ਮਾਮਲੇ ਦੇ ਹੱਲ ਲਈ ਅੱਜ ਕੁਰਕਸ਼ੇਤਰ ਵਿਖੇ ਪੁੱਜੇਗੀ ਜਥੇਦਾਰ ਵਲੋਂ ਬਣਾਈ ਗਈ ਪੰਥਕ ਸ਼ਖਸ਼ੀਅਤਾਂ ਦੀ ਕਮੇਟੀ
ਅੰਮ੍ਰਿਤਸਰ, 2 ਜੁਲਾਈ ( ਪੰਜਾਬ ਪੋਸਟ ਬਿਊਰੋ)- ਅੱਜ ੨ ਜੁਲਾਈ ੨੦੧੪ ਨੂੰ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਰਹਿਨੁਮਾਈ ਦੇ ਹੇਠ ਹੋਈ ਇਕੱਤਰਤਾ ਵਿਚ ਹਰਿਆਣਾ ਤੋਂ ਜੋ ਸਿੱਖ ਆਗੂ ਦੀਦਾਰ ਸਿੰਘ ਨਲਵੀ, ਜਗਦੀਸ਼ ਸਿੰਘ ਝੀਂਡਾ, ਗੁਰਮੀਤ ਸਿੰਘ (ਤਰਲੋਕੇ ਵਾਲੇ), ਅਪਾਰ ਸਿੰਘ, ਹਰਮਨਜੀਤ ਸਿੰਘ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਚਾਰ ਵਟਾਂਦਰੇ ਲਈ ਬੁਲਾਏ ਗਏ ਸਨ, ਉਹ ਅੱਜ ਸ੍ਰੀ ਅਕਾਲ ਤਖਤ ਸਾਹਿਬ ਨਾ ਪੁੱਜੇ। ਲੇਕਿਨ ਉਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨਾ ਆਉਣ ਬਾਰੇ ਇੱਕ ਪੱਤਰ ਵਿੱਚ ਆਪਣੀ ਮਜਬੂਰੀ ਜਾਹਿਰ ਕੀਤੀ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੋਣ ਲਈ ਵੀ ਲਿਖਿਆ ਹੈ। ਇਸੇ ਦੌਰਾਨ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਹਰਿਆਣੇ ਵਿਚ ਰਹਿਣ ਵਾਲੇ ਸਮੂੰਹ ਸਿੱਖਾਂ ਨੂੰ ਜੋ ਗੁਰੂ-ਗ੍ਰੰਥ ਅਤੇ ਗੁਰੂ-ਪੰਥ ਨੂੰ ਸਮਰਪਿਤ ਹਨ ਤਾਕੀਦ ਕੀਤੀ ਗਈ ਹੈ ਕਿ ਉਹ ਸਿੱਖ ਸ਼ਕਤੀ ਨੂੰ ਖੇਰੂ-ਖੇਰੂ ਕਰਨ ਅਤੇ ਭਰਾ ਮਾਰੂ ਜੰਗ ਵਿਚ ਨਾ ਸ਼ਾਮਿਲ ਹੋਣ। ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਵੰਡੀ ਪਾ ਕੇ ਹਰਿਆਣਾ ਕਮੇਟੀ ਬਣਾਈ ਜਾਂਦੀ ਹੈ ਤਾਂ ਇਸ ਨਾਲ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਾਰੀ ਠੇਸ ਪਹੁੰਚੇਗੀ। ਇਹ ਸੰਸਥਾ ਸਾਡੇ ਬਜੁਰਗਾਂ ਨੇ ਬਹੁਤ ਕੁਰਬਾਨੀਆਂ ਕਰਕੇ, ਜੇਲ੍ਹਾਂ ਕੱਟ ਕੇ ਅੰਗਰੇਜ਼ ਸਾਮਰਾਜ ਵੇਲੇ ਹੋਂਦ ਵਿਚ ਲਿਆਂਦੀ ਸੀ, ਜਿਸ ਵਿਚ ਦੁਨੀਆਂ ਭਰ ਵਿਚ ਵੱਸਣ ਵਾਲੇ ਸਿੱਖ ਹਰ ਮੁਸ਼ਕਿਲ ਦੀ ਘੜੀ ਵਿਚ ਇਸ ਵੱਲ ਦੇਖਦੇ ਹਨ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਕਤੀ ਨੂੰ ਬਣਾਈ ਰੱਖਣ ਲਈ ਇਸ ਦੀ ਵੰਡ ਕਰਨ ਵਾਲਿਆਂ ਨੂੰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਤਾੜਨਾ ਕਰਦੇ ਹੋਏ ਕਿਹਾ ਹੈ ਕਿ ਕਾਂਗਰਸ ਦੀ ਇਸ ਭਰਾ ਮਾਰੂ ਜੰਗ ਤੋਂ ਬਚਣ ਲਈ ਸਮੂੰਹ ਸਿੱਖਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਚੇਤ ਕੀਤਾ ਜਾਂਦਾ ਹੈ ਕਿ ਇਸ ਦਾ ਸਾਥ ਨਾ ਦੇਣ।
