Sunday, October 6, 2024

 ਐਸ.ਡੀ.ਐਮ ਬਟਾਲਾ ਨੇ ਲਹਿਰਾਇਆ ਤਹਿਸੀਲ ਪੱਧਰੀ ਕੌਮੀ ਝੰਡਾ

ਸਕੂਲੀ ਬੱਚਿਆਂ ਦੇ ਸੱਭਿਆਚਾਰਕ ਪ੍ਰੋਗਰਾਮ ਨੇ ਰੰਗ ਬੰਨਿਆ

PPN1508201601

ਬਟਾਲਾ, 15 ਅਗਸਤ (ਨਰਿੰਦਰ ਬਰਨਾਲ) – 70ਵੇਂ ਅਜ਼ਾਦੀ ਦਿਹਾੜੇ ਮੌਕੇ ਬਟਾਲਾ ਵਿੱਚ ਤਹਿਸੀਲ ਪੱਧਰੀ ਅਜ਼ਾਦੀ ਸਮਾਗਮ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ।ਸਥਾਨਕ ਰਾਜੀਵ ਗਾਂਧੀ ਸਟੇਡੀਅਮ ਵਿਖੇ ਮਨਾਏ ਗਏ ਅਜ਼ਾਦੀ ਸਮਾਗਮ ਵਿੱਚ ਐੱਸ.ਡੀ.ਐੱਮ. ਬਟਾਲਾ ਸ੍ਰੀ ਸੌਰਬ ਅਰੋੜਾ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਨਿਭਾਈ। ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਐੱਸ.ਡੀ.ਐੱਮ. ਸ੍ਰੀ ਅਰੋੜਾ ਵੱਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ ਅਤੇ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਉਪਰੰਤ ਪਰੇਡ ਕਮਾਂਡਰ ਡੀ.ਐੱਸ.ਪੀ ਸਤਨਾਮ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਜਵਾਨਾਂ, ਮਹਿਲਾ ਪਲਟੂਨ, ਪੰਜਾਬ ਹੋਮਗਾਰਡ, ਐੱਨ.ਸੀ.ਸੀ. ਕੈਡਿਟ ਅਤੇ ਸਕੂਲੀ ਬੱਚਿਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ। ਇਸੇ ਦੌਰਾਨ ਸਕੂਲੀ ਬੱਚਿਆਂ ਵੱਲੋਂ ਦੇਸ਼ਭਗਤੀ ਅਤੇ ਪੰਜਾਬੀ ਸੱਭਿਆਚਾਰ ਦੀ ਝਲਕ ਦਿਖਾਉਂਦਾ ਸ਼ਾਨਦਾਰ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਗਿੱਧੇ ਅਤੇ ਭੰਗੜੇ ਦੀ ਪੇਸ਼ਕਾਰੀ ਨੇ ਅਜ਼ਾਦੀ ਸਮਾਗਮ ਦੀਆਂ ਰੌਣਕਾਂ ਨੂੰ ਹੋਰ ਵੀ ਵਧਾ ਦਿੱਤਾ।
ਇਸ ਤੋਂ ਪਹਿਲਾਂ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਐੱਸ.ਡੀ.ਐਮ. ਬਟਾਲਾ ਸ੍ਰੀ ਸੌਰਬ ਅਰੋੜਾ ਨੇ ਆਪਣੇ ਸੰਬੋਧਨ ਦੌਰਾਨ ਬਟਾਲਾ ਵਾਸੀਆਂ ਨੂੰ 70ਵੇਂ ਅਜ਼ਾਦੀ ਦਿਵਸ ਦੀ ਵਧਾਈ ਦਿੱਤੀ। ਸ੍ਰੀ ਅਰੋੜਾ ਨੇ ਕਿਹਾ ਕਿ ਅੱਜ ਸਾਰਾ ਦੇਸ਼ ਅਜ਼ਾਦੀ ਜਸ਼ਨ ਮਨਾ ਰਿਹਾ ਹੈ। ਉਨਾਂ ਕਿਹਾ ਕਿ ਅੱਜ ਦਾ ਪਵਿੱਤਰ ਦਿਹਾੜਾ ਆਪਣੇ ਕੌਮੀ ਨਾਇਕਾਂ, ਮਹਾਨ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦਾ ਦਿਨ ਵੀ ਹੈ ਜਿਨਾਂ ਦੀ ਬਦੌਲਤ ਅਸੀਂ ਅਜ਼ਾਦ ਫਿਜ਼ਾ ਦਾ ਅਨੰਦ ਮਾਣ ਰਹੇ ਹਾਂ। ਉਨਾਂ ਕਿਹਾ ਕਿ ਇਸ ਪਵਿੱਤਰ ਦਿਹਾੜੇ ਮੌਕੇ ਸਾਨੂੰ ਆਪਣੇ ਮਹਾਨ ਦੇਸ਼ ਭਗਤਾਂ ਨੂੰ ਕੋਟਨ-ਕੋਟ ਪ੍ਰਨਾਮ ਕਰਨ ਦੇ ਨਾਲ ਉਨਾਂ ਦੇ ਸੁਪਨਿਆਂ ਦੇ ਭਾਰਤ ਦੀ ਸਿਰਜਣਾ ਕਰਨ ਦਾ ਤਹੱਈਆ ਵੀ ਕਰਨਾ ਚਾਹੀਦਾ ਹੈ। ਅਜ਼ਾਦੀ ਦਿਵਸ ਮੌਕੇ ਸ੍ਰੀ ਅਰੋੜਾ ਨੇ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਲਈ ਮੋਹਰੀ ਹੋ ਕੇ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਦਾ ਸੱਦਾ ਵੀ ਦਿੱਤਾ।
ਐਸ.ਡੀ.ਐਮ ਬਟਾਲਾ ਸ੍ਰੀ ਸੌਰਬ ਅਰੋੜਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਅਜ਼ਾਦੀ ਪਰਵਾਨਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਿਰਤੋੜ ਯਤਨ ਕੀਤੇ ਹਨ। ਉਨਾਂ ਕਿਹਾ ਕਿ ਰਾਜ ਸਰਕਾਰ ਨੇ ਹਰ ਵਰਗ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਭਲਾਈ ਸਕੀਮਾਂ ਚਲਾਈਆਂ ਹਨ ਅਤੇ ਪਿਛਲੇ ਸਮੇਂ ਦੌਰਾਨ ਸੂਬੇ ਦਾ ਸਰਬਪੱਖੀ ਵਿਕਾਸ ਹੋਇਆ ਹੈ।ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਜ਼ਾਦੀ ਸੰਗਰਾਮ ਦੇ ਸ਼ਹੀਦਾਂ ਅਤੇ ਯੋਧਿਆਂ ਦੀ ਕੁਰਬਾਨੀ ਨੂੰ ਸਲਾਮ ਕਰਦਿਆਂ ਕਰਤਾਰਪੁਰ ਨੇੜੇ ਜੰਗ-ਏ-ਅਜ਼ਾਦੀ ਯਾਦਗਾਰ ਉਸਾਰੀ ਜਾ ਰਹੀ ਹੈ ਜੋ ਕਿ ਆਉਣ ਵਾਲੀਆਂ ਪੀੜੀਆਂ ਨੂੰ ਅਜ਼ਾਦੀ ਦੇ ਘੋਲ ਦੀ ਯਾਦ ਦਿਵਾਏਗੀ।
ਅਜ਼ਾਦੀ ਦਿਵਸ ਮੌਕੇ ਐਸ.ਡੀ.ਐਮ ਬਟਾਲਾ ਸ੍ਰੀ ਸੌਰਬ ਅਰੋੜਾ ਵੱਲੋਂ ਅਜ਼ਾਦੀ ਘੁਲਾਟੀਆਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ, ਸੱਭਿਆਚਾਰਕ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਹਸਤੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਐਸ.ਐਸ.ਪੀ ਬਟਾਲਾ ਦਿਲਜਿੰਦਰ ਸਿੰਘ ਢਿਲੋਂ, ਚੇਅਰਮੈਨ ਸ. ਸੁਖਬੀਰ ਸਿੰਘ ਵਾਹਲਾ, ਪ੍ਰਧਾਨ ਸੁਭਾਸ਼ ਓਹਰੀ, ਨਗਰ ਕੌਂਸਲ ਪ੍ਰਧਾਨ ਨਰੇਸ਼ ਮਹਾਜਨ, ਹਰਮਨ ਗੁਰਾਇਆ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਮਾਸਟਰ ਰਤਨ ਲਾਲ, ਸਮਾਜ ਸੇਵੀ ਕੁਲਦੀਪ ਸ਼ਰਮਾ, ਸ਼ਸ਼ੀ ਭੂਸ਼ਨ ਵਰਮਾ ਆਦਿ ਹਾਜ਼ਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply