ ਹੁਨਰ ਵਿਕਾਸ ਪ੍ਰੋਗਰਾਮ ਸਬੰਧੀ ਨੀਤੀ ਆਯੋਗ ਭਾਰਤ ਸਰਕਾਰ ਵਿਚ ਬਤੌਰ ਕਨਵੀਨਰ ਹਨ, ਦਾ ਇਕ ਸੁਪਨਈ ਪ੍ਰਾਜੈਕਟ ਹੈ ਜਿਸ ਤਹਿਤ ਸਰਹੱਦੀ ਇਲਾਕੇ ਦੇ ਨੌਜਵਾਨਾਂ ਲਈ ਹੁਨਰ ਵਿਕਾਸ ਉਨਤ ਕਰਨ ਹਿੱਤ ਬੱਜਟ ਦਾ ਉਪਬੰਧ ਕੀਤਾ ਗਿਆ ਹੈ ਜਿਸ ਨਾਲ ਸਰਹੱਦੀ ਖੇਤਰ ਦੇ ਨੌਜਵਾਨ ਨਾ ਕੇਵਲ ਨਸ਼ਿਆਂ ਤੋਂ ਦੂਰ ਰਹਿਣਗੇ ਬਲਕਿ ਰੁਜ਼ਗਾਰ ਪ੍ਰਾਪਤ ਕਰਕੇ ਆਪਣੇ ਪੈਰਾਂ ‘ਤੇ ਵੀ ਖੜ੍ਹੇ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਤਹਿਤ ਹੁਣ ਤੱਕ ਵੱਖ-ਵੱਖ ਟਰੇਡਾਂ ਲਈ 2500 ਤੋਂ ਵੱਧ ਬੇਰੁਜ਼ਗਾਰ ਲੜਕੇ-ਲੜਕੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਵਿਚ ਕਟਿੰਗ ਅਤੇ ਟੇਲਰਿੰਗ, ਫੈਸ਼ਨ ਡਿਜ਼ਾਈਨਿੰਗ, ਬਿਊਟੀ ਕਲਚਰ, ਮੋਬਾਈਲ ਰਿਪੇਅਰ, ਇਲੈਕਟ੍ਰੀਕਲ ਮੋਟਰ ਬਾਇੰਡਿੰਗ ਅਤੇ ਕੰਪਿਊਟਰ ਆਦਿ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਬਹੁਤ ਸਾਰੇ ਬੱਚੇ ਨੌਕਰੀਆਂ ਹਾਸਲ ਕਰਨ ਜਾਂ ਆਪਣੇ ਕਾਰੋਬਾਰ ਸਥਾਪਿਤ ਕਰਨ ਵਿਚ ਸਫਲ ਹੋਏ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਚੋਗਾਵਾਂ ਵਿਖੇ ਆਧੁਨਿਕ ਕਟਿੰਗ ਤੇ ਟੇਲਰਿੰਗ ਕੇਂਦਰ ਦੀ ਸ਼ੁਰੂਆਤ ਕੀਤੀ ਗਈ ਹੈ ਜਿਥੋਂ ਟ੍ਰੇਨਿੰਗ ਦਿਵਾਉਣ ਤੋਂ ਬਾਅਦ ਸਰਹੱਦੀ ਖੇਤਰ ਦੇ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਨੂੰ ਲੁਧਿਆਣਾ ਦੀਆਂ ਕੱਪੜਾ ਸਨਅਤ ਇਕਾਈਆਂ ਵਿਚ ਸਿੱਧਾ ਰੁਜ਼ਗਾਰ ਦਿਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਲਾਕ ਅਜਨਾਲਾ ਅਤੇ ਬਲਾਕ ਅਟਾਰੀ ਵਿਚ 9 ਲੱਖ ਰੁਪਏ ਦੀ ਲਾਗਤ ਨਾਲ ਰੈਫਰਿਜਰੇਟਰ ਅਤੇ ਏਅਰ ਕੰਡੀਸ਼ਨਰ ਇਲੈਕਟ੍ਰੀਕਲ ਦੇ ਦੋ ਸੈਂਟਰ ਸ਼ੁਰੂ ਹੋ ਰਹੇ ਹਨ।
ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਸਰ ਦੇ ਖੋਜ ਅਫ਼ਸਰ ਸ. ਚਰਨਜੀਤ ਸਿੰਘ, ‘ਨਿਕਟੋਨ’ ਦੇ ਏ. ਜੀ. ਐਮ ਸ੍ਰੀ ਵਿਜੇ ਅਰੋੜਾ, ਮੈਨੇਜਰ ਸ੍ਰੀ ਸੁਨੀਲ ਕੁਮਾਰ, ਫੂਡ ਪ੍ਰੋਸੈਸਿੰਗ ਇੰਡਸਟਰੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ੍ਰੀ ਰਾਕੇਸ਼ ਠੁਕਰਾਲ, ਸ੍ਰੀ ਸੰਦੀਪ ਅਰੋੜਾ, ਸ. ਦਲਬੀਰ ਸਿੰਘ, ਸ੍ਰੀ ਹਰੀ ਓਮ, ਸ੍ਰੀ ਪੋਮੇਸ਼ ਤਨੇਜਾ, ਮੈਡਮ ਦੁਪਿੰਦਰ ਕੌਰ, ਰੋਮੀ ਰਮਨ ਤੋਂ ਇਲਾਵਾ ਸਨਅਤੀ ਸਿਖਲਾਈ ਕੇਂਦਰਾਂ ਦੇ ਮੁਖੀ ਹਾਜ਼ਰ ਸਨ।