Monday, December 23, 2024

ਹੁਣ ਪਤਾ ਲੱਗਿਆ- ਮੇਰਾ ਨਾਂਅ ਏ.ਟੀ.ਐਮ ਹੈ !

atm-machine
ਸ਼ਹਿਰੀ ਜਾਂ ਪੜ੍ਹੇ ਲਿਖੇ ਲੋਕ ਮੇਰਾ ਨਾਮ ਏ.ਟੀ.ਐਮ ਜਾਣਦੇ ਹਨ, ਪਰ ਪਿੰਡਾਂ ਵਾਲੇ ਜਾਂ ਅਨਪੜ੍ਹ ਲੋਕ ਮੈਨੂੰ ਲਹੀਂ ਜਾਣਦੇ।ਅੱਜਕਲ੍ਹ ਮੇਰਾ ਨਾਂਅ ਟੌਪ ‘ਤੇ ਹੈ, ਲੱਗਦਾ ਸਭ ਜਾਨਣ ਲੱਗ ਪਏ ਹਨ।ਪਰ ਇਹ ਵੀ ਸੱਚ ਹੈ ਕਿ ਪੜ੍ਹੇ ਲਿਖੇ ਵੀ ਮੇਰਾ ਪੂਰਾ ਨਾਂਅ ‘ਆਟੋਮੈਟਿਡ ਟੇਲਰ ਮਸ਼ੀਨ’ ਨੂੰ ਨਹੀਂ ਜਾਣਦੇ।ਕੁੱਝ ‘ਐਨੀ ਟਾਈਮ ਮਨੀ’ ਵੀ ਕਹਿੰਦੇ ਹਨ।ਹੁਣ ਪਤਾ ਲੱਗ ਗਿਆ ਕਿ ਮੈਂ ਕਿੰਨੇ ਕੰਮ ਦੀ ਚੀਜ਼ ਹਾਂ।ਮੋਦੀ ਜੀ ਦਾ ਧੰਨਵਾਦ! ਜਿਸ ਨੇ ਮੇਰੀ ਕਦਰ ਵਧਾ ਦਿੱਤੀ ਹੈ।ਪਹਿਲਾਂ ਮੇਰੇ ਨਾਂਅ ਨੂੰ ਕੋਈ ਵਿਰਲਾ ਹੀ ਜਾਣਦਾ ਸੀ, ਜਿਵੇਂ 84 ਵੇਲੇ ਕਰਫਿਊ ਬਾਰੇ ਲੋਕਾਂ ਨੂੰ ਬਿਲਕੁਲ ਪਤਾ ਨਹੀਂ ਸੀ।ਉਦੋਂ ਲੋਕ ਘਰੋਂ ਬਾਹਰ ਨਹੀਂ ਸੀ ਨਿਕਲਦੇ।ਲੋਕ ਜਾਣੂ ਹੋ ਗਏ ਸਨ ਕਿ ਇਸਨੂੰ ਕਰਫ਼ਿਊ ਕਹਿੰਦੇ ਨੇ।ਹੁਣ ਲੋਕ ਘਰੋਂ ਨਿੱਕਲ ਕੇ ਬੈਂਕਾਂ ਵੱਲ ਜਾਂ ਮੇਰੇ ਵੱਲ ਭੱਜਦੇ ਹਨ ਤਾਂ ਲੋਕਾਂ ਨੂੰ ਪਤਾ ਲੱਗਿਆ ਹੈ ਕਿ ਮੈਂ ਏ.ਟੀ.ਐਮ ਹਾਂ।ਮੇਰੇ ਕੰਮ ਤੋਂ ਲੋਕ ਜਾਣੂ ਹੋ ਰਹੇ ਹਨ।ਕਦੇ ਲੋਕ ਬੈਂਕਾਂ ਵੱਲ ਤੇ ਕਦੇ ਮੇਰੇ ਵੱਲ ਆਉਂਦੇ ਹਨ। ਮੋਦੀ ਨੇ ਪਤਾ ਨੀ ਕੀ ਜਾਦੂ ਕੀਤਾ ਲੋਕ ਵਹੀਰਾਂ ਘੱਤ ਆ ਰਹੇ ਹਨ। ਲੰਮੀਆਂ ਲੰਮੀਆਂ ਲਾਈਨਾਂ ‘ਚ ਖੜਿਆਂ ਨੂੰ ਮੈਂ ਦੇਖਦਾਂ।ਜਦੋਂ ਮੇਰੇ ਵਿੱਚ ਕੈਸ਼ ਨਹੀਂ ਹੁੰਦਾ ਤਾਂ ਲੋਕ ਗਾਲ੍ਹਾਂ ਵੀ ਕੱਢਦੇ ਹਨ ਅਤੇ ਉਹ ਲੋਕ ਖੁਸ਼ ਵੀ ਹੁੰਦੇ ਹਨ ਜਿੰਨ੍ਹਾਂ ਨੂੰ ਨਵੇਂ ਸੌ-ਸੌ ਦੇ ਨੋਟ ਮੇਰੇ ਕੋਲੋਂ ਮਿਲਦੇ ਹਨ। ਕੁਝ ਲੋਕ ਬੇਵਜਾ ਖੱਜਲ ਖੁਆਰ ਹੁੰਦੇ ਹਨ।ਮੇਰੇ ਕੋਲ ਵੀ ਇਕ ਅਜਿਹਾ ਬੰਦਾ ਆਇਆ।ਜਿਸ ਨੇ ਆਪਣੀ ਦਾਸਤਾਨ ਇੰਝ ਬਿਆਨ ਕੀਤੀ :-
ਬੜਾ ਵਧੀਆ ਸੀ।ਪੈਨਸ਼ਨ ਮਿਲਦੀ ਸੀ ਏ.ਟੀ.ਐਮ ਦੇ ਜ਼ਰੀਏ ਲੋੜ ਸਮੇਂ ਲੋੜੀਂਦੇ ਪੈਸੇ ਏ.ਟੀ.ਐਮ ਵਿੱਚੋਂ ਕਢਵਾ ਲੈਂਦਾ ਸੀ, ਪਰ ਕੁਝ ਦਿਨਾਂ ਤੋਂ ਏ.ਟੀ.ਐਮ ਕਦੇ ਚਲਦਾ ਹੈ ਤੇ ਕਦੇ ਬੰਦ।ਜੇਕਰ ਚਲਦਾ ਹੈ ਤਾਂ ਭੀੜ ਜਿਆਦਾ ਕਰਕੇ ਮਨ ਨੰਨਾ ਪਾ ਦਿੰਦਾ ਹੈ ਕਿ ਫੇਰ ਸਹੀ! ਜਦੋਂ ਮਹੌਲ ਠੀਕ ਹੋਇਆ ਤੇ ਭੀੜ ਘੱਟ ਹੋਊ ਉਦੋਂ ਕਢਵਾ ਲਵੀਂ।ਪਰ ਜੇਬ ਵਿਚਲੇ ਪੈਸੇ ਖ਼ਤਮ ਹੋ ਗਏ ਸਨ, ਦੇਣਾ ਲੈਣਾ ਵੀ ਨਹੀਂ ਹੋ ਰਿਹਾ।ਮਜ਼ਬੂਰੀ ਵੱਸ ਹਿੱਲਜੁਲ ਕਰਨੀ ਪਈ।ਤੜਕੇ 9 ਵਜੇ ਸਾਰੇ ਏ.ਟੀ.ਐਮਾਂ ‘ਚ ਗਿਆ, ਸਾਰੇ ਬੰਦ।ਇਕ ਏ.ਟੀ.ਐਮ ਕੋਲ ਕੁਝ ਬੰਦੇ ਖੜੇ ਦੇਖੇ ਪਰ ਏ.ਟੀ.ਐਮ ਬੰਦ ਸੀ। ਬੈਂਕ ਨੇ 10  ਵਜੇ ਖੁੱਲਣਾ ਸੀ।