70.73 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਓਵਰਬ੍ਰਿਜ ਦਾ ਬਠਿੰਡਾ- ਡਬਵਾਲੀ ਰੋਡ ‘ਤੇ ਰੱਖਿਆ ਨੀਂਹ ਪੱਥਰ
ਬਠਿੰਡਾ, 14 ਅਗਸਤ (ਅਵਤਾਰ ਸਿੰਘ ਕੈਂਥ)-ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਇਥੇ ਸ਼ਾਮ ਦੇ ਸਮੇਂ ਬਠਿੰਡਾ ਡਬਵਾਲੀ ਰੋਡ ‘ਤੇ 70.73 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਰੇਲਵੇ ਓਵਰ ਬਿਜz ਦਾ ਨੀਂਹ ਪੱਥਰ ਰੱਖਣ ਉਪਰੰਤ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ 9 ਸਾਲਾਂ ਦੌਰਾਨ ਰਾਜ ਅੰਦਰ ਡੇਢ ਸੌ ਤੋਂ ਵੱਧ ਰੇਲਵੇ ਪੁਲਾਂ ਦਾ ਨਿਰਮਾਣ ਕਰਵਾਇਆ ਹੈ ਅਤੇ ਆਉਂਦੇ ਦੋ ਸਾਲਾ ਤੱਕ ਸੂਬੇ ਦੀਆਂ ਮੁੱਖ ਸੜਕਾਂ ‘ਤੇ ਪੈਂਦੇ ਰੇਲਵੇ ਫਾਟਕਾਂ ਉਪਰ ਪੁਲ ਬਣਾ ਦਿੱਤੇ ਜਾਣਗੇ। ਲੋਕ ਨਿਰਮਾਣ ਮੰਤਰੀ ਸ. ਜਨਮੇਜਾ ਸਿੰਘ ਸੇਖੋਂ, ਮੁੱਖ ਸੰਸਦੀ ਸਕੱਤਰ ਸ੍ਰੀ ਸਰੂਪ ਚੰਦ ਸਿੰਗਲਾ, ਸਾਬਕਾ ਲੋਕ ਸਭਾ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ, ਮੇਅਰ ਸ੍ਰੀ ਬਲਵੰਤ ਰਾਏ ਨਾਥ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਿਆਲ ਦਾਸ ਸੋਢੀ ਸਮੇਤ ਓਵਰਬ੍ਰਿਜ ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਲਗਾਤਾਰ ਵਿਕਾਸ ਦੀਆਂ ਨਵੀਆਂ ਪੈੜਾਂ ਪਾ ਰਿਹਾ ਹੈ ਅਤੇ ਰਾਜ ਵੱਖ-ਵੱਖ ਖੇਤਰਾਂ ਵਿੱਚ ਦੇਸ਼ ਦੇ ਮੋਹਰੀ ਸੂਬਿਆ ਵਿੱਚੋ ਅੱਗੇ ਨਿਕਲ ਚੁੱਕਾ ਹੈ।
ਸ. ਬਾਦਲ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਵਿੱਚ ਪੰਜਾਬ ਦੇ ਸੰਦਰਭ ਵਿੱਚ ਕੁੱਝ ਸੋਧਾਂ ਲੋੜੀਦੀਆਂ ਪਾਈਆਂ ਜਾਣ ‘ਤੇ ਕੇਂਦਰ ਨੂੰ ਸੁਝਾਅ ਲਿਖ ਭੇਜੇ ਜਾ ਚੁੱਕੇ ਹਨ ਅਤੇ ਇਸ ਸਬੰਧੀ ਜਲਦ ਹੀ ਕੇਂਦਰ ਨਾਲ ਰਾਬਤਾ ਕੀਤਾ ਜਾਵੇਗਾ। ਇਕ ਹੋਰ ਦੇ ਸਵਾਲ ਵਿੱਚ ਸ. ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਗਰਮ ਖਿਆਲੀਆ ਨਾਲ ਸਬੰਧ ਹਨ ਅਤੇ ਇਹ ਲੋਕ ਆਪ ਦੀ ਮਾਲੀ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੇ ਲੰਮੇ ਸੰਘਰਸ਼ ਮਗਰੋਂ ਅਮਨ, ਸਾਂਤੀ, ਭਾਈਚਾਰਕ ਸਾਂਝ ਅਤੇ ਇਤਫਾਕ ਦਾ ਮਾਹੌਲ ਸਿਰਜਿਆ ਹੈ ਜਿਸਨੂੰ ਕਿਸੇ ਵੀ ਕੀਮਤ ‘ਤੇ ਭੰਗ ਨਹੀ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿਰੋਧੀ ਤਾਕਤਾਂ ਪੰਜਾਬ ਦਾ ਮਾਹੌਲ ਵਿਗਾੜਨ ਦੀਆਂ ਕੋਝੀਆਂ ਸਾਜ਼ਿਸ਼ਾਂ ਰਚ ਰਹੀਆਂ ਹਨ ਜਿਹੜੀਆਂ ਕਿ ਕਦੇ ਸਫ਼ਲ ਨਹੀ ਹੋਣਗੀਆਂ। ਏਮਜ਼ ਸਬੰਧੀ ਪੁੱਛੇ ਜਾਣ ‘ਤੇ ਸ. ਬਾਦਲ ਨੇ ਕਿਹਾ ਕਿ ਪੂਰੇ ਪੰਜਾਬ ਲਈ ਹੀ ਨਹੀ ਸਗੋਂ ਗੁਆਢੀ ਸੂਬਿਆਂ ਲਈ ਵੀ ਏਮਜ਼ ਦੀ ਸਥਾਪਤੀ ਵਰਦਾਨ ਸਾਬਿਤ ਹੋਵੇਗੀ ਅਤੇ ਲੋਕਾਂ ਨੂੰ ਦੇਸ਼ ਦੀਆਂ ਸਿਖਰਲੀਆਂ ਸਿਹਤ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਏਮਜ਼ ਦੇ ਨੀਂਹ ਪੱਥਰ ਰੱਖਣ ਸਬੰਧੀ ਜਲਦ ਹੀ ਫੈਸਲਾ ਲਿਆ ਜਾਵੇਗਾ ਤਾਂ ਜੋ ਇਸ ਪ੍ਰੋਜੈਕਟ ‘ਤੇ ਜਲਦ ਤੋਂ ਜਲਦ ਕੰਮ ਸ਼ੁਰੂ ਹੋ ਸਕੇ। ਸ .ਬਾਦਲ ਨੇ ਕਿਹਾ ਕਿ ਗਠਜੋੜ ਸਰਕਾਰ ਵਿਕਾਸ ਦੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੀ ਹੈ ਜਦਕਿ ਵਿਰੋਧੀ ਪਾਰਟੀਆਂ ਸਿਰਫ ਤੇ ਸਿਰਫ ਗੁੰਮਰਾਹਕੁੰਨ ਪ੍ਰਚਾਰ ਦੇ ਇਕ ਨੁਕਾਤੀ ਪ੍ਰੋਗਰਾਮ ਹੇਠ ਹੀ ਕੰਮ ਕਰਦੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਤੇਜਿੰਦਰ ਸਿੰਘ ਮਿੱਡੂਖੇੜਾ, ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ, ਜ਼ਿਲ੍ਹਾ ਪੁਲਿਸ ਮੁਖੀ ਸਵਪਨ ਸ਼ਰਮਾ ਆਦਿ ਹਾਜ਼ਰ ਸਨ।