21 ਜਨਵਰੀ ਨੂੰ ਸਨਮਾਨ `ਤੇ ਵਿਸ਼ੇਸ਼
ਗੁਰਭਜਨ ਗਿੱਲ ਪੰਜਾਬੀ ਸਾਹਿਤ, ਸੱਭਿਆਚਾਰ, ਕਲਾ ਤੇ ਖੇਡ ਖੇਤਰ ਦੀ ਜਾਣੀ ਪਹਿਚਾਣੀ ਸਖਸ਼ੀਅਤ ਹੈ, ਜਿਸ ਨੇ ਹਰ ਵਰਗ ਵਿੱਚ ਆਪਣੀ ਗੂੜ੍ਹੀ ਪਛਾਣ ਬਣਾਈ ਹੈ।ਸਾਹਿਤ ਦੇ ਖੇਤਰ ਵਿੱਚ ਭਾਵੇਂ ਉਨ੍ਹਾਂ ਦੀ ਪਛਾਣ ਕਵੀ ਤੌਰ `ਤੇ ਹੈ, ਪ੍ਰੰਤੂ ਅਜੋਕੇ ਦੌਰ ਵਿੱਚ ਵੱਟਸ ਐਪ ਉਪਰ ਉਨ੍ਹਾਂ ਵਲੋਂ ਭੇਜੇ ਜਾਂਦੇ ਸੰਦੇਸ਼ ਵਾਰਤਕ ਦਾ ਉਤਮ ਨਮੂਨਾ ਹੁੰਦੇ ਹਨ।ਪੰਜਾਬੀ ਸਾਹਿਤ ਜਗਤ ਨੂੰ 13 ਕਾਵਿ ਸ੍ਰੰਗਹਿ ਦੇਣ ਵਾਲੇ ਸ਼੍ਰੋਮਣੀ ਪੰਜਾਬੀ ਕਵੀ ਗੁਰਭਜਨ ਗਿੱਲ ਨੇ ਗੀਤ, ਗ਼ਜ਼ਲ ਤੇ ਕਵਿਤਾ ਦੇ ਖੇਤਰ ਵਿੱਚ ਤਾਂ ਝੰਡੇ ਗੱਡੇ ਹੀ ਹਨ, ਪ੍ਰੰਤੂ ਜੇਕਰ ਵਾਰਤਕ ਖੇਤਰ ਵਿੱਚ ਨਿੱਤਰ ਆਉਣ ਤਾਂ ਇਥੇ ਵੀ ਉਹ ਸਿਖਰਾਂ ਨੂੰ ਛੂਹਣ।ਗੁਰਭਜਨ ਗਿੱਲ ਦੀ ਸ਼ਾਇਰੀ ਕੁਦਰਤ, ਸਮਾਜਿਕ ਸਰੋਕਾਰਾਂ ਦੇ ਬਹੁਤ ਨੇੜੇ ਹੈ।ਅਣਜੰਮੀ ਧੀਅ ਦੀ ਗਾਥਾ ਸੁਣਾਉਂਦੀ ਕਵਿਤਾ `ਲੋਰੀ` ਨੇ ਗੁਰਭਜਨ ਗਿੱਲ ਨੂੰ ਸਮਾਜ ਵਿੱਚ ਸਭ ਤੋਂ ਸਨਮਾਨ ਦਿਵਾਇਆ ਹੈ, ਜਿਥੇ ਉਨ੍ਹਾਂ ਭਰੂਣ ਹੱਤਿਆ ਜਿਹੀ ਲਾਹਨਤ ਨੂੰ ਆਪਣੇ ਸ਼ਬਦਾਂ ਨਾਲ ਬਿਆਨ ਕੀਤਾ ਹੈ।
ਗੁਰਭਜਨ ਗਿੱਲ ਦਾ ਜਨਮ ਸਰਹੱਦੀ ਜ਼ਿਲੇ ਗੁਰਦਾਸਪੁਰ ਦੀ ਤਹਿਸੀਲ ਡੇਰਾ ਬਾਬਾ ਨਾਨਕ ਦੇ ਪਿੰਡ ਬਸੰਤ ਕੋਟ ਵਿਖੇ 1953 ਨੂੰ ਹੋਇਆ।ਪਿਤਾ ਸ. ਹਰਨਾਮ ਸਿੰਘ ਤੇ ਮਾਤਾ ਤੇਜ ਕੌਰ ਦੇ ਸਭ ਤੋਂ ਛੋਟੇ ਪੁੱਤਰ ਗੁਰਭਜਨ ਗਿੱਲ ਨੂੰ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਸਰਪ੍ਰਸਤੀ ਘਰੋਂ ਹੀ ਮਿਲੀ। ਸਭ ਤੋਂ ਵੱਡੀ ਭੈਣ ਪ੍ਰਿੰਸੀਪਲ ਮਨਜੀਤ ਕੌਰ, ਵੱਡੇ ਭਰਾ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਤੇ ਪ੍ਰੋ. ਸੁਖਵੰਤ ਸਿੰਘ ਗਿੱਲ ਦੀ ਮਿਲੀ ਸੇਧ ਨੇ ਗੁਰਭਜਨ ਗਿੱਲ ਦੀ ਲਿਆਕਤ ਦੀ ਨੀਂਹ ਅਜਿਹੀ ਮਜ਼ਬੂਤ ਕੀਤੀ ਕਿ ਹੁਣ ਉਹ ਪੰਜਾਬੀ ਸਾਹਿਤ, ਸੱਭਿਆਚਾਰ, ਖੇਡਾਂ, ਪੰਜਾਬੀਅਤ ਅਤੇ ਪੰਜਾਬੀ ਰਹਿਣੀ-ਸਹਿਣੀ ਦਾ ਵੱਡਾ ਬੋਹੜ ਦਾ ਦਰਖੱਤ ਬਣ ਗਿਆ।ਗੁਰਭਜਨ ਗਿੱਲ ਨੇ ਪ੍ਰਾਇਮਰੀ ਦੀ ਸਿੱਖਿਆ ਪਿੰਡ ਦੇ ਹੀ ਸਕੂਲੋਂ ਪ੍ਰਾਪਤ ਕੀਤੀ ਅਤੇ ਦਸਵੀਂ ਦੀ ਪੜ੍ਹਾਈ ਧਿਆਨ ਪੁਰੋਂ ਕੀਤੀ।ਗਿਆਰਵੀਂ ਤੇ ਬਾਰ੍ਹਵੀਂ ਕਾਲਾ ਅਫਗਾਨਾ ਕਾਲਜ ਤੋਂ ਕਰਨ ਤੋਂ ਬਾਅਦ ਗੁਰਭਜਨ ਗਿੱਲ ਨੇ ਦੋ ਦਰਿਆਵਾਂ ਬਿਆਸ ਤੇ ਸਤਲੁਜ ਨੂੰ ਪਾਰ ਕਰਦਿਆਂ ਲੁਧਿਆਣਾ ਦੇ ਜੀ.ਜੀ.ਐਨ. ਖਾਲਸਾ ਕਾਲਜਾ ਵਿੱਚ ਬੀ.ਏ ਦੀ ਪੜ੍ਹਾਈ ਲਈ ਦਾਖਲਾ ਲੈ ਲਿਆ।ਇਹ ਗੁਰਭਜਨ ਗਿੱਲ ਦੀ ਜ਼ਿੰਦਗੀ ਦਾ ਅਹਿਮ ਮੋੜ ਸਾਬਤ ਹੋਇਆ ਜਿੱਥੇ ਉਨ੍ਹਾਂ ਦੇ ਸੁਫ਼ਨਿਆਂ ਨੂੰ ਪਰਵਾਜ਼ ਮਿਲੀ।ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਸਾਹਿਤ ਤੇ ਸੱਭਿਆਚਾਰ ਦਾ ਵੀ ਗੜ੍ਹ ਸੀ ਜਿੱਥੇ ਗੁਰਭਜਨ ਗਿੱਲ ਨੂੰ ਗੁਰੂ ਵਜੋਂ ਡਾ.ਐਸ.ਪੀ. ਸਿੰਘ ਦੀ ਸ਼ਾਗਿਰਦੀ ਅਤੇ ਮਿੱਤਰ ਵਜੋਂ ਸ਼ਮਸ਼ੇਰ ਸੰਧੂ ਦੀ ਦੋਸਤੀ ਦਾ ਸਾਥ ਮਿਲਿਆ।ਸਰਕਾਰੀ ਕਾਲਜ ਲੁਧਿਆਣਾ ਤੋਂ ਪੰਜਾਬੀ ਦੀ ਐਮ.ਏ ਕਰਦਿਆਂ ਗੁਰਭਜਨ ਗਿੱਲ ਨੇ ਰਸਮੀ ਸਿੱਖਿਆ ਤਾਂ ਹਾਸਲ ਕੀਤੀ ਹੈ ਸਗੋਂ ਸਾਹਿਤ ਦੀ ਲੱਗੀ ਚੇਟਕ ਕਾਰਨ ਆਪਣੇ ਸਾਹਿਤਕ ਸ਼ੌਂਕਾਂ ਨੂੰ ਪੂਰਾ ਕੀਤਾ।1975 ਵਿੱਚ ਕਾਲਜ ਦੀ ਪੜ੍ਹਾਈ ਦੌਰਾਨ ਗੁਰਭਜਨ ਗਿੱਲ ਨੂੰ ਪਹਿਲਾ ਸਨਮਾਨ `ਸ਼ਿਵ ਕੁਮਾਰ ਬਟਾਲਵੀ ਗੋਲਡ ਮੈਡਲ` ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਦਿੱਤਾ ਗਿਆ।ਪਿੰਡ ਬਸੰਤ ਕੋਟ ਦੇ ਪ੍ਰਾਇਮਰੀ ਸਕੂਲ ਤੋਂ ਪੜ੍ਹਾਈ ਦਾ ਸਫਰ ਸ਼ੁਰੂ ਹੋਇਆ ਜੋ ਧਿਆਨਪੁਰ, ਕਾਲਾ ਅਫਗਾਨਾ ਹੁੰਦਾ ਹੋਇਆ ਲੁਧਿਆਣਾ ਦੇ ਦੋ ਕਾਲਜਾਂ ਵਿੱਚ ਸਿੱਖਿਆ ਹਾਸਲ ਕਰਨ ਉਪਰੰਤ ਪੂਰਾ ਹੋਇਆ।
ਗੁਰਭਜਨ ਗਿੱਲ ਨੇ ਪੜ੍ਹਾਈ ਪੂਰੀ ਕਰਦਿਆਂ 1976 ਵਿੱਚ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਅਧਿਆਪਨ ਦੇ ਕਿੱਤੇ ਨੂੰ ਅਪਣਾਇਆ। ਦੋਰਾਹਾ ਕਾਲਜ ਵਿਖੇ ਇਕ ਸਾਲ ਸੇਵਾ ਨਿਭਾਉਣ ਤੋਂ ਬਾਅਦ ਲਾਜਪਤ ਰਾਏ ਮੈਮੋਰੀਅਲ ਜਗਰਾਉਂ ਵਿਖੇ 1977 ਤੋਂ 1983 ਤੱਕ ਛੇ ਸਾਲ ਪੜ੍ਹਾਇਆ।ਇਸ ਦੌਰਾਨ 1978 ਵਿੱਚ ਉਨ੍ਹਾਂ ਦਾ ਪਹਿਲੀ ਪੁਸਤਕ `ਸ਼ੀਸ਼ਾ ਝੂਠ ਬੋਲਦਾ ਹੈ` ਪ੍ਰਕਾਸ਼ਿਤ ਹੋਈ। 1979 ਵਿੱਚ ਉਨ੍ਹਾਂ ਨੂੰ `ਭਾਈ ਵੀਰ ਸਿੰਘ ਐਵਾਰਡ` ਨਾਲ ਸਨਮਾਨਿਆ ਗਿਆ।ਗੁਰਭਜਨ ਗਿੱਲ ਨੇ ਅਪ੍ਰੈਲ 1983 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸੀਨੀਅਰ ਸੰਪਾਦਕ (ਪੰਜਾਬੀ) ਵਜੋਂ ਨੌਕਰੀ ਜੁਆਇਨ ਕੀਤੀ ਅਤੇ ਆਪਣੀ ਇਸ ਸਰਵਿਸ ਦੌਰਾਨ ਉਨ੍ਹਾਂ ਸਾਹਿਤ ਖੇਤਰ ਦੀਆਂ ਸਿਖਰਾਂ ਛੋਹੀਆਂ।ਸਾਹਿਤ ਦੇ ਨਾਲ ਕਲਾ, ਸੱਭਿਆਚਾਰ, ਖੇਡਾਂ ਸਮੇਤ ਹਰ ਖੇਤਰ ਵਿੱਚ ਗੁਰਭਜਨ ਗਿੱਲ ਨੇ ਵੱਡੇ ਮੀਲ ਪੱਥਰ ਸਥਾਪਤ ਕੀਤੇ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਦਾ ਘੇਰਾ ਸਮਾਜ ਦੇ ਹਰ ਵਰਗ ਤੱਕ ਪਹੁੰਚਿਆ।