Wednesday, June 26, 2024

ਮੇਹਰ ਸਿੰਘ ਦੇ ਅਕਾਲ ਚਲਾਣੇ ਤੇ ਸ਼੍ਰੋਮਣੀ ਕਮੇਟੀ ਵਲੋਂ ਦੁੱਖ ਦਾ ਇਜ਼ਹਾਰ

PPN2503201616ਅੰਮ੍ਰਿਤਸਰ, 25 ਮਾਰਚ (ਗੁਰਪ੍ਰੀਤ ਸਿੰਘ)- ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਇੰਚਾਰਜ ਸ: ਮੇਹਰ ਸਿੰਘ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਸਟਾਫ਼ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਸ. ਹਰਚਰਨ ਸਿੰਘ ਮੁੱਖ ਸਕੱਤਰ, ਡਾ: ਰੂਪ ਸਿੰਘ, ਸ. ਮਨਜੀਤ ਸਿੰਘ ਤੇ ਸ. ਅਵਤਾਰ ਸਿੰਘ ਸਕੱਤਰ ਨੇ ਦੁੱਖ ਦਾ ਇਜ਼ਹਾਰ ਕਰਦਿਆਂ ਸਾਂਝੇ ਤੌਰ ਤੇ ਕਿਹਾ ਕਿ ਸ: ਮੇਹਰ ਸਿੰਘ ਨੇ ਸਾਰਾ ਜੀਵਨ ਆਪਣੇ ਜਿੰਮੇ ਲੱਗੀ ਸੇਵਾ ਨੂੰ ਨਿਸ਼ਕਾਮ ਸੇਵਾਦਾਰ ਵਜੋਂ ਨਿਭਾਇਆ।ਉਨ੍ਹਾਂ ਕਿਹਾ ਕਿ ਉਹ ਸ਼ਹੀਦ ਪ੍ਰੀਵਾਰ ਵਿਚੋਂ ਸਨ।ਜੂਨ 1984 ਦੇ ਘੱਲੂਘਾਰੇ ਵਿੱਚ ਉਨ੍ਹਾਂ ਦੇ ਵੱਡੇ ਭਰਾਤਾ ਸ. ਮੇਜਰ ਸਿੰਘ ਸ਼ਹੀਦ ਹੋਏ ਸਨ।ਉਨ੍ਹਾਂ ਕਿਹਾ ਕਿ ਉਹ ਜਿੱਥੇ ਗੁਰੂ ਘਰ ਦੇ ਸੇਵਕ ਸਨ ਓਥੇ ਉੱਘੇ ਸਮਾਜ ਸੇਵਕ ਵੀ ਸਨ।ਉਨ੍ਹਾਂ ਨੂੰ ਸੇਵਾ ਦੀ ਇਹ ਦਾਤ ਆਪਣੇ ਪਿਤਾ ਸ. ਹਜ਼ਾਰਾ ਸਿੰਘ ਅਮੀਸ਼ਾਹ ਤੋਂ ਵਿਰਾਸਤ ਵਿੱਚ ਮਿਲੀ। ਉਨ੍ਹਾਂ ਕਿਹਾ ਕਿ ਸ. ਮੇਹਰ ਸਿੰਘ ਦਾ ਜਨਮ ਪੰਥਕ ਪ੍ਰੀਵਾਰ ਵਿੱਚ ਹੋਇਆ ਤੇ ਉਨ੍ਹਾਂ ਆਪਣਾ ਸਾਰਾ ਜੀਵਨ ਪੰਥਕ ਸੇਵਾ ਦੇ ਕਾਰਜਾਂ ਵਿੱਚ ਬਤੀਤ ਕੀਤਾ।ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਸ. ਮੇਹਰ ਸਿੰਘ ਦੀ ਸੇਵਾ ਦੌਰਾਨ ਉਨ੍ਹਾਂ ਦੀ ਚਾਦਰ ਉੱਜਵਲੀ ਰੱਖੀ।ਪਰ ਅਕਾਲ ਪੁਰਖ ਨੇ ਉਨ੍ਹਾਂ ਨੂੰ ਜਵਾਨ ਉਮਰ ਵਿੱਚ ਹੀ ਆਪਣੇ ਪਾਸ ਬੁਲਾ ਲਿਆ।ਉਨ੍ਹਾਂ ਕਿਹਾ ਕਿ ਅਕਾਲ ਪੁਰਖ ਦਾ ਭਾਣਾ ਅਟੱਲ ਹੈ ਤੇ ਉਸ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਸ. ਮੇਹਰ ਸਿੰਘ ਦੀ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਿੱਛੇ ਪ੍ਰੀਵਾਰ ਤੇ ਸਾਕ ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ। ਸ. ਮੇਹਰ ਸਿੰਘ ਦੇ ਅਕਾਲ ਚਲਾਣੇ ਤੇ ਸੋਗ ਵਜੋਂ ਬੀਤੇ ਦਿਨ ਦਫ਼ਤਰ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਬੰਦ ਰਹੇ।
ਉਨ੍ਹਾਂ ਦਾ ਅੰਤਿਮ ਸਸਕਾਰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਨੇੜੇ ਸ਼ਮਸ਼ਾਨ ਘਾਟ ਵਿੱਚ ਸ਼ਾਮ 4 ਵਜੇ ਕਰ ਦਿੱਤਾ ਗਿਆ।ਜਿੱਥੇ ਹਜ਼ਾਰਾਂ ਹੀ ਸੇਜ਼ਲ ਅੱਖਾਂ ਨੇ ਸ. ਮੇਹਰ ਸਿੰਘ ਨੂੰ ਆਖਰੀ ਵਿਦਾਇਗੀ ਦਿੱਤੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ: ਰੂਪ ਸਿੰਘ ਤੇ ਸ. ਮਨਜੀਤ ਸਿੰਘ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ ਤੇ ਸ. ਸੁਲੱਖਣ ਸਿੰਘ ਮੈਨੇਜਰ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਤੇ ਸਿਰੋਪਾਓ ਤੇ ਦੁਸ਼ਾਲਾ ਪਾਇਆ।ਸ. ਮੇਹਰ ਸਿੰਘ ਆਪਣੇ ਪਿੱਛੇ ਆਪਣੀ ਧਰਮ ਪਤਨੀ, ਦੋ ਸਪੁੱਤਰ ਕਾਕਾ ਹਰਜੀਤ ਸਿੰਘ ਤੇ ਕਾਕਾ ਗੁਰਜੀਤ ਸਿੰਘ ਛੱਡ ਗਏ। ਅੰਤਿਮ ਸਸਕਾਰ ਤੋਂ ਪਹਿਲਾਂ ਭਾਈ ਬਲਬੀਰ ਸਿੰਘ ਗ੍ਰੰਥੀ ਗੁਰਦੁਆਰਾ ਭਾਈ ਘਨਈਆ ਜੀ ਨੇ ਜਪੁਜੀ ਸਾਹਿਬ ਜੀ ਦੇ ਪਾਠ ਉਪਰੰਤ ਅਰਦਾਸ ਕੀਤੀ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਸਪੁੱਤਰ ਕਾਕਾ ਹਰਜੀਤ ਸਿੰਘ, ਕਾਕਾ ਗੁਰਜੀਤ ਸਿੰਘ ਤੇ ਉਨ੍ਹਾਂ ਦੇ ਭਰਾਤਾ ਸ. ਗੁਰਵਰਿਆਮ ਸਿੰਘ ਨੇ ਅਗਨ ਭੇਟ ਕੀਤਾ। ਇਸ ਮੌਕੇ ਸ: ਹਰਜਾਪ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਹਰਭਜਨ ਸਿੰਘ ਮਨਾਵਾਂ ਤੇ ਸ. ਬਿਜੈ ਸਿੰਘ ਵਧੀਕ ਸਕੱਤਰ, ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ, ਸ. ਸੁਲੱਖਣ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਮਨਜਿੰਦਰ ਸਿੰਘ ਮੰਡ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਸਹੀਦ, ਸ. ਤਰਵਿੰਦਰ ਸਿੰਘ ਤੇ ਸ: ਬਲਵਿੰਦਰ ਸਿੰਘ ਮੀਤ ਸਕੱਤਰ, ਸ. ਜਸਪਾਲ ਸਿੰਘ ਮੀਤ ਮੈਨੇਜਰ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ, ਸਮੂਹ ਸਟਾਫ਼ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ,ਵਿਧਾਇਕ ਸ. ਇੰਦਰਬੀਰ ਸਿੰਘ ਬੁਲਾਰੀਆ, ਸ. ਅਮਰਬੀਰ ਸਿੰਘ ਢੋਟ ਕੌਂਸਲਰ, ਸ਼ਬਦ ਚੌਂਕੀ ਜਥਾ ਤੇ ਜੌੜੇ ਘਰ ਸੇਵਕ ਜਥਾ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਮੈਂਬਰ ਸਾਹਿਬਾਨ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।  ਸ. ਮੇਹਰ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਉਨ੍ਹਾਂ ਦੇ ਗ੍ਰਹਿ ਮਕਾਨ ਨੰਬਰ 242, ਗਲੀ ਨੰਬਰ 3, ਨਿਊ ਸ਼ਹੀਦ ਊਧਮ ਸਿੰਘ ਨਗਰ, ਅੰਮ੍ਰਿਤਸਰ ਵਿਖੇ 2 ਅਪ੍ਰੈਲ ਸ਼ਨੀਵਾਰ ਨੂੰ ਸਵੇਰੇ 10 ਵਜੇ ਪੈਣਗੇ। ਉਪਰੰਤ ਭਾਈ ਸੇਵਾ ਸਿੰਘ ਹਾਲ, ਅਜੀਤ ਨਗਰ, ਸ੍ਰੀ ਅੰਮ੍ਰਿਤਸਰ ਵਿਖੇ ਦੁਪਹਿਰ 12 ਤੋਂ 2 ਵਜੇ ਤੀਕ ਧੁਰ ਕੀ ਬਾਣੀ ਦੇ ਕੀਰਤਨ ਉਪਰੰਤ ਅਰਦਾਸ ਹੋਵੇਗੀ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …

Leave a Reply