ਉਮੀਦ ਹੋਈ ਕਿ ਭੀੜ ਘੱਟ ਹੈ ਹੁਣ ਇੱਥੋਂ ਕੰਮ ਬਣਜੂ।ਪੂਰੇ 10 ਵਜੇ ਬੈਂਕ ਖੁੱਲਿਆ ਪਰ ਅੰਦਰ ਕਿਸੇ ਨੂੰ ਨਾ ਜਾਣ ਦਿੱਤਾ।ਬੈਂਕ ਕਰਮਚਾਰੀ ਨੇ ਕਿਹਾ ਕਿ ‘ਐਹ ਲਓ ਪੈਸੇ ਕਢਵਾਉਣ ਵਾਲੇ ਫਾਰਮ, ਸਾਰਿਆਂ ਨੇ ਭਰ ਕੇ ਅੰਦਰ ਆਉਣਾ।’ ਮੈਂ ਵੀ ਫਾਰਮ ਲੈ ਲਿਆ ਪਰ ਮੇਰੇ ਕੋਲ ਬੈਂਕ ਕਾਪੀ ਨਹੀਂ ਸੀ। ਜਲਦੀ ਹੀ ਮੈਂ ਘਰੋਂ ਅਧਾਰ ਕਾਰਡ ਅਤੇ ਬੈਂਕ ਕਾਪੀ ਲੈ ਆਇਆ ਤੇ ਲਾਈਨ ‘ਚ ਲੱਗ ਗਿਆ।ਅਚਾਨਕ ਮੈਨੂੰ ਯਾਦ ਆਇਆ ਇਹ ਬੈਂਕ ਤਾਂ ਐਸ.ਬੀ.ਆਈ ਹੈ ਪਰ ਮੇਰੀ ਕਾਪੀ ਪੀ.ਐਨ.ਬੀ ਬੈਂਕ ਦੀ ਹੈ।ਮੈਂ ਖਾਲੀ ਸਲਿੱਪ ਕਿਸੇ ਹੋਰ ਨੂੰ ਫੜਾ, ਆਪਣੇ ਬੈਂਕ ਵੱਲ ਗਿਆ। ਉੱਥੇ ਵੀ ਇਹੀਓ ਹਾਲ, ਰਸਤੇ ਵਿੱਚ ਸਾਰੇ ਬੈਂਕਾਂ ਵਿੱਚ ਭੀੜ ਭੜੱਕਾ ਸੀ।ਕੁੱਝ ਲੋਕ ਨੋਟ ਜਮ੍ਹਾਂ ਕਰਵਾਉਣ ਵਾਲੇ ਤੇ ਕੁਝ ਕਢਵਾਉਣ ਵਾਲਿਆਂ ਦਾ ਤਾਂਤਾ ਲੱਗਿਆ ਵੇਖਿਆ। ਲੰਮੀ ਭੀੜ ਦੇਖਕੇ ਹੈਰਾਨ ਪ੍ਰੇਸ਼ਾਨ ਕਿ ਮੈਥੋਂ ਨਹੀਂ ਖੜ ਹੋਣਾ, ਗੋਡੇ ਵੀ ਦੁਖਦੇ ਹਨ ਕਿਤੇ ਚੱਕਰ ਹੀ ਨਾ ਆ ਜਾਵੇ।ਲਾਈਨ ‘ਚ ਖੜ੍ਹਨ ਦਾ ਹੀਲਾ ਹੀ ਨਹੀਂ ਸੀ ਹੁੰਦਾ। ਆਖ਼ਰ ਉੱਥੇ ਕਿਸੇ ਸਮਾਜ ਸੇਵਾ ਵਾਲਿਆਂ ਨੇ ਚਾਹ ਦਾ ਲੰਗਰ ਲਗਾਇਆ ਸੀ, ਮੈਂ ਵੀ ਉਹਨਾਂ ਨਾਲ ਚਾਹ ਦੀ ਸੇਵਾ ਕਰਨ ਲੱਗ ਪਿਆ। ਚਾਹ ਦਾ ਕੰਮ ਬੈਂਕ ਦੇ ਗੇਟ ਕੋਲ ਹੀ ਸੀ। ਪੰਜ ਸੱਤ ਕੁ ਬੰਦੇ ਅੰਦਰੋਂ ਬਾਹਰ ਆਉਂਦੇ ਸੀ ਤੇ ਓਨਿਆਂ ਕੁ ਨੂੰ ਹੀ ਬੈਂਕ ਅੰਦਰ ਵਾੜ ਦਿੱਤਾ ਜਾਂਦਾ ਸੀ। ਕੁਝ ਬੰਦੇ ਗੇਟ ਕੋਲ ਹੀ ਖੜੇ ਸਨ। ਸੋਚਿਆ ਮੈਂ ਵੀ ਗੇਟ ਕੋਲ ਖੜਕੇ ਵੇਖਾਂ! ਹੈ ਤਾਂ ਕਾਨੂੰਨ ਦੇ ਬਾਹਰ ਪਰ ਸ਼ਾਇਦ ਬਜ਼ੁਰਗ ਹੋਣ ਦੇ ਨਾਤੇ ਮੈਨੂੰ ਲਾਈਨ ‘ਚ ਖੜਨ ਦੀ ਥਾਂ ਦੇ ਦਿੱਤੀ। ਜਦੋਂ ਅੰਦਰ ਭੇਜਣ ਦੀ ਵਾਰੀ ਆਈ ਤਾਂ ਮੈਨੂੰ ਰੋਕ ਦਿੱਤਾ, ”ਖੜ ਜਾ ਬਾਬਾ! ਅੰਦਰ ਬਹੁਤ ਚਲੇ ਗਏ।” ਅੱਧਾ ਘੰਟਾ ਫਿਰ ਉਡੀਕ ਕਰਨ ਤੋਂ ਬਾਦ ਫ਼ਿਰ ਵਾਰੀ ਆਈ। ਬੈਂਕ ਅੰਦਰ ਵੀ ਬਾਹਰ ਵਾਂਗੂੰ ਘੜਮੱਸ ਵੱਜਿਆ ਪਿਆ ਸੀ, ਸਾਹ ਨਹੀਂ ਸੀ ਆਉਂਦਾ। ਜਿੱਥੋਂ ਕੈਸ਼ ਮਿਲਦਾ ਸੀ ਉਹ ਦੋ ਕੈਬਨ ਸਨ ਪਰ ਲਾਈਨਾਂ ਤਿੰਨ।ਇਕ ਜਨਰਲ, ਦੂਜੀ ਬਜ਼ੁੱਰਗਾਂ ਦੀ ਤੇ ਤੀਜੀ ਮਹਿਲਾਵਾਂ ਦੀ।ਮੈਂ ਕਾਫ਼ੀ ਪਿੱਛੇ ਸੀ।ਹੌਲੀ-ਹੌਲੀ ਜਦੋਂ ਮੈਂ ਅੱਧ ਕੁ ਵਾਟ ਦਾ ਸਫ਼ਰ ਤੈਅ ਕੀਤਾ ਤਾਂ ਮੈਨੂੰ ਕਿਸੇ ਨੇ ਕਿਹਾ, ”ਤੂੰ ਬਜ਼ੁਰਗਾਂ ਦੀ ਲਾਈਨ ‘ਚ ਲੱਗ ਜਾ।” ਭਲਾ ਹੋਵੇ ਉਸਦਾ ਮੈਂ ਉਸ ਲਾਈਨ ‘ਚ ਜਾ ਲੱਗਾ। ਜਗ੍ਹਾ ਤੰਗ, ਭੀੜ ਜਿਆਦਾ, ਤਰ੍ਹਾਂ-ਤਰ੍ਹਾਂ ਦੇ ਬੋਲ, ਕੋਈ ਮੋਦੀ ਨੂੰ ਗਾਲ੍ਹਾਂ ਕੱਢੇ ਕੋਈ ਗੁਣ ਗਾਵੇ ਪਰ ਬਹੁਤੇ ਚੁੱਪ। ਕਹਿੰਦੇ ਚੁੱਪ ‘ਚ ਭਲਾ। ਜਦੋਂ ਬਾਰੀ ਦੇ ਨੇੜੇ ਛੇਵੇਂ-ਸੱਤਵੇਂ ਨੰਬਰ ਤੇ ਆਇਆ ਤਾਂ ਕਿਸੇ ਨੇ ਰੌਲਾ ਪਾ ਦਿੱਤਾ ਕਿ ਕੈਸ਼ ਦੇਣਾ ਬੰਦ ਕਰਤਾ। ਕਰਮਚਾਰੀ ਕੈਬਨ ਛੱਡ ਚਲੇ ਗਏ।ਬਹੁਤ ਦੁੱਖ ਤੇ ਪ੍ਰੇਸ਼ਾਨੀ ਹੋਈ ਕਿ ਸਾਡੀ ਵਾਰੀ ਆਉਣ ਤੇ ਈ ਇਹ ਹੋਣਾ ਸੀ।ਕੰਮ ਠੱਪ ਹੋ ਗਿਆ। ਇਕ ਸਕਿਊਰਟੀ ਵਾਲੇ ਬੰਦੇ ਨੂੰ ਦੱਸਿਆ ਕਿ ਸਾਡਾ ਤਾਂ ਭਾਈ ਕੋਈ ਕਸੂਰ ਨਹੀਂ। ਬੋਲਣ ਵਾਲੇ ਨੂੰ ਸਜਾ ਦੇਣੀ ਚਾਹੀਦੀ ਆ।ਅਸੀ ਸ਼ਾਂਤ ਸੀ ਪਰ ਸਜਾ ਸਾਨੂੰ ਮਿਲ ਰਹੀ ਹੈ।ਸਾਡੀ ਇਸ ਬੇਨਤੀ ਤੇ ਬੈਂਕ ਵਾਲਿਆਂ ਨੂੰ ਕਹਿ ਕਹਾ ਕੇ ਦੁਬਾਰਾ ਕੰਮ ਸ਼ੁਰੂ ਹੋਇਆ।ਸਭ ਦੇ ਚਿਹਰੇ ਟਹਿਕੇ।ਸਭਨਾਂ ਨੇ ਖੁਸ਼ੀ ਇਜ਼ਹਾਰ ਕੀਤਾ। ਸਭ ਤੋਂ ਜਿਆਦਾ ਖੁਸ਼ ਮੈਂ ਕਿਉਂਕਿ ਮੈਂ ਬਾਰੀ ਦੇ ਨੇੜੇ ਆ ਗਿਆ ਸੀ ਅਤੇ ਮੇਰੀ ਵਾਰੀ ਆਉਣ ਵਾਲੀ ਸੀ। ਜਦ ਮੇਰੀ ਵਾਰੀ ਆਈ ਤਾਂ ਮੈਂ ਕਾਪੀ ਅਗਾਂਹ ਕੀਤੀ।ਕਾਪੀ ਚੈਕ ਕਰਕੇ ਵਾਪਸ ਕਰਦਿਆਂ ਕੈਸ਼ੀਅਰ ਬੋਲਿਆ, ‘ਬਾਬਾ ਤੈਨੂੰ ਕੁਝ ਨਹੀਂ ਮਿਲਣਾ, ਤੂੰ ਤਾਂ ਪਹਿਲਾਂ ਹੀ ਰਕਮ ਕਢਵਾ ਚੁੱਕਿਆਂ।’ ਮਨ ਦੁਖੀ ਹੋਇਆ, ਮੇਰੇ ਪੈਸੇ ਤਾਂ ਅਜੇ ਬਾਕੀ ਹਨ।ਕੀ ਹੋਇਆ ਜੇ ਮੈਂ ਰਕਮਾਂ ਏ.ਟੀ.