ਲੋਕਾਂ ਵੱਲੋਂ ਸਰਕਾਰ ਦੇ ਇਸ ਫੈਸਲੇ ਦੀ ਭਰਪੂਰ ਸਰਾਹਨਾ
ਬਟਾਲਾ, 31 ਜੁਲਾਈ (ਬਰਨਾਲ) – ਪੰਜਾਬ ਸਰਕਾਰ ਨੇ ਲੋਕ ਹਿੱਤ ਵਿੱਚ ਫੈਸਲਾ ਲੈਂਦਿਆਂ ਜਾਇਦਾਦ ਮਾਲਕਾਂ ਵੱਲੋਂ ਆਪਣੇ ਜੀਵਤ ਕਾਲ ਸਮੇਂ ਦੌਰਾਨ ਆਪਣੀ ਜਾਇਦਾਦ ਆਪਣੇ ਬੱਚਿਆਂ ਭਾਵ ਪੁੱਤਰ-ਪੁੱਤਰੀਆਂ, ਪੋਤੇ-ਪੋਤਰੀਆਂ, ਦੋਹਤੇ-ਦੋਹਤਰੀਆਂ, ਭੈਣਾਂ ਜਾਂ ਭਰਾਵਾਂ ਦੇ ਨਾਮ ਤਬਦੀਲ ਕਰਨ ‘ਤੇ ਅਸ਼ਟਾਮ ਡਿਊਟੀ ਤੋਂ ਪੂਰੀ ਤਰਾਂ ਛੋਟ ਦੇ ਦਿੱਤੀ ਗਈ ਹੈ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਮਾਲ ਮਹਿਕਮੇ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਅਭਿਨਵ ਤ੍ਰਿਖਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਆਪਣੇ ਖੂਨ ਦੇ ਸਕੇ ਸਬੰਧੀਆਂ ਦੇ ਨਾਮ ਆਪਣੀ ਜਾਇਦਾਦ ਕਰਨ ‘ਤੇ ੫ ਫੀਸਦੀ ਅਸ਼ਟਾਮ ਡਿਊਟੀ ਭਰਨੀ ਪੈਂਦੀ ਸੀ ਅਤੇ ਮਹਿਲਾਵਾਂ ਦੇ ਮਾਮਲੇ ‘ਚ ਇਹ ਅਸ਼ਟਾਮ ਡਿਊਟੀ ੩ ਫੀਸਦੀ ਸੀ। ਉਨ੍ਹਾਂ ਕਿਹਾ ਕਿ ਅਸਟਾਮ ਡਿਊਟੀ ਕਾਰਨ ਕਈ ਲੋਕ ਆਪਣੀ ਜਾਇਦਾਦ ਆਪਣੇ ਖੂਨ ਦੇ ਸਕੇ ਸਬੰਧੀਆਂ ਦੇ ਨਾਮ ਨਹੀਂ ਕਰ ਪਾਉਂਦੇ ਸਨ, ਜਿਸ ਕਾਰਨ ਕਈ ਵਾਰ ਖੂਨ ਦੇ ਰਿਸ਼ਤਿਆਂ ‘ਚ ਦਰਾੜਾਂ ਆ ਜਾਂਦੀਆਂ ਸਨ। ਲੋਕਾਂ ਦੀ ਮੰਗ ਅਤੇ ਸਮਾਜਿਕ ਰੁਝਾਨ ਨੂੰ ਦੇਖਦੇ ਹੋਏ ਸਰਕਾਰ ਨੇ ਖੂਨੀ ਰਿਸ਼ਤਿਆਂ ਦੇ ਮਾਮਲੇ ‘ਚ ਅਸ਼ਟਾਮ ਡਿਊਟੀ ਮੁਆਫ ਕਰਨ ਦਾ ਫੈਸਲਾ ਕੀਤਾ ਹੈ। ਡਾ. ਤ੍ਰਿਖਾ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੰਜਾਬ ਸਰਕਾਰ ਦੀਆਂ ਇਨ੍ਹਾਂ ਹਦਾਇਤਾਂ ਨੂੰ ਇੰਨ-ਬਿੰਨ ਲਾਗੂ ਕੀਤਾ ਗਿਆ ਹੈ ਅਤੇ ਖੂਨ ਦੇ ਰਿਸ਼ਤੇ ਸਬੰਧੀ ਜਾਇਦਾਦ ਤਬਦੀਲ ਕਰਨ ਦੇ ਮਾਮਲੇ ਵਿੱਚ ਅਸ਼ਟਾਮ ਡਿਊਟੀ ਤੋਂ ਪੂਰੀ ਛੋਟ ਦਿੱਤੀ ਜਾ ਰਹੀ ਹੈ।ਓਧਰ ਲੋਕਾਂ ਵੱਲੋਂ ਵੀ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਭਰਪੂਰ ਸਰਾਹਨਾ ਕੀਤੀ ਜਾ ਰਹੀ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਰਾਜ ਸਰਕਾਰ ਦਾ ਅਸ਼ਟਾਮ ਡਿਊਟੀ ਤੋਂ ਛੋਟ ਦਾ ਫੈਸਲਾ ਖੂਨ ਦੇ ਰਿਸ਼ਤਿਆਂ ਦੀਆਂ ਤੰਦਾਂ ਨੂੰ ਹੋਰ ਮਜਬੂਤ ਕਰੇਗਾ। ਪਿੰਡ ਹਰਪੁਰਾ ਦੇ ਵਾਸੀ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਰਾਜ ਸਰਕਾਰ ਦਾ ਇਹ ਫੈਸਲਾ ਸਵਾਗਤਯੋਗ ਹੈ ਅਤੇ ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।