ਵਿਦਿਆਰਥੀ, ਖਿਡਾਰੀ, ਪੱਤਰਕਾਰ, ਸਾਹਿਤਕਾਰ, ਕਲਾਕਾਰ, ਕਿਸਾਨ, ਅਫਸਰ, ਸਮਾਜ ਸੇਵੀ ਤੇ ਰਾਜਨੀਤਿਕ ਸਖਸ਼ੀਅਤਾਂ ਹਰ ਕੋਈ ਉਨ੍ਹਾਂ ਨੂੰ ਨਾ ਕੇਵਲ ਜਾਣਦਾ ਸੀ, ਸਗੋਂ ਇਸ ਖੇਤਰ ਦਾ ਹਰ ਵੱਡਾ ਉਨ੍ਹਾਂ ਨੂੰ ਪਿਆਰ ਕਰਦਾ ਅਤੇ ਛੋਟਾ ਸਤਿਕਾਰ ਕਰਦਾ।ਇਸ ਦੌਰਾਨ ਗੁਰਭਜਨ ਗਿੱਲ ਨੇ 9 ਪੁਸਤਕਾਂ (ਹਰ ਧੁਖਦਾ ਪਿੰਡ ਮੇਰਾ ਹੈ, ਬੋਲ ਮਿਟੀ ਦਿਆ ਬਾਵਿਆ, ਅਗਨ ਕਥਾ, ਧਰਤੀ ਨਾਦ, ਖੈਰ ਪੰਜਾਂ ਪਾਣੀਆਂ ਦੀ, ਫੁੱਲਾਂ ਦੀ ਝਾਂਜਰ, ਪਾਰਦਰਸ਼ੀ, ਮੋਰ ਪੰਖ ਤੇ ਮਨ ਤੰਦੂਰ) ਲਿਖੀਆਂ।ਸਾਹਿਤਕ ਖੇਤਰ ਦੀ ਸਭ ਤੋਂ ਵੱਡੀ ਸੰਸਥਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਉਹ ਚਾਰ ਸਾਲ 2010 ਤੋਂ 2014 ਤੱਕ ਪ੍ਰਧਾਨ ਰਹੇ ਅਤੇ ਇਸ ਕਾਰਜਕਾਲ ਦੌਰਾਨ ਲਾਮਿਸਾਲ ਕੰਮ ਕੀਤੇ।ਅਕੈਡਮੀ ਦਾ ਦਾਇਰਾ ਹੋਰ ਵੱਡਾ ਕੀਤਾ।ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਸਮੇਤ ਵੱਖ-ਵੱਖ ਅਹੁਦਿਆਂ `ਤੇ ਗੁਰਭਜਨ ਗਿੱਲ ਨੇ 20 ਸਾਲ ਸੇਵਾਵਾਂ ਨਿਭਾਈਆਂ ਹਨ।ਚਾਰ ਸਾਲ ਕਾਰਜਕਾਰਨੀ ਮੈਂਬਰ, 6 ਸਾਲ ਮੀਤ ਪ੍ਰਧਾਨ, 6 ਸਾਲ ਸੀਨੀਅਰ ਮੀਤ ਪ੍ਰਧਾਨ ਅਤੇ ਫੇਰ 4 ਸਾਲ ਪ੍ਰਧਾਨ ਦੀਆਂ ਸੇਵਾਵਾਂ ਨਿਭਾਉਣ ਵਾਲੇ ਗੁਰਭਜਨ ਗਿੱਲ ਨੇ ਅਕੈਡਮੀ ਨੂੰ ਹਰ ਪੜਾਅ `ਤੇ ਸੇਵਾਵਾਂ ਦਿੱਤੀਆਂ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸੇਵਾਵਾਂ ਨਿਭਾਉਣ ਦੇ ਨਾਲੋ-ਨਾਲ ਉਹ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਲੁਧਿਆਣਾ ਦੇ ਸਕੱਤਰ ਜਨਰਲ ਵੀ ਰਹੇ ਜਿੱਥੇ ਉਨ੍ਹਾਂ ਪੰਜਾਬੀ ਸੱਭਿਆਚਾਰ ਦੇ ਭੀਸ਼ਮ ਪਿਤਾਮਾ ਸਵ. ਜਗਦੇਵ ਸਿੰਘ ਜੱਸੋਵਾਲ ਦੇ ਮੋਢੇ ਨਾਲ ਮੋਢਾ ਜੋੜ ਕੇ ਪ੍ਰੋ. ਮੋਹਨ ਸਿੰਘ ਮੇਲੇ ਨੂੰ ਕੌਮਾਂਤਰੀ ਪ੍ਰਸਿੱਧੀ ਦਿਵਾਈ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਤੀਹ ਸਾਲ ਸੇਵਾਵਾਂ ਨਿਭਾਉਣ ਤੋਂ ਬਾਅਦ ਮਈ 2013 ਵਿੱਚ ਸੇਵਾ ਮੁਕਤੀ ਤੋਂ ਬਾਅਦ ਗੁਰਭਜਨ ਗਿੱਲ ਨੇ ਮਾਲਵੇ ਦੇ ਧੁਰ ਅੰਦਰ ਬਠਿੰਡਾ ਜ਼ਿਲੇ ਵਿੱਚ ਸਥਿਤ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਡਾਇਰੈਕਟਰ (ਯੋਜਨਾ ਤੇ ਵਿਕਾਸ) ਵਜੋਂ ਇਕ ਸਾਲ ਸੇਵਾਵਾਂ ਨਿਭਾਈਆਂ।
ਫਰਵਰੀ 2014 ਤੋਂ ਬਾਅਦ ਗੁਰਭਜਨ ਗਿੱਲ ਭਾਵੇਂ ਨੌਕਰੀ ਦੀਆਂ ਸੇਵਾਵਾਂ ਤੋਂ ਪੂਰੀ ਤਰ੍ਹਾਂ ਵਿਹਲੇ ਹੋ ਗਏ ਪ੍ਰੰਤੂ ਵੱਖ-ਵੱਖ ਖੇਤਰਾਂ ਵਿੱਚ ਸਰਗਰਮੀ ਅਤੇ ਸਾਹਿਤਕ ਗਤੀਵਿਧੀਆਂ ਨੂੰ ਹੋਰ ਵਧਾ ਦਿੱਤਾ।ਇਸ ਸਮੇਂ ਦੌਰਾਨ ਉਨ੍ਹਾਂ ਨੇ ਤਿੰਨ ਪੁਸਤਕਾਂ ਹੋਰ ਲਿਖੀਆਂ ਜਿਨ੍ਹਾਂ ਦੇ ਟਾਈਟਲ ਗੁਲਨਾਰ, ਮਿਰਗਾਵਲੀ ਤੇ ਰਾਵੀ ਸਨ।ਆਪਣੇ ਸਾਹਿਤਕ ਖੇਤਰ ਵਿੱਚ ਉਨ੍ਹਾਂ ਪੰਜ ਪੁਸਤਕਾਂ (ਸੁਰਖ ਸਮੁੰਦਰ, ਦੋ ਹਰਫ਼ ਰਸੀਦੀ, ਮਨ ਦੇ ਬੂਹੇ ਬਾਰੀਆਂ, ਤਾਰਿਆਂ ਨਾਲ ਗੱਲਾਂ ਕਰਦਿਆਂ ਤੇ ਪਿੱਪਲ ਪੱਤੀਆਂ) ਸੰਪਾਦਿਤ ਵੀ ਕੀਤੀਆਂ ਅਤੇ ਤੇਜ ਪ੍ਰਤਾਪ ਸਿੰਘ ਸੰਧੂ ਦੀਆਂ ਤਸਵੀਰਾਂ ਵਾਲੀ ਪੁਸਤਕ `ਕੈਮਰੇ ਦੀ ਅੱਖ ਬੋਲਦੀ` ਲਈ ਵੀ ਸ਼ਬਦ ਲਿਖੇ।
ਮਾਣ-ਸਨਮਾਨਾਂ ਤੇ ਐਵਾਰਡਾਂ ਦੀ ਗੱਲ ਕਰੀਏ ਤਾਂ ਗੁਰਭਜਨ ਗਿੱਲ ਨੂੰ ਪੰਜਾਬ ਸਰਕਾਰ ਵੱਲੋਂ 2013 ਵਿੱਚ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ, 2005 ਵਿੱਚ ਬਲਵਿੰਦਰ ਰਿਸ਼ੀ ਮੈਮੋਰੀਅਲ ਗ਼ਜ਼ਲ ਐਵਾਰਡ ਤੇ ਸੁਰਜੀਤ ਰਾਮਪੁਰੀ ਐਵਾਰਡ, 2003 ਵਿੱਚ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਮੈਮੋਰੀਅਲ ਗੋਲਡ ਮੈਡਲ ਟੋਰੰਟੋ (ਕੈਨੇਡਾ) ਤੇ ਸਫ਼ਦਰ ਹਾਸ਼ਮੀ ਲਿਟਰੇਰੀ ਐਵਾਰਡ, 2002 ਵਿੱਚ ਐਸ.ਐਸ.ਮੀਸ਼ਾ ਐਵਾਰਡ, ਗਿਆਨੀ ਸੁੰਦਰ ਸਿੰਘ ਐਵਾਰਡ ਤੇ ਪ੍ਰੋ. ਪੂਰਨ ਸਿੰਘ ਐਵਾਰਡ, 1998 ਵਿੱਚ ਬਾਵਾ ਬਲਵੰਤ ਐਵਾਰਡ ਅਤੇ 1992 ਵਿੱਚ ਸ਼ਿਵ ਕੁਮਾਰ ਬਟਾਲਵੀ ਐਵਾਰਡ ਨਾਲ ਸਨਮਾਨਿਆ ਗਿਆ।
ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਤੇ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਲੁਧਿਆਣਾ ਤੋਂ ਇਲਾਵਾ ਗੁਰਭਜਨ ਗਿੱਲ ਅਨੇਕਾਂ ਸੰਸਥਾਵਾਂ ਦੇ ਅਹੁੱਦੇਦਾਰ ਹਨ, ਜਿਨ੍ਹਾਂ ਨੂੰ ਇਨ੍ਹਾਂ ਨੇ ਨਵੀਂ ਦਿਸ਼ਾ ਤੇ ਦਸ਼ਾ ਦਿੰਦਿਆਂ ਅਹਿਮ ਕੰਮ ਕੀਤੇ।
ਪਹਿਲਾਂ ਕਿਲ੍ਹਾਰਾਏਪੁਰ ਫਿਰ ਗੁੱਜਰਵਾਲ (ਲੁਧਿਆਣਾ) ਮਾਝੇ ਦੀਆਂ ਪ੍ਰਸਿੱਧ ਖੇਡਾਂ ਅਤੇ ਹੁਣ ਪਿਛਲੇ ਲੰਮੇ ਅਰਸੇ ਤੋਂ ਓਲੰਪਿਕ ਚਾਰਟਰ ਵਾਲੀਆਂ ਇਕਲੌਤੀਆਂ ਕਮਲਜੀਤ ਖੇਡਾਂ ਕੋਟਲਾ ਸ਼ਾਹੀਆ ਦੀ ਪ੍ਰਬੰਧਕੀ ਸੰਸਥਾ ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਦੇ ਉਹ ਚੇਅਰਮੈਨ ਹਨ, ਜਿਨ੍ਹਾਂ ਨੇ 27 ਸਾਲਾਂ ਤੋਂ ਸਫਲਤਾਪੂਰਵਕ ਖੇਡਾਂ ਕਰਵਾਈਆਂ ਹਨ।