ਐਮ. ਰਾਹੀਂ ਕਢਵਾ ਲਈਆਂ।ਨਿਰਾਸ਼ ਜਿਹਾ ਹੋ ਕੇ ਘਰ ਵਾਪਸ ਆ ਰਿਹਾ ਸੀ।ਲਾਈਨਾਂ ‘ਚ ਲੱਗੇ ਲੋਕ ਮੈਨੂੰ ਸ਼ਾਬਾਸ਼ ਦੇ ਰਹੇ ਸਨ, ”ਲਓ ਬਾਈ! ਬਾਬਾ ਤਾਂ ਨੋਟ ਲੈ ਆਇਆ।’ ਮੈਂ ਕੀ ਦੱਸਾਂ! ਮੇਰਾ ਹਾਲ ਤਾਂ ਬੇਰੰਗ ਬਰਾਤ ਹੋਇਆ। ਕੀ ਦੱਸਾਂ ਤੇ ਕੀ ਨਾ। ਬਾਰਾਂ ਇਕ ਦਾ ਟਾਈਮ ਹੋ ਗਿਆ।ਨਿਰਾਸ਼ ਜਿਹਾ ਹੋ ਕੇ ਘਰ ਵੱਲ ਪਰਤਿਆ। ਜਦੋਂ ਮੈਂ ਸਦਰ ਥਾਨੇ ਕੋਲ ਪੁੱਜਿਆ ਤਾਂ ਮੈਨੂੰ ਇਕ ਦੋਸਤ ਮਿਲਿਆ।ਮੇਰਾ ਹਾਲਚਾਲ ਪੁੱਛਿਆ ਤਾਂ ਮੈਂ ਆਪਣਾ ਹਾਲ-ਚਾਲ ਖੁੱਲ੍ਹ ਕੇ ਦੱਸਿਆ।ਉਸ ਨੇ ਮੈਨੂੰ ਕਿਹਾ ਕਿ ਉਹ ਸਾਹਮਣੇ ਦੇਖ ਏ.ਟੀ ਐਮ ਕੋਲ ਗੱਡੀ ਖੜੀ ਹੈ।ਕੈਸ਼ ਪਾ ਰਹੇ ਹਨ, ਭੀੜ ਵੀ ਘੱਟ ਹੈ। ਲਾਈਨ ‘ਚ ਲੱਗਜਾ ਸ਼ਾਇਦ ਕੰਮ ਬਣਜੇ।
ਮੈਂ ਜਲਦੀ ਨਾਲ ਲਾਈਨ ‘ਚ ਜਾ ਲੱਗਾ।ਏ.ਟੀ.ਐਮ ਵਿੱਚ ਪੈਸੇ ਪਾਉਣ ਤੇ ਪੌਣਾ ਘੰਟਾ ਲੱਗ ਗਿਆ।ਉਸ ਸਮੇਂ ਮਸਾਂ 5-6 ਬੰਦੇ ਤੇ ਮਸਾਂ 3-4-੪ ਔਰਤਾਂ ਸਨ।ਲੋਕਾਂ ਸ਼ੁਕਰ ਕੀਤਾ ਜਦੋਂ ਸ਼ਟਰ ਖੁੱਲ੍ਹਿਆ।ਗਾਰਡ ਨੂੰ ਕਿਹਾ ਕਿ ਏ.ਟੀ.ਐਮ  ਅੰਦਰ ਇਕ ਤੋਂ ਵੱਧ ਬੰਦਾ ਨਹੀਂ ਜਾਣਾ ਚਾਹੀਦਾ ਅਤੇ ਕੋਈ ਇਕ ਤੋਂ ਜਿਆਦਾ ਏ.ਟੀ.ਐਮ ਕਾਰਡ ਦੀ ਵਰਤੋਂ ਨਹੀਂ ਕਰੇਗਾ। ਇਹ ਇਸ ਲਈ ਕਿਹਾ ਕਿ ਕਈ ਚਾਰ-ਚਾਰ ਏ.ਟੀ.ਐਮ ਚੱਕੀ ਫਿਰਦੇ ਸੀ।ਪਹਿਲਾਂ ਦੋ ਜਣੇ ਅੰਦਰ ਗਏ ਪਰ ਉਹਨਾਂ ਨੇ ਕਾਫ਼ੀ ਸਮਾਂ ਲਗਾ ਦਿੱਤਾ, ਅੰਦਰੋਂ ਬਾਹਰ ਹੀ ਨਹੀਂ ਆ ਰਹੇ ਸਨ।ਮੈਨੂੰ ਘਰੋਂ ਫੋਨ ਆਇਆ ਕਿ ਸਵੇਰ ਦਾ ਘਰੋਂ ਨਿਕਲਿਆਂ ਹੈ ਕਿੱਥੇ ਹੈ? ਸਵੇਰ ਦੀ ਰੋਟੀ ਨਹੀਂ ਖਾਧੀ।ਮੈਂ ਦੱਸਿਆ ਭਾਗਵਾਨੇ ਮੈਨੂੰ ਭੁੱਖਾ ਰਹਿਣਾ ਮਨਜ਼ੂਰ ਹੈ, ਜੇ ਆ ਗਿਆ ਤਾਂ ਬੜੀ ਮੁਸ਼ਕਿਲ ਹੋਜੂ।ਲਾਈਨ ਬਹੁਤ ਲੰਮੀ ਹੋ ਚੁੱਕੀ ਹੈ, ਫੇਰ ਕਦ ਵਾਰੀ ਆਊ।ਜਦੋਂ ਅੰਦਰ ਗਏ ਬਾਹਰ ਨਹੀਂ ਆਏ ਤਾਂ ਪਤਾ ਲੱਗਾ ਕਿ ਮਸ਼ੀਨ ਹੀ ਹੌਲੀ ਚਲਦੀ ਹੈ।ਇਕ ਨੇ ਦੱਸਿਆ ਕਿ ਕਿਤੇ ਕਿਤੇ ਕਾਰਡ ਚੱਕਦੀ ਹੈ। ਇਕ ਨੇ ਦੱਸਿਆ ਕਿ ਇੱਕੋ ਵਾਰ 2000 ਰੁਪੈ ਨਹੀਂ ਕੱਢਦੀ, ਪੰਜ-ਪੰਜ ਸੌ ਕਰਕੇ ਕੱਢਦੀ ਹੈ।ਇੱਕ ਘੰਟਾ ਐਵੇਂ ਹੀ ਗੁਜ਼ਰ ਗਿਆ, ਤਾਂ ਕਿਤੇ ਜਾ ਕੇ ਵਾਰੀ ਆਈ।ਕੁੱਝ ਕਹਿੰਦੇ ‘ਕੰਮ ਈ ਭਾਈ ਅਜਿਹਾ ਹੈ, ਟੈਮ ਤਾਂ ਲੱਗਣਾ ਈ ਆ।’ ਮੈਂ ਕਿਹਾ ਬੀ ਮੈਂ ਤਾਂ ਸਿਰਫ਼ ਦੋ ਹਜ਼ਾਰ ਰੁਪੈ ਈ ਕਢਾਉਣੇ ਹਨ।ਮੈਂ ਆਪਣੀ ਵਾਰੀ ਆਉਣ ਤੇ ਕਾਰਡ ਮਸ਼ੀਨ ਵਿੱਚ ਪਾਉਣ ਤੋਂ ਬਾਅਦ ਆਪਣਾ ਕੋਡ ਨੰਬਰ ਭਰਿਆ ‘ਤੇ ਪੈਸੇ ਲੈ ਕੇ ਬਾਹਰ ਆ ਗਿਆ।ਕੁੱਝ ਲੋਕਾਂ ਨੇ ਮੈਨੂੰ ਮਜ਼ਾਕ ‘ਚ ਵਧਾਈ ਦਿੱਤੀ ਤੇ ਮੈਂ ਵੀ ਹੱਸਦਿਆਂ ਵਧਾਈ ਦਿੱਤੀ।ਘਰ ਗਿਆ ਤਾਂ ਅੱਗੋਂ ਮੈਡਮ ਉਡੀਕ ਰਹੀ ਸੀ ਮੈਨੂੰ ਵੇਖ਼ ਕੇ ਕਹਿੰਦੀ ‘ਕੰਮ ਬਣ ਗਿਆ।’ ਮੈਂ ਹਾਂ ਵਿੱਚ ਜਵਾਬ ਦਿੱਤਾ।’ਕਿੰਨੇ ਪੈਸੇ ਮਿਲੇ ? ਮੈਂ ਕਿਹਾ ਦੋ ਹਜ਼ਾਰ ਰੁਪਏ।” ਤਾਂ ਉਸ ਨੇ ਕਿਹਾ ‘ਠੀਕ ਹੈ, ਲਿਆ ਪੰਦਰਾਂ ਸੌ ਮੈਨੂੰ ਦੇ ਦੇ ਸੂਟਾਂ ਵਾਲੇ ਦੇ ਦੇਣੇ ਹਨ।’ ਮੈਂ ੬ ਘੰਟੇ ਪ੍ਰੇਸ਼ਾਨੀ ਝੱਲ ਕੇ ਮਸਾਂ ਖੁਸ਼ੀ ਦਾ ਇਜ਼ਹਾਰ ਕੀਤਾ ਸੀ ਤੇ ਘਰ ਜਾ ਕੇ ਫਿਰ ਉਹੀ ਓ ਖੱਜਲ ਖੁਆਰੀ, ਦੋ ਮਿੰਟਾਂ ‘ਚ ਹੀ ਮੇਰੀ ਖੁਸ਼ੀ ਗਮੀ ਵਿੱਚ ਬਦਲ ਗਈ।ਮੈਂ ਵੀ ਤਾਂ ਬਥੇਰੇ ਪੈਸੇ ਲੋਕਾਂ ਦੇ ਦੇਣੇ ਸਨ।ਲੜਨਾ ਮੈਂ ਨਹੀ ਸੀ ਚਹੁੰਦਾ।ਬੇਵੱਸ ਤੇ ਮਜਬੂਰ ਸਾਂ।ਇਹ ਸੀ ਹਾਲ ਉਸ ਬੰਦੇ ਦਾ ਸੋ ਸੱਜਣੋ! ਕੋਈ ਗੱਲ ਨਹੀਂ।ਥੋੜਾ ਠਹਿਰ ਜਾਓ।ਚੰਗੇ ਦਿਨ ਆਉਣ ਵਾਲੇ ਹਨ।ਕਾਲਾ ਧਨ ਬਾਹਰ ਆ ਰਿਹਾ ਹੈ।ਸ਼ਾਇਦ! ਸਮਾਜ ਦਾ ਭਲਾ ਹੋ ਜਾਵੇ।ਸਬਰ ਕਰੋ।ਸਬਰ ਦਾ ਫ਼ਲ ਮਿੱਠਾ ਹੁੰਦਾ ਹੈ।

chand-singh

ਚੰਦ ਸਿੰਘ
ਸ੍ਰੀ ਮੁਕਤਸਰ ਸਾਹਿਬ
ਮੋ:98553 54206

 

Check Also

ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ

ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ ਸਤਿਕਾਰ …

Leave a Reply