ਹਰਿਆਣਾ ਦੇ ਇਸ ਮਾਮਲੇ ਨੂੰ ਹੱਲ ਕਰਨ ਸਿੰਘ ਸਾਹਿਬ ਨੇ ਇੱਕ ਕਮੇਟੀ ਨੀਯਤ ਕੀਤੀ ਹੈ, ਜੋ ਹਰਿਆਣੇ ਦੇ ਸਿੱਖਾਂ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਕਰਨ ਲਈ 3 ਜੁਲਾਈ 2014 ਨੂੰ ਗੁਰਦੁਆਰਾ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਭੇਜੀ ਜਾਵੇਗੀ। ਜਿਸ ਵਿੱਚ ਬਾਬਾ ਹਰਨਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ (ਪ੍ਰਧਾਨ ਸੰਤ ਸਮਾਜ), ਬਾਬਾ ਬਲਬੀਰ ਸਿੰਘ (ਮੁਖੀ ਬੁੱਢਾ ਦਲ), ਸੰਤ ਤੇਜਾ ਸਿੰਘ ਐਮ ਏ, ਖੁੱਡਾ, ਸੰਤ ਰਾਮ ਸਿੰਘ ਜੀ ਸੀਘੜਾ (ਕਰਨਾਲ), ਸੰਤ ਬਾਬਾ ਜੋਗਾ ਸਿੰਘ (ਕਰਨਾਲ), ਸੁਖਦੇਵ ਸਿੰਘ ਭੌਰ (ਜਨਰਲ ਸਕੱਤਰ), ਰਜਿੰਦਰ ਸਿੰਘ ਮਹਿਤਾ (ਮੈਂਬਰ, ਅੰਤ੍ਰਿੰਗ ਕਮੇਟੀ), ਕਰਨੈਲ ਸਿੰਘ ਪੰਜੌਲੀ (ਮੈਂਬਰ, ਅੰਤ੍ਰਿੰਗ ਕਮੇਟੀ), ਦਿਆਲ ਸਿੰਘ ਕੋਲਿਆਂਵਾਲੀ (ਮੈਂਬਰ, ਅੰਤ੍ਰਿੰਗ ਕਮੇਟੀ), ਦਲਮੇਘ ਸਿੰਘ (ਸਕੱਤਰ, ਸ਼੍ਰੋਮਣੀ ਕਮੇਟੀ) ਆਦਿ ਮੈਂਬਰ ਸ਼ਾਮਲ ਕੀਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਿਕ ਇਹ ਕਮੇਟੀ ਮੈਂਬਰ 3.7.2014 ਨੂੰ ਗੁਰਦੁਆਰਾ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਪਹੁੰਚ ਕੇ ਹਰਿਆਣਾ ਵਿਚ ਵਸਦੇ ਸਿੱਖਾਂ ਦੇ ਪ੍ਰਤੀਨਿਧਾ ਨਾਲ ਗੱਲਬਾਤ ਕਰਨਗੇ। ਜਿਹੜੇ ਪੰਜ ਪ੍ਰਤੀਨਿਧ ਹਰਿਆਣੇ ਵਿਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੁਲਾਏ ਗਏ ਸਨ, ਉਨ੍ਹਾਂ ਨੂੰ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਇਸ ਕਮੇਟੀ ਨਾਲ ਸੰਪਰਕ ਬਣਾਉਣ ਲਈ 3.7.2014 ਨੂੰ ਸਵੇਰੇ 11-00 ਵਜੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿਖੇ ਜਰੂਰ ਪਹੁੰਚਣ।