ਉਹ 2012 ਤੋਂ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ, ਬੱਸੀਆਂ (ਰਾਏਕੋਟ) ਦੇ ਚੇਅਰਮੈਨ ਚੱਲੇ ਹਨ ਜਿਨ੍ਹਾਂ ਦੀ ਅਗਵਾਈ ਹੇਠ ਬੱਸੀਆਂ ਕੋਠੀਆਂ ਵਿਖੇ ਖਾਲਸਾ ਰਾਜ ਦੇ ਆਖਰੀ ਪ੍ਰਭੂਸੱਤਾ ਸੰਪੰਨ ਮਹਾਰਾਜਾ ਦਲੀਪ ਸਿੰਘ ਦੀ ਅਦੁੱਤੀ ਯਾਦਗਾਰ ਬਣੀ।ਇਸ ਤੋਂ ਇਲਾਵਾ ਉਹ 1987 ਤੋਂ ਪੰਜਾਬੀ ਲੋਕ ਵਿਰਾਸਤ ਅਕੈਡਮੀ ਇੰਟਰਨੈਸ਼ਨਲ ਪੰਜਾਬ ਦੇ ਮੋਢੀ ਚੇਅਰਮੈਨ, ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਸਰਪ੍ਰਸਤ, ਸਰਦਾਰ ਸ਼ੋਭਾ ਸਿੰਘ ਮੈਮੋਰੀਅਲ ਫਾਊਂਡੇਸ਼ਨ ਸ੍ਰੀ ਹਰਗੋਬਿੰਦਪੁਰ (ਗੁਰਦਾਸਪੁਰ) ਦੇ ਸਰਪ੍ਰਸਤ, ਸੱਭਿਆਚਾਰਕ ਸੱਥ ਪੰਜਾਬ ਦੇ ਸਰਪ੍ਰਸਤ ਅਤੇ 2016 ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਫੈਲੋ ਹਨ।
ਗੁਰਭਜਨ ਗਿੱਲ ਦਾ ਦਾਇਰਾ ਪੰਜਾਬ ਤੋਂ ਬਾਹਰ ਕੌਮੀ ਅਤੇ ਕੌਮਾਂਤਰੀ ਪੱਧਰ `ਤੇ ਵੀ ਫੈਲਿਆ ਹੋਇਆ ਹੈ।ਮਹਾਂਰਾਸ਼ਟਰ ਵਿਖੇ ਭਗਤ ਨਾਮਦੇਵ ਜੀ ਦੀ ਯਾਦ ਵਿੱਚਪੂਨਾ ਵਿਖੇ ਹੋਏ ਵਿਸ਼ਵ ਸੰਮੇਲਨ ਅਤੇ ਕੋਲਕਾਤਾ ਵਿਖੇ ਗੁਰੂਦੇਵ ਰਾਬਿੰਦਰਨਾਥ ਟੈਗੋਰ ਦੀਆਂ ਸਮੁੱਚੀਆਂ ਰਚਨਾਵਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰ ਕੇ 12 ਪੁਸਤਕਾਂ ਦਾ ਸੰਪੂਰਨ ਸੈੱਟ ਛਾਪਣ ਤੇ ਸ਼ਾਂਤੀ ਨਿਕੇਤਨ ਵਿਖੇ ਲੋਕ ਅਰਪਨ ਕਰਨ ਵਿੱਚ ਪ੍ਰਧਾਨ ਪੰਜਾਬੀ ਸਾਹਿੱਤ ਅਕੈਡਮੀ ਵਜੋਂ ਅਹਿਮ ਭੂਮਿਕਾ ਨਿਭਾਈ।
ਸਰੀ (ਕੈਨੇਡਾ) ਵਿਖੇ ਸੁੱਖੀ ਬਾਠ ਜੀ ਤੋਂ ਪੰਜਾਬ ਭਵਨ ਨੂੰ ਬਣਵਾਉਣ ਵਿੱਚ ਉਨਾਂ ਦੀ ਦੂਰਦ੍ਰਿਸ਼ਟੀ ਪ੍ਰਮੁੱਖ ਸੀ।ਭਾਰਤ ਪਾਕ ਦੇ ਲਗਪਗ 120 ਚੋਟੀ ਦੇ ਸਾਹਿਤਕਾਰਾਂ, ਗਾਇਕਾਂ, ਚਿਤਰਕਾਰਾਂ ਤੇ ਸੰਗੀਤਕਾਰਾਂ ਦੀਆਂ ਤਸਵੀਰਾਂ ਸਥਾਪਤ ਕਰਨ ਵਿੱਚ ਅਹਿਮ ਰੋਲ ਨਿਭਾਇਆ।ਉਹ ਹੁਣ ਤੱਕ ਕੈਨੇਡਾ, ਅਮਰੀਕਾ, ਇੰਗਲੈਂਡ, ਪਾਕਿਸਤਾਨ ਤੇ ਜਰਮਨੀ ਦੇ ਦੌਰੇ ਕਰ ਚੁੱਕੇ ਹਨ।ਵੱਖ-ਵੱਖ ਟੀ.ਵੀ ਚੈਨਲਾਂ ਉਪਰ ਪੰਜਾਬ, ਪੰਜਾਬੀ, ਪੰਜਾਬੀਅਤ ਨਾਲ ਜੁੜੇ ਹਰ ਸਾਹਿਤਕ, ਸਮਾਜਿਕ, ਸੱਭਿਆਚਾਰਕ ਮੁੱਦੇ ਉਪਰ ਹੁੰਦੀਆਂ ਬਹਿਸਾਂ ਵਿੱਚ ਉਨ੍ਹਾਂ ਨੂੰ ਵਿਸ਼ੇਸ਼ ਤੌਰ `ਤੇ ਬੁਲਾਇਆ ਜਾਂਦਾ ਹੈ।ਵੱਖ-ਵੱਖ ਥਾਂਈਂ ਹੁੰਦੇ ਸੈਮੀਨਾਰਾਂ, ਗੋਸ਼ਟੀਆਂ, ਸੰਮੇਲਨਾਂ ਅਤੇ ਵਿਚਾਰ ਚਰਚਾਵਾਂ ਦੀ ਗੱਲ ਕਰੀਏ ਤਾਂ ਗੁਰਭਜਨ ਗਿੱਲ ਵੱਲੋਂ ਦਿੱਤੇ ਗਏ ਭਾਸ਼ਣਾਂ ਦੀ ਵੱਡੀ ਗਿਣਤੀ ਹੈ।ਹਰਫਨਮੌਲਾ ਸਖਸ਼ੀਅਤ ਗੁਰਭਜਨ ਗਿੱਲ ਪੰਜਾਬੀ ਸਾਹਿਤ, ਸੱਭਿਆਚਾਰ ਦਾ ਉਹ ਸਰਵਣ ਪੁੱਤ ਹੈ ਜਿਸ ਨੇ ਹਰ ਪੜਾਅ, ਮੁਹਾਜ਼ ਅਤੇ ਥਾਂ `ਤੇ ਪੰਜਾਬੀ ਮਾਂ ਬੋਲੀ, ਪੰਜਾਬੀ ਸੱਭਿਆਚਾਰ, ਪੰਜਾਬੀ ਰਹਿਣੀ-ਸਹਿਣੀ ਅਤੇ ਪੰਜਾਬ ਦੀਆਂ ਖੇਡਾਂ ਦਾ ਝੰਡਾ ਬੁਲੰਦ ਕੀਤਾ ਹੈ।ਅੱਜ ਅਦਾਰਾ ਸੱਚੇ ਪਾਤਸ਼ਾਹ ਪੱਤ੍ਰਿਕਾ ਦਿੱਲੀ ਵੱਲੋਂ ਗਿੱਲ ਦਾ ਸਨਮਾਨ ਹੋ ਰਿਹਾ ਹੈ।ਇਸ ਸਨਮਾਨ ਨਾਲ ਅਦਾਰਾ ਪੱਤ੍ਰਕਾ ਦਾ ਵੀ ਕੱਦਕਾਠ ਹੋਰ ਉੱਚਾ ਹੋਵੇਗਾ।
ਦਲਜੀਤ ਸਿੰਘ ‘ਬੇਦੀ’
ਅੰਮ੍ਰਿਤਸਰ।
ਮੋ- 98148 98570