ਪਿੰਡ ਦੀ ਸੱਥ ਵਿੱਚ ਪੰਚਾਇਤ ਇਕੱਠੀ ਹੋਈ।ਸਰਬਸੰਮਤੀ ਨਾਲ ਮਤਾ ਪਾਸ ਹੋਇਆ ਕਿ ਪਿੰਡ ਦੇ ਵਿਚੋਂ ਨਸ਼ਿਆਂ ਦਾ ਬਿਲਕੁੱਲ ਸਫ਼ਾਇਆ ਕਰਨਾ ਹੈ।ਗੁਰਮੀਤ ਸਿੰਘ ਨੂੰ ਸਾਰੇ ਪਿੰਡ ਦੇ ਨਸ਼ੱਈ ਮੁੰਡਿਆਂ ਦੀ ਲਿਸਟ ਬਣਾਉਣ ਦੀ ਡਿਊਟੀ ਦਿੱਤੀ ਗਈ।ਕੋਈ ਵੀਹ ਕੁ ਜਾਣਿਆਂ ਦੀ ਸੂਚੀ ਬਣਾ ਕੇ ਗੁਰਮੀਤ ਨੇ ਸਰਪੰਚ ਨੂੰ ਦੇ ਦਿੱਤੀ।ਜਿਸ ਨੂੰ ਕਿ ਪਹਿਲਾਂ ਹੀ “ਨਸ਼ਾ ਛੁਡਾਊ ਸੰਮਤੀ” ਦਾ ਪ੍ਰਧਾਨ ਨਿਯੁੱਕਤ ਕਰ ਦਿੱਤਾ ਗਿਆ ਸੀ।
ਸਮਾਂ ਨਿਸ਼ਚਿਤ ਕਰ ਨਸ਼ਾ ਛੁਡਾਊ ਕੇਂਦਰ ਵਿੱਚ ਸਾਰੇ ਹੀ ਮੁੰਡਿਆਂ ਨੂੰ ਭਰਤੀ ਕਰਵਾ ਦਿੱਤਾ ਗਿਆ।ਸਾਰਾ ਪਿੰਡ ਸਰਪੰਚ ਦੇ ਇਸ ਕਾਰਜ਼ ਤੋਂ ਬਹੁਤ ਖੁਸ਼ ਸਨ।ਹੌਲੀ ਹੌਲੀ ਬਹੁਤ ਸਾਰੇ ਮੁੰਡਿਆਂ ਨੇ ਨਸ਼ਿਆਂ ਦੀ ਨਾਮੁਰਾਦ ਬੀਮਾਰੀ ਤੋਂ ਨਿਜ਼ਾਤ ਪਾ ਲਈ।ਪਰ ਕੁੱਝ ਕੁ ਦੋਸਤ ਹਾਲੇ ਵੀ ਸੈਂਟਰ ਵਿੱਚ ਦਾਖਲ ਸਨ।ਕੁੱਝ ਕੁ ਦਿਨਾਂ ਬਾਅਦ ਜਦ ਸਰਪੰਚ/ਪ੍ਰਧਾਨ ਜੀ ਮੁੰਡਿਆਂ ਦਾ ਹਾਲ ਚਾਲ ਜਾਨਣ ਲਈ ਸੈਂਟਰ ਪਹੁੰਚਿਆ ਤਾਂ ਗੋਪੀ ਕੇ ਲਾਣੇ ਚੋਂ ਗੇਲੀ ਨੇ ਦੱਬਵੀਂ ਜਿਹੀ ਆਵਾਜ਼ ‘ਚ ਪ੍ਰਧਾਨ ਜੀ ਨੂੰ ਕਹਿ ਹੀ ਦਿੱਤਾ ਕਿ ਪ੍ਰਧਾਨ ਜੀ ਤੁਸੀਂ ਬਹੁਤ ਪਰਉਪਕਾਰੀ ਕਾਰਜ਼ ਕੀਤਾ ਹੈ, ਕਿਉਂਕਿ ਪਹਿਲਾਂ ਸਰਪੰਚੀ ਦੀ ਚੋਣ ਵਿੱਚ ਆਪ ਨੇ ਹੀ ਸਾਨੂੰ ਇਸ ਚਾਟ ਤੇ ਲਾਇਆ ਤੇ ਹੁਣ ਆਪ ਹੀ ਨਸ਼ਾ ਛੁਡਾਊ ਕਮੇਟੀ ਬਣਾ ਕੇ ਓਹਦੇ ਪ੍ਰਧਾਨ ਬਣ ਕੇ ਸਾਨੂੰ ਨਸ਼ਿਆਂ ਦੇ ਪ੍ਰਕੋਪ ਚੋਂ ਬਚਾਅ ਰਹੇ ਹੋਂ? ਇਹ ਸਭ ਆਪ ਦੀ ਹੀ ਦੇਣ ਹੈ ਸਰਪੰਚ ਸਾਹਿਬ ਜੀ।
ਸਰਪੰਚ ਸਾਹਿਬ ਜਿਵੇਂ ਨਿਰਉਤਰ ਹੋ ਗਏ ਸਨ, ਉਨ੍ਹਾਂ ਕੋਲ ਗੇਲੀ ਦੀ ਇਸ ਸਮੇਂ ਕਹੀ ਸੱਚੀ ਗੱਲ ਦਾ ਕੋਈ ਜਵਾਬ ਨਹੀਂ ਸੀ।
ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋ – 9569149556