ਸਭ ਨੂੰ ਜੀਵਨ ਦਾਨ ਬਖਸ਼ਦੇ ਸਭ ਦੀ ਹੀ ਜ਼ਿੰਦ ਜਾਨ
ਰੁੱਖ ਤਾਂ ਪਹਿਰੇਦਾਰ ਨੇ ਸਾਡੇ ਰੁੱਖ ਬੜੇ ਬਲਵਾਨ।
ਆਪਣੇ ਹੀ ਸਿਰ ਮੱਥੇ ਝੱਲਣ ਝੱਖੜ ਮੀਂਹ ਹਨੇਰੀ
ਮਸਤੀ ਦੇ ਵਿੱਚ ਮਸਤ ਹੋ ਜਾਂਦੇ ਲਾਉਣ ਰਤਾ ਨਾ ਦੇਰੀ
ਪ੍ਰਕਿਰਤੀ ਦੀ ਰੱਖਿਆ ਕਰਦੇ ਆਉਂਦੇ ਜਦੋਂ ਤੂਫਾਨ
ਰੁੱਖ ਤਾਂ ਪਹਿਰੇਦਾਰ ਨੇ ਸਾਡੇ ਰੁੱਖ ਬੜੇ ਬਲਵਾਨ।
ਖੁਸ਼ੀ ਗਮੀ ਦੇ ਮੌਕੇ ਦੁੱਖ ਸੁੱਖ ਸਭ ਦੇ ਨਾਲ ਵੰਡਾਉਦੇ
ਰੁੱਖ ਸਾਡੇ ਮਿੱਤਰ ਦੋਸਤ ਸਭ ਦੇ ਹੀ ਕੰਮ ਆਉਂਦੇ
ਇਸੇ ਲਈ ਤਾਂ ਹੈ ਰੁੱਖਾਂ ਦੀ ਉੱਚੀ ਸ਼ਾਨ
ਰੁੱਖ ਤਾਂ ਪਹਿਰੇਦਾਰ ਨੇ ਸਾਡੇ ਰੁੱਖ ਬੜੇ ਬਲਵਾਨ।
ਆਵੋ ਸਾਰੇ ਰਲ਼ ਕੇ ਕਰੀਏ ਰੁੱਖਾਂ ਦੀ ਰਖਵਾਲੀ
ਰੁੱਖਾਂ ਵਰਗੀ ਛਾਂ ਕਿਤੋਂ ਵੀ ਹੋਰ ਮਿਲੇ ਨਾ ਭਾਲੀ
ਆਨੰਦ ਮਾਣ ਕੇ ਹਰ ਕੋਈ ਆਖੇ ਮੌਸਮ ਹੈ ਬੇਈਮਾਨ
ਰੁੱਖ ਤਾਂ ਪਹਿਰੇਦਾਰ ਨੇ ਸਾਡੇ ਰੁੱਖ ਬੜੇ ਬਲਵਾਨ।
ਹਰ ਜੀਵ ਲਈ ਬਣ ਕੇ ਰਹਿੰਦੇ ਸਦਾ ਹੀ ਰੁੱਖ ਸਹਾਰਾ
`ਭੈਣੀ ਵਾਲਿਆ` ਕੁਦਰਤ ਦਾ ਇਹ ਕੈਸਾ ਖੇਲ ਨਿਆਰਾ
ਜੋ ਰੁੱਖਾਂ ਦੀ ਰੱਖਿਆ ਕਰਦੇ ਉਹ ਚੰਗੇ ਇਨਸਾਨ
ਰੁੱਖ ਤਾਂ ਪਹਿਰੇਦਾਰ ਨੇ ਸਾਡੇ ਰੁੱਖ ਬੜੇ ਬਲਵਾਨ।
ਹਰਬੰਸ ਸਿੰਘ ਰਾਏ
ਭੈਣੀ ਸਾਹਿਬ।
ਮੋ – 75080 47407