Friday, September 20, 2024

ਅਨਾਜ ਵੰਡ ਵਿੱਚ ਹੇਰਾਫੇਰੀ ਲਈ ਫੂਡ ਸਪਲਾਈ ਵਿਭਾਗ ਦੇ 4 ਮੁਲਾਜ਼ਮ ਮੁਅੱਤਲ

ਫੂਡ ਸਪਲਾਈ ਵਿਭਾਗ `ਚ ਭ੍ਰਿਸ਼ਟ ਗਤੀਵਿਧੀਆਂ ਲਈ ਕੋਈ ਮੁਆਫ਼ੀ ਨਹੀਂ – ਆਸ਼ੂ
ਚੰਡੀਗੜ੍ਹ 18 ਜੁਲਾਈ (ਪੰਜਾਬ ਪੋਸਟ ਬਿਊਰੋ) – ਫੂਡ ਸਪਲਾਈ ਵਿਭਾਗ ਦੇ ਸਹਾਇਕ ਖੁਰਾਕ ਸਪਲਾਈ ਅਧਿਕਾਰੀ ਅਤੇ ਤਿੰਨ ਇੰਸਪੈਕਟਰਾਂ ਨੂੰ ਤੁਰੰਤ ਮੁਅੱਤਲ Wheatਕਰਨ ਦੇ ਹੁਕਮ ਦਿੰਦਿਆਂ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਵਿਭਾਗ ਵਿੱਚ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਹੈ।
           ਉਹਨਾਂ ਕਿਹਾ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਆਰਥਿਕ ਤੌਰ `ਤੇ ਕਮਜ਼ੋਰ ਪਰਿਵਾਰਾਂ ਨੂੰ ਅਨਾਜ ਦੀ ਵੰਡ ਕਰਦਾ ਹੈ। ਗਰੀਬਾਂ ਨੂੰ ਵਿਤਰਿਤ ਕੀਤੇ ਜਾਣ ਵਾਲੇ ਅਨਾਜ ਵਿੱਚ ਕਿਸੇ ਵੀ ਕਿਸਮ ਦੀ ਚੋਰੀ ਜਾਂ ਹੇਰਾ-ਫੇਰੀ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾਵੇਗਾ।ਉਨਾਂ ਕਿਹਾ ਕਿ ਅਜਿਹਾ ਕਾਰਾ ਸਿਰਫ਼ ਡਿਊਟੀ ਵਿੱਚ ਕੁਤਾਹੀ ਨਹੀਂ, ਸਗੋਂ ਘੋਰ ਅਨੈਤਿਕਤਾ ਹੈ।
           ਆਸ਼ੂ ਨੇ ਦੱਸਿਆ ਕਿ ਗੁਰਦਾਸਪੁਰ ਵਿਖੇ ਤਾਇਨਾਤ ਸੁਮਿਤ ਕੁਮਾਰ, ਹੁਸ਼ਿਆਰਪੁਰ `ਚ ਜਗਤਾਰ ਸਿੰਘ, ਲੁਧਿਆਣਾ `ਚ ਖੁਰਾਕ ਤੇ ਸਿਵਲ ਸਪਲਾਈ ਇੰਸਪੈਕਟਰ ਵਜੋਂ ਤਾਇਨਾਤ ਖੁਸ਼ਵੰਤ ਸਿੰਘ ਅਤੇ ਲੁਧਿਆਣਾ ਦੇ ਸਹਾਇਕ ਖੁਰਾਕ ਸਪਲਾਈ ਅਧਿਕਾਰੀ (ਏ.ਐਫ.ਐਸ.ਓ) ਜਸਵਿੰਦਰ ਸਿੰਘ ਨੂੰ ਅਨਾਜ ਦੀ ਵੰਡ ਵਿੱਚ ਵੱਡੀ ਹੇਰਾ-ਫੇਰੀ ਪਾਏ ਜਾਣ `ਤੇ ਮੁਅੱਤਲ ਕੀਤਾ ਗਿਆ ਹੈ।
            ਸਿਸਟਮ ਵਿੱਚ ਵਧੇਰੇ ਨਿਰਪੱਖਤਾ ਲਿਆਉਣ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੰਦਿਆਂ, ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਜਨਤਕ ਵੰਡ ਆਪਰੇਸ਼ਨਾਂ ਦੀ ਪੂਰੀ ਤਰਾਂ ਕੰਪਿਊਟਰਾਈਜੇਸ਼ਨ ਕਰਨ ਦੇ ਨਾਲ ਰੀਅਲ ਟਾਈਮ ਰਮੋਨੀਟਰਿੰਗ ਸਿਸਟਮ ਦੀ ਸਹੂਲਤ ਦਿੱਤੀ ਗਈ ਹੈ ਜਿਸ ਨੂੰ ਵਿਭਾਗ ਦੇ ਪੋਰਟਲ `ਤੇ ਵਾਚਿਆ ਜਾ ਸਕਦਾ ਹੈ।ਇਸ ਤੋਂ ਇਲਾਵਾ ਇਲੈਕਟ੍ਰਾਨਿਕ ਪੁਆਇੰਟ ਆਫ਼ ਸੇਲ (ਈ-ਪੀ.ਓ.ਐਸ) ਉਪਕਰਣਾਂ ਜ਼ਰੀਏ ਅਨਾਜ ਦੀ ਵੰਡ ਕੀਤੀ ਜਾਂਦੀ ਹੈ ਜਿਨਾਂ ਨਾਲ ਲਾਭਪਾਤਰੀਆਂ ਦੀ ਪਹਿਚਾਣ ਬਾਇਓਮੈਟਰਿਕ ਅਤੇ ਆਇਰਿਸ ਸਕੈਨਰਜ਼ ਨਾਲ ਕੀਤੀ ਜਾਂਦੀ ਹੈ।ਅਸਲ ਲਾਭਪਾਤਰੀਆਂ ਨੂੰ ਲਾਭ ਮਿਲਣਾ ਯਕੀਨੀ ਬਣਾਉਣ ਲਈ ਇਸ ਸਾਰੇ ਡਾਟਾਬੇਸ ਨੂੰ ਆਧਾਰ ਨੰਬਰਾਂ ਨਾਲ ਜੋੜਿਆ ਗਿਆ ਹੈ।ਇਸ ਦੇ ਨਾਲ ਉਨਾਂ ਦੱ੍ਯਸਿਆ ਕਿ ਰਾਸ਼ਨ ਡੀਪੂਆਂ (ਐਫ.ਪੀ.ਐਸ) `ਤੇ  ਕਣਕ ਦੀ ਵੰਡ 30 ਕਿਲੋਗ੍ਰਾਮ ਦੀਆਂ ਸਟੈਂਡਰਡ/ਸੀਲ ਬੰਦ ਬੋਰੀਆਂ ਵਿੱਚ ਕੀਤੀ ਜਾਂਦੀ ਹੈ ਅਤੇ ਇਹ ਦੁਕਾਨਾਂ ਹੁਣ ਇਲੈਕਟ੍ਰਾਨਿਕ ਭਾਰ ਤੋਲ ਮਸ਼ੀਨਾਂ ਨਾਲ ਲੈਸ ਹਨ।ਇਸ ਦੇ ਨਾਲ ਹੀ ਅਨਾਜ ਦੀ ਵੰਡ ਸਰਕਾਰੀ ਅਧਿਕਾਰੀ ਅਤੇ ਸਥਾਨਕ ਨਿਗਰਾਨ ਕਮੇਟੀਆਂ ਦੀ ਮੌਜੂਦਗੀ ਵਿੱਚ ਕੀਤੀ ਜਾਂਦੀ ਹੈ।ਸ਼ੋਸ਼ਲ ਆਡਿਟ ਦੇ ਮੰਤਵ ਅਤੇ ਲਾਭਪਾਤਰੀਆਂ ਨੂੰ ਢੁੱਕਵੇਂ ਅਨਾਜ ਦੀ ਵੰਡ ਯਕੀਨੀ ਬਣਾਉਣ ਲਈ ਸਰਕਾਰ ਵਲੋਂ ਰਾਸ਼ਨ ਡੀਪੂ/ਪਿੰਡ, ਬਲਾਕ ਅਤੇ ਜ਼ਿਲਾ ਪੱਧਰ `ਤੇ ਨਿਗਰਾਨ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ ਅਤੇ ਨਾਲ ਹੀ ਸ਼ਿਕਾਇਤ ਨਿਵਾਰਨ ਪ੍ਰਣਾਲੀ ਦੀ ਸਹੂਲਤ ਵੀ ਦਿੱਤੀ ਗਈ ਹੈ।
            ਉਨਾਂ ਕਿਹਾ ਕਿ ਅਜਿਹੀ ਪਾਰਦਰਸ਼ੀ ਜਨਤਕ ਵੰਡ ਪ੍ਰਣਾਲੀ ਸਰਕਾਰ ਦੇ ਸਿਸਟਮ ਵਿੱਚ ਨਿਰਪੱਖਤਾ ਲਿਆਉਣ ਦੇ ਇਰਾਦੇ ਨੂੰ ਦਰਸਾਉਂਦੀ ਹੈ ਅਤੇ ਇਸ ਨਾਲ ਦੋਸ਼ੀਆਂ `ਤੇ ਨਕੇਲ ਕਸਣ ਵਿੱਚ ਮਦਦ ਮਿਲੀ ਹੈ। ਉਹਨਾਂ ਕਿਹਾ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਜਨਤਕ ਵੰਡ ਪ੍ਰਣਾਲੀ ਤਹਿਤ ਵੰਡੇ ਜਾਂਦੇ ਅਨਾਜ ਦੀ `ਉਚਿਤ ਮਿਕਦਾਰ ਅਤੇ ਮਿਆਰ` ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਇਸ ਮਾਮਲੇ ਵਿੱਚ ਕਿਸੇ ਵੀ ਤਰਾਂ ਦੀ ਉਲੰਘਣਾ ਜਾਂ ਲਾਪਰਵਾਹੀ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
 

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply