Sunday, October 6, 2024

ਕਿਸੇ ਵੀ ਠੇਕੇਦਾਰ ਨੂੰ ਕੰਮ ਵਿਚ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ- ਜੋਸ਼ੀ

PPN0406201608

ਅੰਮ੍ਰਿਤਸਰ, 4 ਜੂਨ (ਜਗਦੀਪ ਸਿੰਘ ਸੱਗੂ) – ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਅੰਮ੍ਰਿਤਸਰ ਵਿਚ ਅਰਬਨ ਮਿਸ਼ਨ 2016 ਤਹਿਤ ਕੰਮ ਕਰਨ ਵਾਲੇ ਠੇਕੇਦਾਰਾਂ ਅਤੇ ਅਧਿਕਾਰੀਆਂ ਨਾਲ ਬਚਤ ਭਵਨ ਵਿਚ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨਾਂ ਹਰੇਕ ਵਿਧਾਨ ਸਭਾ ਹਲਕੇ ਵਿਚ ਹੋਣ ਵਾਲੇ ਕੰਮਾਂ ਦਾ ਵੇਰਵਾ ਲਿਆ ਅਤੇ ਇਹ ਕੰਮ ਕਿਸ ਸਟੇਜ ‘ਤੇ ਹੈ ਅਤੇ ਕਦੋਂ ਤੱਕ ਪੂਰਾ ਹੋਵੇਗਾ, ਬਾਰੇ ਠੇਕੇਦਾਰਾਂ ਅਤੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਸ੍ਰੀ ਜੋਸ਼ੀ ਨੇ ਦੱਸਿਆ ਕਿ ਅਰਬਨ ਮਿਸ਼ਨ 2016 ਤਹਿਤ ਅੰਮ੍ਰਿਤਸਰ ਵਿਚ ਹੋਣ ਵਾਲੇ ਵਿਕਾਸ ਕੰਮਾਂ ਬਾਰੇ ਠੇਕੇਦਾਰ ਕਿਸੇ ਤਰਾਂ ਦੇ ਭੁਲੇਖੇ ਵਿਚ ਨਾ ਪੈਣ, ਕਿਉਂਕਿ ਇਹ ਮਿਸ਼ਨ ਭਾਰਤ ਸਰਕਾਰ ਨੇ ਸ਼ਹਿਰਾਂ ਦਾ ਹੋਰ ਵਿਕਾਸ ਕਰਨ ਲਈ ਬਣਾਇਆ ਹੈ, ਨਾ ਕਿ ਹੋਰ ਰੁਕਾਵਟਾਂ ਖੜ੍ਹੀਆਂ ਕਰਨ ਲਈ। ਉਨਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਿਚ ਇਸ ਮਿਸ਼ਨ ਤਹਿਤ 810 ਕਰੋੜ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਲੋੜ ਸਿਰਫ ਕੰਮ ਸਮੇਂ ਸਿਰ ਪੂਰੇ ਕਰਨ ਦੀ ਹੈ। ਸ੍ਰੀ ਜੋਸ਼ੀ ਨੇ ਕਿਹਾ ਕਿ ਉਸ ਦੀਆਂ ਤਕਨੀਕੀ ਲੋੜਾਂ ਆਮ ਨਾਲੋਂ ਕੁੱਝ ਵੱਖਰੀਆਂ ਹੋ ਸਕਦੀਆਂ ਹਨ, ਪਰ ਅਸੰਭਵ ਨਹੀਂ। ਉਨਾਂ ਨੇ ਠੇਕੇਦਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਿਸ਼ਨ ਤਹਿਤ ਹੋਣ ਵਾਲੇ ਕੰਮ ਛੇਤੀ ਸ਼ੁਰੂ ਕਰਨ ਅਤੇ ਸਮੇਂ ਤੋਂ ਪਹਿਲਾਂ ਨੇਪਰੇ ਚਾੜਨ, ਉਨਾਂ ਨੂੰ ਕਿਸੇ ਤਰਾਂ ਦੀ ਮੁਸ਼ਿਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਜੇਕਰ ਇਕ ਹਫਤੇ ਵਿਚ ਕਿਸੇ ਠੇਕੇਦਾਰ ਨੇ ਅਲਾਟ ਹੋਇਆ ਕੰਮ ਸ਼ੁਰੂ ਨਾ ਕੀਤਾ ਤਾਂ ਠੇਕੇਦਾਰ ਦੀ ਰਕਮ ਬਿਆਨਾ ਜ਼ਬਤ ਕਰਕੇ ਉਸ ਨੂੰ ਬਲੈਕ ਲਿਸਟ ਕਰ ਦਿੱਤਾ ਜਾਵੇਗਾ ਅਤੇ ਕੰਮ ਦਾ ਨਵਾਂ ਟੈਂਡਰ ਜਾਰੀ ਕਰ ਦਿੱਤਾ ਜਾਵੇਗਾ।
ਸ੍ਰੀ ਜੋਸ਼ੀ ਨੇ ਇਸ ਤੋਂ ਇਲਾਵਾ ਸ਼ਹਿਰ ਵਿਚ ਚੱਲ ਰਹੇ ਹੋਰ ਵਿਕਾਸ ਕੰਮਾਂ ਦਾ ਜਾਇਜ਼ਾ ਵੀ ਲਿਆ। ਉਨਾਂ ਕਿਹਾ ਕਿ ਸ਼ਹਿਰ ਵਿਚ ਚੱਲ ਰਹੇ ਵਿਕਾਸ ਕੰਮਾਂ ਕਾਰਨ ਆਮ ਜਨਤਾ, ਦੁਕਾਨਦਾਰਾਂ, ਟਰਾਂਸਪੋਟਰਾਂ ਅਤੇ ਕਾਰੋਬਾਰੀਆਂ ਨੂੰ ਭਾਰੀ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਸਾਰੇ ਅਧਿਕਾਰੀ ਅਤੇ ਠੇਕੇਦਾਰ ਕੰਮ ਨੂੰ ਮਿੱਥੇ ਸਮੇਂ ਵਿਚ ਜਾਂ ਉਸ ਤੋਂ ਪਹਿਲਾਂ ਸਿਰੇ ਚਾੜਨ। ਉਨਾਂ ਕਿਹਾ ਕਿ ਮੈਂ ਅੰਮ੍ਰਿਤਸਰ ਸ਼ਹਿਰ ਨੂੰ ਸ਼ਰਧਾਲੂਆਂ ਲਈ ਸੁਖਾਵਾਂ ਮਾਹੌਲ ਦੇਣ ਵਾਲਾ ਸ਼ਹਿਰ ਬਨਾਉਣਾ ਚਾਹੁੰਦਾ ਹਾਂ ਅਤੇ ਸਰਕਾਰ ਨੇ ਇਸ ਲਈ ਖਜ਼ਾਨੇ ਦੇ ਮੂੰਹ ਵੀ ਖੋਲ੍ਹੇ ਹੋਏ ਹਨ, ਫਿਰ ਕੰਮ ਸਮੇਂ ਸਿਰ ਨੇਪਰੇ ਕਿਉਂ ਨਾ ਚੜਨ? ਸ੍ਰੀ ਜੋਸ਼ੀ ਨੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਕਿਹਾ ਕਿ ਜੇਕਰ ਉਨਾਂ ਨੂੰ ਕੰਮ ਕਰਨ ਜਾਂ ਕਰਵਾਉਣ ਵਿਚ ਕਿਸੇ ਤਰਾਂ ਦੀ ਕੋਈ ਮੁਸ਼ਿਕਲ ਪੇਸ਼ ਆਉਂਦੀ ਹੈ ਤਾਂ ਮੇਰੇ ਧਿਆਨ ਵਿਚ ਲਿਆਉਣ, ਤਾਂ ਜੋ ਉਸ ਨੂੰ ਤਰੁੰਤ ਦੂਰ ਕੀਤਾ ਜਾ ਸਕੇ।
ਸ੍ਰੀ ਜੋਸ਼ੀ ਨਾਲ ਅੱਜ ਦੀ ਮੀਟਿੰਗ ਵਿਚ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ, ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਜਨਰਲ ਵੀ ਕੇ ਭੱਟ, ਭਾਜਪਾ ਦੇ ਸੀਨੀਅਰ ਨੇਤਾ ਸ੍ਰੀ ਤਰੁਣ ਚੁੱਘ, ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ, ਰਾਕੇਸ਼ ਗਿੱਲ, ਕੌਸ਼ਲਰ ਜਰਨੈਲ ਸਿੰਘ ਢੋਟ, ਸ੍ਰੀ ਚੰਦਰ ਸ਼ੇਖਰ, ਵਾਈਸ ਚੇਅਰਮੈਨ ਸ੍ਰੀ ਸਰਬਜੀਤ ਸਿੰਘ, ਡਾ. ਯੋਗੇਸ਼ ਅਰੋੜਾ ਅਤੇ ਹੋਰ ਅਧਿਕਾਰੀ ਤੇ ਨੇਤਾ ਹਾਜ਼ਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply