Sunday, October 6, 2024

ਸਾਹਿਤ ਅਤੇ ਸੰਗੀਤ ਦੇ ਸੁਮੇਲ ਵਿੱਚ ਹੋਇਆ ਸੂਫੀ ਸ਼ਾਮ ਦਾ ਆਯੋਜਨ

ਸੂਫੀ ਕਲਾਮ ”ਇਸ਼ਕਾ ਓ ਇਸ਼ਕਾ” ਦਾ ਪੋਸਟਰ ਰਿਲੀਜ਼

PPN2201201611ਅੰਮ੍ਰਿਤਸਰ, 22 ਜਨਵਰੀ (ਜਗਦੀਪ ਸਿੰਘ ਸੱਗੂ)- ਹੱਡ ਚੀਰਵੇਂ ਠੰਡੇ ਮੌਸਮ ਵਿੱਚ ਸੂਫੀਆਨਾ ਸੰਗੀਤਕ ਨਿੱਘ ਦੇ ਅਹਿਸਾਸ ਲਈ ਪ੍ਰਸਿੱਧ ਸੂਫੀ ਸ਼ਾਇਰ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਜਨਾਬ ਬਖਤਾਬਰ ਮੀਆਂ ਦੀ ਪ੍ਰਧਾਨਗੀ ਵਿੱਚ ਸਥਾਨਕ ਪੰਜਾਬੀ ਸਕਰੀਨ ਦੇ ਦਫਤਰ ਵਿੱਚ ਬਣੇ ਰਫੀ ਸਟੂਡੀਓ ਵਿੱਚ ਸਾਹਿਤਕ ਸ਼ਾਮ ਦਾ ਆਯੋਜਨ ਕੀਤਾ ਗਿਆ। ਸੰਖੇਪ ਪਰ ਪ੍ਰਭਾਵਸ਼ਾਲੀ ਇਸ ਅਦਬੀ ਸਮਾਗਮ ਵਿੱਚ ਉਭਰਦੀ ਨੌਜਵਾਨ ਸੂਫੀ ਗਾਇਕਾ ਹਿਨਾ ਦੀ ਅਵਾਜ਼ ਵਿੱਚ ਰਿਕਾਰਡ ਹੋਏ ਸੂਫੀ ਗੀਤ ”ਇਸ਼ਕਾ ਓ ਇਸ਼ਕਾ” ਦਾ ਪੋਸਟਰ ਰਿਲੀਜ਼ ਕੀਤਾ ਗਿਆ। ਸ਼ੋਸ਼ਲ ਮੀਡੀਆ ‘ਤੇ ਚੱਲ ਰਹੇ ਇਸ ਗੀਤ ਬਾਰੇ ਗੱਲ ਕਰਦਿਆਂ ਗਾਇਕਾ ਹਿਨਾ ਨੇ ਦੱਸਿਆ ਕਿ ਉਹ ਬੁੱਲੇ ਸ਼ਾਹ, ਸੁਲਤਾਨ ਬਾਬੂ ਅਤੇ ਸ਼ਾਹ ਹੁਸੈਨ ਵਰਗੇ ਸੂਫੀ ਸੰਤਾਂ ਦੇ ਕਲਾਮ ਨੂੰ ਸੁਣਦੀ ਹੈ, ਇਸੇ ਕਰਕੇ ਨਗੇਜ਼ਵਾਦ ਅਤੇ ਲੱਚਰਤਾ ਤੋਂ ਇੱਕ ਵਿੱਥ ‘ਤੇ ਖਲੋ ਕੇ ਅਜਿਹੇ ਸੂਫੀ ਗੀਤ-ਸੰਗੀਤ ਨੂੰ ਸਮਰਪਿਤ ਰਹਿੰਦੀ ਹੈ।
ਬਰਕਤ ਸਿੱਧੂ, ਸੈਦਾ ਬੈਗਮ, ਨੂਰਾਂ ਸਿਸਟਰਜ਼ ਅਤੇ ਯਕੂਬ ਵਰਗੇ ਪ੍ਰੋੜ ਗਾਇਕਾਂ ਦੀ ਅਵਾਜ਼ ਵਿੱਚ ਆਪਣੀ ਲਿਖੀ ਸ਼ਾਇਰੀ ਰਿਕਾਰਡ ਕਰਵਾ ਚੁੱਕੇ ਇਸ ਗੀਤ ਦੇ ਲੇਖਕ ਅਤੇ ‘ਪਾਰ ਝਨਾਂਅ ਤੋਂ ਉਸਦਾ ਡੇਰਾ’ ਵਰਗੀ ਕਾਵਿ ਪੁਸਤਕ ਨਾਲ ਚਰਚਾ ਵਿੱਚ ਆਏ ਜਨਾਬ ਬਖਤਾਵਰ ਮੀਆਂ ਨੇ ਦੱਸਿਆ ਕਿ ਸੂਫੀ ਸੰਗੀਤ ਮਨੁੱਖ ਦੀ ਰੂਹ ਦਾ ਸੰਗੀਤ ਹੈ, ਜਿਹੜਾ ਮਨੁੱਖ ਨੂੰ ਸਦੀਵੀਂ ਸੁੱਖ ਪ੍ਰਦਾਨ ਕਰਦਾ ਹੈ। ਰਲੀਜ਼ ਹੋਏ ਗੀਤ ਬਾਰੇ ਉਨ੍ਹਾਂ ਦੱਸਿਆ ਕਿ ਇਸ ਦਾ ਵੀਡੀਓ ਮਖੂ, ਹਰੀਕੇ, ਸਰਾਏ ਅਮਾਨਤ ਖਾਂ ਅਤੇ ਪੱਟੀ ਆਦਿ ਸਥਾਨਾਂ ਤੇ ਫਲਮਾਇਆ ਗਿਆ ਹੈ। ਕਥਾਕਾਰ ਦੀਪ ਦਵਿੰਦਰ ਸਿੰਘ, ਸ਼ਾਇਰ ਦੇਵ ਦਰਦ ਨੇ ਅਜਿਹੀ ਪੇਸ਼ਕਾਰੀ ਦੀ ਸਹਾਰਨਾ ਕਰਦਿਆਂ ਕਿਹਾ ਕਿ ਅਜੋਕੀ ਨੌਜਵਾਨ ਪੀੜ੍ਹੀ ਸ਼ੋਰ-ਸ਼ਰਾਬਾ ਅਤੇ ਮਾਰ-ਧਾੜ ਵਾਲੇ ਗੀਤ-ਸੰਗੀਤ ਦੀ ਵਜ੍ਹਾ ਕਰਕੇ ਰਸਤੇ ਤੋਂ ਭਟਕ ਰਹੀ ਹੈ। ਨਾਟਕਕਾਰ ਜਗਦੀਸ਼ ਸਚਦੇਵਾ, ਮਨਮੋਹਨ ਸਿੰਘ ਢਿੱਲੋਂ ਅਤੇ ਹਰਿੰਦਰ ਸੋਹਲ ਨੇ ਸਾਂਝੇ ਤੌਰ ਤੇ ਕਿਹਾ ਕਿ ਅਖੌਤੀ ਸਭਿਆਚਾਰ ਦੇ ਨਾਮ ‘ਤੇ ਪਰੋਸੀ ਜਾ ਰਹੀ ਲੱਚਰਤਾ ਨੂੰ ਠੱਲ ਪਾਉਣ ਲਈ ਸੂਫੀ ਕਲਾਮ ਹੀ ਸਭ ਤੋਂ ਉੱਤਮ ਜਰੀਆ ਹੈ। ਪੰਜਾਬੀ ਸਕਰੀਨ ਦੇ ਸੰਚਾਲਕ ਸz. ਦਲਜੀਤ ਸਿੰਘ ਅਰੋੜਾ ਅਤੇ ਪਿੱਠ ਵਰਤੀ ਗਾਇਕ ਸz. ਤਰਲੋਚਨ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਗਾਇਕਾ ਹਿਨਾ ਅਤੇ ਜਨਾਬ ਬਖਤਾਵਰ ਮੀਆਂ ਨੂੰ ਵਧਾਈ ਦਿੱਤੀ। ਇਸ ਅਦਬੀ ਮਹਿਫਲ ਵਿੱਚ ਆਏ ਸ਼ਾਇਰਾਂ ਨੇ ਗਜ਼ਲਾਂ, ਗੀਤਾਂ ਤੇ ਨਜ਼ਮਾਂ ਦੀ ਪੇਸ਼ਕਾਰੀ ਨਾਲ ਇਹ ਸੁਹਾਵਣੀ ਸ਼ਾਮ ਯਾਦਗਾਰੀ ਸ਼ਾਮ ਹੋ ਨਿਬੜੀ। ਹੋਰਨਾਂ ਤੋਂ ਇਲਾਵਾ ਇਸ ਸਮੇਂ ਸਾਹਿਬ ਸਿੰਘ, ਅਮੀਤੋਜ਼, ਮੈਡਮ ਸੋਨੀਆ, ਸਿਮਰਨਜੀਤ ਕੌਰ ਪੱਟੀ, ਨਿਮਰਤ, ਮੋਹਿਤ ਸਹਿਦੇਵ ਅਤੇ ਹਸਰਤ ਤੋਗੜੀਆ ਆਦਿ ਤੋਂ ਇਲਾਵਾ ਸੰਗੀਤ ਪ੍ਰੇਮੀ ਹਾਜ਼ਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply