ਅੰਮ੍ਰਿਤਸਰ, 21 ਫ਼ਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆਂ) – ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਸ਼ਤਾਬਦੀ ਨੂੰ ਸਮਰਪਿਤ ਖ਼ਾਲਸਾ ਕਾਲਜ ਕੈਂਪਸ ਵਿਖੇ 20 ਫ਼ਰਵਰੀ ਤੋਂ ਸ਼ੁਰੂ ਕੀਤੇ ਗਏ 5 ਰੋਜ਼ਾ ‘ਆਲ ਇੰਡੀਆ ਗੁਰੂ ਨਾਨਕ ਦੇਵ ਹਾਕੀ ਗੋਲਡ ਕੱਪ-2019’ ਟੂਰਨਾਮੈਂਟ (ਲੜਕੀਆਂ) ਦੇ ਦੂਸਰੇ ਦਿਨ ਖਿਡਾਰਣਾਂ ਨੇ ਹਾਕੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੱਜ ਦੇ ਟੂਰਨਾਮੈਂਟ ’ਚ ਆਰ.ਸੀ.ਐਫ਼ ਕਪੂਰਥਲਾ ਦੀ ਟੀਮ ਨੇ ਓਡੀਸਾ-11 ਤੇ ਸਟੀਲ ਪਲਾਂਟ ਨੂੰ 11-0 ਦੇ ਫ਼ਰਕ ਨਾਲ ਹਰਾਇਆ।
ਬਰਸਾਤ ਕਾਰਨ ਕੁੱਝ ਦੇਰ ਨਾਲ ਕਰਵਾਏ ਟੂਰਨਾਮੈਂਟ `ਚ ਆਰ.ਸੀ.ਐਫ਼ ਕਪੂਰਥਲਾ ਦੀ ਟੀਮ ਨੇ ਸ਼ੁਰੂਆਤ ਤੋਂ ਹੀ ਖੇਡ ਮੈਦਾਨ ’ਚ ਆਪਣਾ ਦਬਦਬਾ ਕਾਇਮ ਰੱਖਦਿਆਂ ਵਿਰੋਧੀ ਟੀਮ ਨੂੰ ਕਰਾਰੀ ਹਾਰ ਦਿੱਤੀ।ਵਿਰੋਧੀ ਟੀਮ ਕੋਈ ਵੀ ਗੋਲ ਨਾ ਕਰ ਸਕੀ। ਇਸੇ ਤਰ੍ਹਾਂ ਆਰ.ਸੀ.ਐਫ਼ ਨੇ ਸਟੀਲ ਪਲਾਂਟ ਭਿਲਾਈ ਦੀ ਟੀਮ ਨੂੰ ਕੋਈ ਗੋਲ ਨਾ ਕਰਨ ਦਿੱਤਾ।ਇਸ ਤੋਂ ਪਹਿਲਾਂ ਖ਼ਾਲਸਾ ਹਾਕੀ ਅਕੈਡਮੀ ਨੇ ਐਨ.ਸੀ.ਆਰ ਬੱਧਖ਼ਾਲਸਾ ਨੂੰ 10-1 ਦੇ ਵੱਡੇ ਫ਼ਰਕ ਨਾਲ ਹਰਾਇਆ, ਇਸੇ ਤਰ੍ਹਾਂ ਚੌਥੇ ਮੈਚ ’ਚ ਹਰਿਅਣਾ-11 ਨੇ ਓਡੀਸਾ ਨੂੰ 7-1 ਨੂੰ ਨਾਲ ਹਰਾਇਆ।
ਖ਼ਾਲਸਾ ਹਾਕੀ ਅਕੈਡਮੀ ਦੀ ਨਵਨੀਤ ਕੌਰ, ਆਰ.ਸੀ.ਐਫ਼ ਦੀ ਨਵਜੋਤ ਕੌਰ ਅਤੇ ਹਰਿਆਣਾ ਦੀ ਮਨੀਸ਼ਾ ਨੂੰ ਪਲੇਅਰ ਆਫ਼ ਦਾ ਮੈਚ ਦੇ ਖਿਤਾਬ ਨਾਲ ਨਿਵਾਜਿਆ ਗਿਆ।ਭਾਰਤ ਦੀ ਪ੍ਰਮੁੱਖ ਤੇਲ ਕੰਪਨੀ ‘ਆਇਲ ਐਂਡ ਨੈਚੂਰਲ ਗੈਸ ਕਾਰਪੋਰੇਸ਼ਨ (ਓ.ਐਨ.ਜੀ.ਸੀ) ਵਲੋਂ ਸਪਾਂਸਨਰ ਅਤੇ ਖ਼ਾਲਸਾ ਚੈਰੀਟੇਬਲ ਸੋਸਾਇਟੀ ਅਧੀਨ ਚੱਲ ਰਹੀ ਖ਼ਾਲਸਾ ਹਾਕੀ ਅਕਾਡਮੀ ਵੱਲੋਂ ਇਹ ਟੂਰਨਾਮੈਂਟ 24 ਫ਼ਰਵਰੀ ਤੱਕ ਚੱਲੇਗਾ ਅਤੇ ਇਸ ’ਚ 8 ਦੇਸ਼ ਦੀਆਂ ਨਾਮੀ ਟੀਮਾਂ ਹਿੱਸਾ ਲੈ ਰਹੀਆਂ ਹਨ।ਬੀਤੇ ਦਿਨੀਂ ਇਸ ਮੈਚ ਦਾ ਉਦਘਾਟਨ ਸੋਸਾਇਟੀ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਕੀਤਾ ਗਿਆ।
ਇਸ ਮੌਕੇ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਹੋਣ ਵਾਲੇ 4 ਮੈਚ ਸਟੀਲ ਪਲਾਂਟ ਅਤੇ ਐਨ.ਸੀ.ਆਰ ਹਾਕੀ ਸੋਸਾਇਟੀ ਬੱਧਖ਼ਾਲਸਾ, ਦੂਸਰਾ ਹਰਿਆਣਾ-11 ਅਤੇ ਐਨ. ਐਚ. ਅਕੈਡਮੀ, ਤੀਸਰਾ ਖ਼ਾਲਸਾ ਹਾਕੀ ਅਕੈਡਮੀ ਅਤੇ ਆਰ.ਸੀ.ਐਫ਼ ਅਕੈਡਮੀ ਅਤੇ ਚੌਥਾ ਐਮ.ਪੀ ਅਤੇ ਓਡੀਸਾ ਦਰਮਿਆਨ ਖੇਡੇ ਜਾਣਗੇ।